USA ਦੀ ਇਮੀਗ੍ਰੇਸ਼ਨ ਹਿਰਾਸਤ ''ਚ ਕੈਨੇਡੀਅਨ ਵਿਅਕਤੀ ਦੀ ਮੌਤ

08/08/2020 1:48:50 PM

ਓਟਾਵਾ— ਸੰਯੁਕਤ ਰਾਜ ਅਮਰੀਕਾ ਦੇ ਇਮੀਗ੍ਰੇਸ਼ਨ ਨਜ਼ਰਬੰਦੀ ਕੇਂਦਰ 'ਚ ਮਹੀਨੇ ਬਿਤਾਉਣ ਪਿੱਛੋਂ ਬੁੱਧਵਾਰ ਰਾਤ ਨੂੰ ਇਕ ਕੈਨੇਡੀਅਨ ਵਿਅਕਤੀ ਦੀ ਮੌਤ ਹੋ ਗਈ। ਇਹ ਉਹ ਕੇਂਦਰ ਹੈ ਜਿੱਥੇ ਵੱਡੀ ਗਿਣਤੀ 'ਚ ਕੋਵਿਡ-19 ਮਾਮਲੇ ਸਾਹਮਣੇ ਆਏ ਹਨ।

ਜੇਮਸ ਥਾਮਸ ਹਿੱਲ 72 ਸਾਲ ਦੇ ਸਨ, ਜੋ ਜੁਲਾਈ 'ਚ ਕੋਰੋਨਾ ਵਾਇਰਸ ਪਾਜ਼ੀਟਿਵ ਪਾਏ ਗਏ ਸਨ। ਸਯੁੰਕਤ ਰਾਜ ਦੇ ਇਮੀਗ੍ਰੇਸ਼ਨ ਤੇ ਕਸਟਮਜ਼ ਇਨਫੋਰਸਮੈਂਟ (ਆਈ. ਸੀ. ਈ.) ਦੇ ਇਕ ਪ੍ਰੈਸ ਬਿਆਨ 'ਚ ਕਿਹਾ ਗਿਆ ਹੈ ਕਿ ਉੱਤਰੀ ਕੈਰੋਲੀਨਾ 'ਚ ਇਕ ਸੁਧਾਰਾਤਮਕ ਸੰਸਥਾ ਤੋਂ ਰਿਹਾਅ ਹੋਣ ਤੋਂ ਬਾਅਦ ਹਿੱਲ ਨੂੰ 'ਲਾਜ਼ਮੀ ਨਜ਼ਰਬੰਦ' ਕੀਤਾ ਗਿਆ ਸੀ। ਹਿੱਲ ਨੂੰ 15 ਅਪ੍ਰੈਲ ਨੂੰ ਇਮੀਗ੍ਰੇਸ਼ਨ ਨਜ਼ਰਬੰਦੀ ਕੇਂਦਰ 'ਚ ਲਿਆਂਦਾ ਗਿਆ ਸੀ, ਅਤੇ ਜੱਜ ਨੂੰ ਉਸ 12 ਮਈ ਨੂੰ ਯੂ. ਐੱਸ. ਤੋਂ ਬਾਹਰ ਕੱਢਣ ਦਾ ਹੁਕਮ ਦਿੱਤਾ ਸੀ। ਹਾਲਾਂਕਿ, ਕੋਵਿਡ-19 ਕਾਰਨ ਹਾਲਾਤ ਖਰਾਬ ਹੋ ਗਏ।

ਸੀ. ਐੱਨ. ਐੱਨ. ਦੀ 23 ਜੁਲਾਈ ਦੀ ਰਿਪੋਰਟ ਮੁਤਾਬਕ, ਇਮੀਗ੍ਰੇਸ਼ਨ ਕੇਂਦਰ 'ਚ ਹਿਰਾਸਤ 'ਚ ਰੱਖੇ ਗਏ ਲਗਭਗ 75 ਫੀਸਦੀ ਵਾਇਰਸ ਨਾਲ ਸੰਕ੍ਰਮਿਤ ਸਨ। ਇਮੀਗ੍ਰੇਸ਼ਨ ਤੇ ਕਸਟਮਜ਼ ਇਨਫੋਰਸਮੈਂਟ ਮੁਤਾਬਕ, ਵਰਜੀਨੀਆ 'ਚ ਫਾਰਮਵਿਲ ਨਜ਼ਰਬੰਦੀ ਕੇਂਦਰ 'ਚ 10 ਜੁਲਾਈ ਨੂੰ ਹਿੱਲ ਨੂੰ ਸਾਹ ਦੀ ਸਮੱਸਿਆ ਹੋਣ 'ਤੇ ਉਸ ਨੂੰ ਹਸਪਤਾਲ 'ਚ ਦਾਖ਼ਲ ਕਰਾਇਆ ਗਿਆ ਸੀ ਅਤੇ 11 ਜੁਲਾਈ ਨੂੰ ਉਸ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ। ਪਿਛਲੇ ਬੁੱਧਵਾਰ ਰਾਤ ਨੂੰ ਹਸਪਤਾਲ ਨੇ ਹਿੱਲ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ।


Sanjeev

Content Editor

Related News