ਕੈਲਗਰੀ ਸਕੂਲ ਦੇ ਇਕ ਵਿਦਿਆਰਥੀ ਨੂੰ ਹੋਇਆ ਕੋਰੋਨਾ, ਮਚੀ ਭਾਜੜ

07/29/2020 2:21:30 PM

ਕੈਲਗਰੀ— ਸੇਂਟ ਫ੍ਰਾਂਸਿਸ ਸਕੂਲ 'ਚ ਗਰਮੀਆਂ ਦੀਆਂ ਕਲਾਸਾਂ 'ਚ ਪੜ੍ਹਨ ਵਾਲੇ ਕੈਲਗਰੀ ਕੈਥੋਲਿਕ ਸਕੂਲ ਡਿਸਟ੍ਰਿਕਟ (ਸੀ. ਸੀ. ਐੱਸ. ਡੀ.) ਦੇ ਇਕ ਵਿਦਿਆਰਥੀ ਦੀ ਰਿਪੋਰਟ ਕੋਵਿਡ-19 ਪਾਜ਼ੀਟਿਵ ਆਈ ਹੈ। ਇਸ ਦੇ ਨਤੀਜੇ ਵਜੋਂ ਵਿਦਿਆਰਥੀਆਂ, ਅਧਿਆਪਕਾਂ ਅਤੇ ਉਸ ਦੇ ਜਮਾਤੀਆਂ ਨੂੰ 14 ਦਿਨਾਂ ਲਈ ਅਲੱਗ ਰੱਖਣ ਦੀ ਹਿਦਾਇਤ ਦਿੱਤੀ ਗਈ ਹੈ। ਸੀ. ਸੀ. ਐੱਸ. ਡੀ. ਨੇ ਇਸ ਦੀ ਪੁਸ਼ਟੀ ਕੀਤੀ ਅਤੇ ਨਾਲ ਹੀ ਕਿਹਾ ਕਿ ਸਕੂਲ ਖੁੱਲ੍ਹਾ ਰਹੇਗਾ।

ਵਿਦਿਆਰਥੀ ਦੀ ਉਮਰ ਤੇ ਲਿੰਗ ਦੀ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਹੈ। ਸੀ. ਸੀ. ਐੱਸ. ਡੀ. ਨੇ ਕਿਹਾ, ''ਅਲਬਰਟਾ ਸਿਹਤ ਸੇਵਾਵਾਂ (ਏ. ਐੱਚ. ਐੱਸ.) ਦੀਆਂ ਹਿਦਾਇਤਾਂ ਦੀ ਪਾਲਣਾ ਕੀਤੀ ਜਾ ਰਹੀ ਹੈ ਅਤੇ ਸਿਹਤ ਅਧਿਕਾਰੀਆਂ ਨਾਲ ਮਿਲ ਕੇ ਇਹ ਜਾਂਚ ਕੀਤੀ ਜਾ ਰਹੀ ਹੈ ਕਿ ਵਿਦਿਆਰਥੀ ਨੂੰ ਸੰਕਰਮਣ ਕਿੱਥੋਂ ਹੋਇਆ ਅਤੇ ਉਹ ਕਿਸੇ ਦੇ ਸੰਪਰਕ 'ਚ ਸੀ। ਸਕੂਲ ਦੀ ਚੰਗੀ ਤਰ੍ਹਾਂ ਸਾਫ-ਸਫਾਈ ਕਰ ਰਹੇ ਹਾਂ ਅਤੇ ਗਰਮੀਆਂ ਦੇ ਰਹਿੰਦੇ ਸੈਸ਼ਨ ਤੱਕ ਖੁੱਲ੍ਹਾ ਰੱਖਾਂਗੇ।''

ਗੌਰਤਲਬ ਹੈ ਕਿ ਇਸ ਮਹੀਨੇ ਦੇ ਸ਼ੁਰੂ 'ਚ ਦੋ ਸੀ. ਸੀ. ਐੱਸ. ਡੀ. ਹਾਈ ਸਕੂਲਾਂ 'ਚ ਗਰਮੀ ਦੀਆਂ ਕਲਾਸਾਂ ਦੁਬਾਰਾ ਸ਼ੁਰੂ ਹੋਈਆਂ ਹਨ। 200 ਵਿਦਿਆਰਥੀ ਸੇਂਟ ਫ੍ਰਾਂਸਿਸ ਸਕੂਲ 'ਚ ਪੜ੍ਹ ਰਹੇ ਸਨ ਅਤੇ ਬਿਸ਼ਪ ਓਬਾਇਰਨ ਸੀਨੀਅਰ ਹਾਈ ਸਕੂਲ 'ਚ 150 ਵਿਦਿਆਰਥੀ ਪੜ੍ਹ ਰਹੇ ਸਨ। ਕਲਾਸਾਂ ਵੱਧ ਤੋਂ ਵੱਧ 15 ਵਿਦਿਆਰਥੀ ਬਿਠਾ ਕੇ ਲਗਾਈਆਂ ਜਾਂਦੀਆਂ ਹਨ ਅਤੇ ਡੈਸਕ ਘੱਟੋ-ਘੱਟ ਦੋ ਮੀਟਰ ਦੀ ਦੂਰੀ 'ਤੇ ਲਗਾਏ ਗਏ ਹਨ। ਇਸ ਦੇ ਨਾਲ ਹੀ ਵਿਦਿਆਰਥੀਆਂ ਤੇ ਸਟਾਫ ਦੀ ਸਕੂਲ 'ਚ ਦਾਖ਼ਲ ਹੋਣ ਤੋਂ ਪਹਿਲਾਂ ਰੋਜ਼ਾਨਾ ਸਿਹਤ ਜਾਂਚ ਹੁੰਦੀ ਹੈ।


Sanjeev

Content Editor

Related News