ਬ੍ਰਿਟਿਸ਼ ਕੋਲੰਬੀਆ 'ਚ ਬੀਤੇ 24 ਘੰਟੇ 'ਚ 270 ਤੋਂ ਵੱਧ ਮਾਮਲੇ ਹੋਏ ਦਰਜ

10/23/2020 3:12:07 PM

ਟੋਰਾਂਟੋ— ਪਿਛਲੇ ਚਾਰ ਦਿਨਾਂ ਤੋਂ 22 ਅਕਤੂਬਰ ਤੱਕ ਬ੍ਰਿਟਿਸ਼ ਕੋਲੰਬੀਆ 'ਚ ਕੋਰੋਨਾ ਵਾਇਰਸ ਦੇ ਮਾਮਲਿਆਂ 'ਚ ਲਗਾਤਾਰ ਵੱਡਾ ਵਾਧਾ ਦੇਖਣ ਨੂੰ ਮਿਲਿਆ ਹੈ। 24 ਘੰਟਿਆਂ 'ਚ ਬੀ. ਸੀ. 'ਚ 274 ਨਵੇਂ ਮਾਮਲੇ ਦਰਜ ਹੋਏ ਹਨ। ਸੂਬੇ ਦੀ ਸਿਹਤ ਅਧਿਕਾਰੀ ਬੋਨੀ ਹੈਨਰੀ ਨੇ ਇਹ ਜਾਣਕਾਰੀ ਦਿੱਤੀ।

ਪਿਛਲੇ ਛੇ ਦਿਨਾਂ 'ਚ ਇਹ ਲਗਾਤਾਰ ਚੌਥਾ ਦਿਨ ਰਿਹਾ, ਜਦੋਂ ਸੂਬੇ 'ਚ ਰਿਕਾਰਡ ਨੰਬਰ ਮਾਮਲੇ ਦਰਜ ਹੋਏ ਹਨ। ਇਸ ਮਹੀਨੇ ਰੋਜ਼ਾਨਾ ਔਸਤ 145 ਮਾਮਲੇ ਦਰਜ ਹੋਏ ਹਨ।

ਬੀਤੇ 24 ਘੰਟਿਆਂ 'ਚ ਸਾਹਮਣੇ ਆਏ ਮਾਮਲਿਆਂ 'ਚੋਂ 208 ਫਰੇਜ਼ਰ ਹੈਲਥ ਰੀਜ਼ਨ ਨਾਲ ਸਬੰਧਤ ਹਨ। ਸਮਾਰੋਹਾਂ 'ਚ ਹੋਏ ਵੱਡੇ ਇੱਕਠ ਨਾਲ ਮਾਮਲੇ ਜ਼ਿਆਦਾ ਵਧੇ ਹਨ। ਡਾ. ਹੈਨਰੀ ਨੇ ਕਿਹਾ ਕਿ ਕੁਝ ਨਵੇਂ ਮਾਮਲੇ ਥੈਂਕਸਗਿਵਿੰਗ ਇਕੱਠਾਂ, ਵਿਆਹਾਂ, ਸਮਾਜਿਕ ਸਮਾਰੋਹਾਂ ਅਤੇ ਕੰਮਕਾਜੀ ਥਾਵਾਂ ਨਾਲ ਸਬੰਧਤ ਹਨ।

ਪਿਛਲੇ 24 ਘੰਟਿਆਂ ਦੌਰਾਨ ਸੂਬੇ 'ਚ 10,398 ਟੈਸਟ ਕੀਤੇ ਗਏ ਸਨ। ਸੂਬੇ 'ਚ ਪਾਜ਼ੀਟਿਵ ਦਰ 2.63 ਫੀਸਦੀ ਦਰਜ ਕੀਤੀ ਗਈ, ਜੋ ਕਿ ਪਿਛਲੇ ਕੁਝ ਹਫਤਿਆਂ ਨਾਲੋਂ ਕਾਫ਼ੀ ਜ਼ਿਆਦਾ ਹੈ। ਹਾਲਾਂਕਿ, 20 ਅਕਤੂਬਰ ਨੂੰ ਦਰਜ ਹੋਈ ਰਿਕਾਰਡ 3.14 ਫੀਸਦੀ ਦੇ ਮੁਕਾਬਲੇ ਇਹ ਘੱਟ ਰਹੀ। ਇਨ੍ਹਾਂ ਸਭ ਵਿਚਕਾਰ ਰਾਹਤ ਵਾਲੀ ਗੱਲ ਇਹ ਹੈ ਕਿ ਪਿਛਲੇ ਦਿਨ ਸੂਬੇ 'ਚ ਕੋਈ ਨਵੀਂ ਮੌਤ ਨਹੀਂ ਹੋਈ। ਸੂਬੇ 'ਚ ਮ੍ਰਿਤਕਾਂ ਦੀ ਗਿਣਤੀ 256 'ਤੇ ਸਥਿਰ ਰਹੀ।


Sanjeev

Content Editor

Related News