ਜ਼ੋਮੈਟੋ ਨੂੰ ਝਟਕਾ, ਮਿਲਿਆ 9.45 ਕਰੋੜ ਰੁਪਏ ਦਾ ਨੋਟਿਸ
Monday, Jul 01, 2024 - 11:32 AM (IST)
ਨਵੀਂ ਦਿੱਲੀ (ਇੰਟ.) - ਆਨਲਾਈਨ ਫੂਡ ਡਲਿਵਰ ਕਰਨ ਵਾਲੀ ਕੰਪਨੀ ਜ਼ੋਮੈਟੋ ਲਿਮਟਿਡ ਨੂੰ ਝਟਕਾ ਲੱਗਾ ਹੈ। ਦਰਅਸਲ ਕੰਪਨੀ ਨੂੰ ਕਰਨਾਟਕ ਦੇ ਵਪਾਰਕ ਟੈਕਸ (ਆਡਿਟ) ਦੇ ਸਹਾਇਕ ਕਮਿਸ਼ਨਰ ਕੋਲੋਂ 9.45 ਕਰੋੜ ਰੁਪਏ ਦਾ ਗੁੱਡਸ ਐਂਡ ਸਰਵਿਸਿਜ਼ ਟੈਕਸ (ਜੀ. ਐੱਸ. ਟੀ.) ਡਿਮਾਂਡ ਨੋਟਿਸ ਮਿਲਿਆ ਹੈ।
ਕੰਪਨੀ ਨੇ ਬੀ. ਐੱਸ. ਈ. ਐਕਸਚੇਂਜ ਫਾਈਲਿੰਗ ’ਚ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ। ਕਰਨਾਟਕ ਦੇ ਟੈਕਸ ਰੈਗੂਲੇਟਰ ਨੇ 5,01,95,462 ਰੁਪਏ ਜੀ. ਐੱਸ. ਟੀ. ਡਿਮਾਂਡ ਕੀਤੀ ਹੈ। ਫਾਈਲਿੰਗ ਦੇ ਅਨੁਸਾਰ ਇਸ ਨੂੰ 3.93 ਕਰੋੜ ਰੁਪਏ ਦੇ ਵਿਆਜ ਅਤੇ 50.19 ਲੱਖ ਰੁਪਏ ਦੇ ਜੁਰਮਾਨੇ ਨਾਲ ਦਰਸਾਇਆ ਜਾਵੇਗਾ, ਜਿਸ ਨਾਲ ਕੁੱਲ ਰਕਮ 9.45 ਕਰੋੜ ਰੁਪਏ ਹੋ ਜਾਵੇਗੀ।
ਵਿੱਤੀ ਸਾਲ 2019-20 ਲਈ ਮਿਲਿਆ ਹੈ ਟੈਕਸ ਆਰਡਰ
ਫਾਈਲਿੰਗ ’ਚ ਕੰਪਨੀ ਨੇ ਦੱਸਿਆ ਹੈ ਕਿ ਕੰਪਨੀ ਨੂੰ ਜੀ. ਐੱਸ. ਟੀ. ਰਿਟਰਨ ਅਤੇ ਖਾਤਿਆਂ ਦੇ ਆਡਿਟ ਤਹਿਤ ਵਿੱਤੀ ਸਾਲ 2019-20 ਲਈ ਟੈਕਸ ਆਰਡਰ ਪ੍ਰਾਪਤ ਹੋਇਆ ਹੈ। ਦੱਸ ਦੇਈਏ ਕਿ ਜ਼ੋਮੈਟੇ ਦੇ ਸ਼ੇਅਰ ਸ਼ੁੱਕਰਵਾਰ 28 ਜੂਨ ਨੂੰ 200.15 ਰੁਪਏ ਦੇ ਪਿਛਲੇ ਬੰਦ ਦੇ ਮੁਕਾਬਲੇ 0.10 ਫੀਸਦੀ ਵਧ ਕੇ 200.35 ਰੁਪਏ ’ਤੇ ਬੰਦ ਹੋਏ।
ਕੰਪਨੀ ਨੇ ਟੈਕਸ ਨੋਟਿਸ ਦੇ ਜਵਾਬ ’ਚ ਕਿਹਾ ਕਿ ਸਾਡਾ ਮੰਨਣਾ ਹੈ ਕਿ ਸਾਡੇ ਕੋਲ ਗੁਣਾਂ-ਦੋਸ਼ ਦੇ ਆਧਾਰ ’ਤੇ ਮਜ਼ਬੂਤ ਮਾਮਲਾ ਹੈ। ਕੰਪਨੀ ਉਚਿਤ ਅਥਾਰਟੀ ਦੇ ਸਾਹਮਣੇ ਆਦੇਸ਼ ਦੇ ਖਿਲਾਫ ਅਪੀਲ ਦਾਇਰ ਕਰੇਗੀ।