ਵੱਡੀ ਖ਼ਬਰ! ਜਲਦ ਸਟਾਕਸ ਦੀ ਤਰ੍ਹਾਂ ਹਾਜ਼ਰ ਸੋਨੇ 'ਚ ਕਰ ਸਕੋਗੇ ਟ੍ਰੇ਼ਡਿੰਗ
Tuesday, May 18, 2021 - 12:07 PM (IST)
ਮੁੰਬਈ- ਜਲਦ ਹੀ ਸਟਾਕਸ ਦੀ ਤਰ੍ਹਾਂ ਹਾਜ਼ਰ ਸੋਨੇ ਵਿਚ ਕਾਰੋਬਾਰ ਕਰ ਸਕੋਗੇ। ਸੇਬੀ ਨੇ 'ਸਪਾਟ ਗੋਲਡ ਐਕਸਚੇਂਜ' ਦਾ ਪ੍ਰਸਤਾਵ ਕੀਤਾ ਹੈ, ਜਿਸ ਵਿਚ ਰਿਟੇਲ ਨਿਵੇਸ਼ਕ, ਬੈਂਕ, ਐੱਫ. ਪੀ. ਆਈ. ਅਤੇ ਜਿਊਲਰਜ਼ ਨੂੰ ਸਕਿਓਰਿਟੀਜ਼ ਦੇ ਰੂਪ ਵਿਚ ਨੋਟੀਫਾਈਡ ਇਲੈਕਟ੍ਰਾਨਿਕ ਗੋਲਡ ਰਸੀਟ (ਈ. ਜੀ. ਆਰ.) ਜ਼ਰੀਏ ਟ੍ਰੇਡਿੰਗ ਦੀ ਮਨਜ਼ੂਰੀ ਹੋਵੇਗੀ। ਸਟਾਕਸ ਦੀ ਹੀ ਤਰ੍ਹਾਂ ਅਗਲੇ ਕਾਰੋਬਾਰੀ ਦਿਨ ਇਸ ਦੀ ਸੈਟੇਲਮੈਂਟ ਵੀ ਹੋ ਜਾਵੇਗੀ। ਈ. ਜੀ. ਆਰ. ਨੂੰ ਡੀਮੈਟ ਰੂਪ ਵਿਚ ਰੱਖਿਆ ਜਾ ਸਕਦਾ ਹੈ ਅਤੇ ਜ਼ਰੂਰਤ ਪੈਣ 'ਤੇ ਫਿਜੀਕਲ ਸੋਨੇ ਦੀ ਡਿਲਿਵਰੀ ਲੈ ਸਕੋਗੇ।
ਸੇਬੀ ਨੇ ਈ. ਜੀ. ਆਰ. ਟ੍ਰੇਡਿੰਗ, ਸੈਟਲਮੈਂਟ, ਟੈਕਸ ਅਤੇ ਵਾਲਟ ਪ੍ਰਬੰਧਕਾਂ ਦੇ ਨਿਯਮਾਂ ਸਬੰਧੀ ਹਿੱਤਧਾਰਕਾਂ ਕੋਲੋਂ 18 ਜੂਨ ਤੱਕ ਵਿਚਾਰ ਮੰਗੇ ਹਨ।
ਗੋਲਡ ਐਕਸਚੇਂਜ ਸਥਾਪਤ ਕਰਨ ਪਿੱਛੇ ਦਾ ਮਕਸਦ ਭਾਰਤ ਨੂੰ ਸੋਨੇ ਦਾ ਮੁੱਲ ਖ਼ੁਦ ਨਿਰਧਾਰਤ ਕਰਨ ਵਾਲਾ ਬਣਾਉਣਾ ਅਤੇ ਲੰਡਨ ਸਰਾਫਾ ਬਾਜ਼ਾਰ (ਐੱਲ. ਬੀ. ਐੱਮ. ਏ.) ਦੀ ਤਰ੍ਹਾਂ ਡਿਲਿਵਰੀ ਸਟੈਂਡਰਡ ਸਥਾਪਤ ਕਰਨਾ ਹੈ। ਸੇਬੀ ਦਾ ਕਹਿਣਾ ਹੈ ਕਿ ਸੋਨੇ ਦੀ ਖਪਤ ਵਿਚ ਚੀਨ ਤੋਂ ਦੂਜੇ ਨੰਬਰ 'ਤੇ ਹੋਣ ਦੇ ਬਾਵਜੂਦ ਭਾਰਤ ਗਲੋਬਲ ਬਾਜ਼ਾਰਾਂ ਵਿਚ ਸਿਰਫ ਇਕ ਮੁੱਲ ਪ੍ਰਾਪਤ ਕਰਤਾ ਰਿਹਾ ਹੈ। ਪ੍ਰਸਤਾਵਿਤ ਗੋਲਡ ਐਕਸਚੇਂਜ ਸੋਨੇ ਦੇ ਲੈਣ-ਦੇਣ ਵਿਚ ਪਾਰਦਰਸ਼ਤਾ ਲਿਆਏਗੀ ਅਤੇ ਸਮੇਂ ਦੇ ਨਾਲ ਭਾਰਤ ਮੁੱਲ ਨਿਰਧਾਰਕ ਦੇ ਰੂਪ ਵਿਚ ਉਭਰ ਸਕੇਗਾ।
ਕਿਵੇਂ ਹੋਵੇਗੀ ਟ੍ਰੇਡਿੰਗ-
ਲੋਕਲ ਜਾਂ ਇੰਪੋਰਟਡ ਸੋਨੇ ਦੀ ਐਕਸਚੇਂਜ਼ ਜ਼ਰੀਏ ਡਿਲਿਵਰੀ ਦੀ ਇੱਛਾ ਰੱਖਣ ਵਾਲੀ ਇਕਾਈ ਨੂੰ ਸੇਬੀ ਵੱਲੋਂ ਮਾਨਤਾ ਪ੍ਰਾਪਤ ਵਾਲਟ ਮੈਨੇਜਰ ਕੋਲ ਜਾਣਾ ਹੋਵੇਗਾ ਅਤੇ ਗੁਣਵੱਤਾ ਤੇ ਮਾਤਰਾ ਦੇ ਮਾਪਦੰਡਾਂ ਤਹਿਤ ਫਿਜੀਕਲ ਗੋਲਡ ਜਮ੍ਹਾ ਕਰਾਉਣਾ ਹੋਵੇਗਾ। ਇਸ ਮਗਰੋਂ ਵਾਲਟ ਮੈਨੇਜਰ ਸੋਨੇ ਨੂੰ ਈ. ਜੀ. ਆਰ. ਦੇ ਰੂਪ ਵਿਚ ਜਾਰੀ ਕਰੇਗਾ, ਜੋ ਐਕਸਚੇਂਜਾਂ 'ਤੇ ਟ੍ਰੇਡ ਹੋਵੇਗੀ। ਟ੍ਰੇਡਿੰਗ ਨੂੰ ਸਰਲ ਬਣਾਉਣ ਲਈ ਵਾਲਟ ਮੈਨੇਜਰ, ਡਿਪਾਜ਼ਟਰੀਜ਼, ਕਲੀਅਰਿੰਗ ਕਾਰਪੋਰੇਸ਼ਨਾਂ ਅਤੇ ਸਟਾਕ ਐਕਸਚੇਂਜਾਂ ਵਿਚਕਾਰ ਇਕ ਸਾਂਝਾ ਇੰਟਰਫੇਸ ਵਿਕਸਤ ਕੀਤਾ ਜਾਵੇਗਾ। ਸੋਨੇ ਦੀ ਡਿਲਿਵਰੀ ਸਮੇਂ ਐੱਸ. ਟੀ. ਟੀ. ਅਤੇ ਆਈ. ਜੀ. ਐੱਸ. ਟੀ. ਲਾਇਆ ਜਾਵੇਗਾ।