ਯੈੱਸ ਬੈਂਕ ਨੇ RBI ਤੋਂ ਮਿਲੇ ਪੈਸੇ ਕੀਤੇ ਵਾਪਸ, SBI ਨਾਲ ਰਲੇਵਾਂ ਨਹੀਂ

09/10/2020 7:06:46 PM

ਨਵੀਂ ਦਿੱਲੀ— ਯੈੱਸ ਬੈਂਕ ਨੇ ਮਾਰਚ 'ਚ ਵਿਸ਼ੇਸ਼ ਤਰਲਤਾ ਸਹੂਲਤ ਲਈ ਆਰ. ਬੀ. ਆਈ. ਤੋਂ ਜੋ 50,000 ਕਰੋੜ ਰੁਪਏ ਮਿਲੇ ਸਨ, ਉਹ ਪੂਰੀ ਤਰ੍ਹਾਂ ਵਾਪਸ ਕਰ ਦਿੱਤੇ ਹਨ। ਯੈੱਸ ਬੈਂਕ ਦੇ ਚੇਅਰਮੈਨ ਸੁਨੀਲ ਮਹਿਤਾ ਨੇ ਵੀਰਵਾਰ ਨੂੰ ਹਿੱਸੇਦਾਰਾਂ ਨਾਲ ਆਨਲਾਈਨ ਸਾਲਾਨਾ ਮੀਟਿੰਗ 'ਚ ਇਹ ਜਾਣਕਾਰੀ ਦਿੱਤੀ।

ਯੈੱਸ ਬੈਂਕ 'ਤੇ ਮਾਰਚ 'ਚ ਆਰ. ਬੀ. ਆਈ. ਨੇ ਰੋਕ ਲਾ ਦਿੱਤੀ ਸੀ, ਜਿਸ ਤਹਿਤ ਗਾਹਕ ਖਾਤੇ 'ਚ ਸੀਮਤ ਪੈਸਾ ਹੀ ਕਢਾ ਸਕਦੇ ਸਨ। ਹਾਲਾਂਕਿ, ਇਹ ਰੋਕ ਹਟਾਉਣ ਮਗਰੋਂ ਆਰ. ਬੀ. ਆਈ. ਨੇ ਯੈੱਸ ਬੈਂਕ ਨੂੰ 50,000 ਕਰੋੜ ਰੁਪਏ ਦਿੱਤੇ ਸਨ ਤਾਂ ਜੋ ਕੰਪਨੀ ਕਿਸੇ ਭੁਗਤਾਨ 'ਤੇ ਡਿਫਾਲਟ ਨਾ ਕਰੇ ਕਿਉਂਕਿ ਲੋਕ ਯੈੱਸ ਬੈਂਕ ਤੋਂ ਆਪਣਾ ਪੈਸਾ ਕਢਾਉਣ ਲੱਗੇ ਸਨ। ਪਹਿਲਾਂ ਇਹ ਫੰਡ ਆਰ. ਬੀ. ਆਈ. ਨੇ ਸਿਰਫ ਤਿੰਨ ਮਹੀਨਿਆਂ ਲਈ ਦਿੱਤਾ ਸੀ ਪਰ ਬਾਅਦ 'ਚ ਇਸ ਦੀ ਮਿਆਦ ਹੋਰ ਤਿੰਨ ਮਹੀਨਿਆਂ ਲਈ ਵਧਾ ਕੇ ਮਿਡ ਸਤੰਬਰ ਕਰ ਦਿੱਤੀ ਸੀ। ਯੈੱਸ ਬੈਂਕ ਦੇ ਚੇਅਰਮੈਨ ਮਹਿਤਾ ਨੇ ਕਿਹਾ ਕਿ ਮਾਰਚ 'ਚ ਬੈਂਕ ਦਾ ਪੁਨਰਗਠਨ ਹੋਣ ਤੋਂ ਬਾਅਦ ਗਾਹਕੀ ਵਧੀ ਹੈ।

ਹਿੱਸਾਧਾਰਕਾਂ ਦੇ ਸਵਾਲਾਂ ਦੇ ਜਵਾਬ 'ਚ ਮਹਿਤਾ ਨੇ ਕਿਹਾ ਕਿ ਯੈੱਸ ਬੈਂਕ ਦਾ ਐੱਸ. ਬੀ. ਆਈ. ਨਾਲ ਰਲੇਵਾਂ ਨਹੀਂ ਹੋਣ ਵਾਲਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਕਿਸੇ ਪ੍ਰਸਤਾਵ 'ਤੇ ਨਾ ਤਾਂ ਬੈਂਕ ਨੇ ਅਤੇ ਨਾ ਹੀ ਅਥਾਰਿਟੀ ਨੇ ਕੋਈ ਚਰਚਾ ਕੀਤੀ ਹੈ। ਉੱਥੇ ਹੀ, ਬੈਂਕ ਦੇ ਐੱਮ. ਡੀ. ਤੇ ਸੀ. ਈ. ਓ. ਪ੍ਰਸ਼ਾਂਤ ਕੁਮਾਰ ਨੇ ਕਿਹਾ ਕਿ ਬੈਂਕ ਪਹਿਲੀ ਤਿਮਾਹੀ 'ਚ ਆਪਣਾ ਖਰਚ 20 ਫੀਸਦੀ ਘਟਾਉਣ 'ਚ ਸਫਲ ਰਿਹਾ ਹੈ। ਬੈਂਕ ਦੇ ਕੰਮਕਾਜ ਨੂੰ ਦੇਖਣ ਲਈ ਸਲਾਹਕਾਰ ਦੀ ਨਿਯੁਕਤੀ ਵੀ ਕੀਤੀ ਗਈ ਹੈ।


Sanjeev

Content Editor

Related News