ਸਿੰਗਾਪੁਰ, ਲੰਡਨ ''ਚ ਬਰਾਂਚ ਖੋਲ੍ਹੇਗਾ ਯੈੱਸ ਬੈਂਕ, NRIs ਨੂੰ ਹੋਵੇਗਾ ਫਾਇਦਾ

04/20/2018 3:54:04 PM

ਮੁੰਬਈ—  ਯੈੱਸ ਬੈਂਕ ਜਲਦ ਹੀ ਲੰਡਨ ਅਤੇ ਸਿੰਗਾਪੁਰ 'ਚ ਆਪਣੀਆਂ 2 ਬਰਾਂਚਾਂ ਖੋਲ੍ਹੇਗਾ, ਜਿਸ ਜ਼ਰੀਏ ਐੱਨ. ਆਰ. ਆਈਜ਼. ਨੂੰ ਸੇਵਾਵਾਂ ਪ੍ਰਦਾਨ ਕੀਤੀਆਂ ਜਾਣਗੀਆਂ। ਪ੍ਰਾਈਵੇਟ ਸੈਕਟਰ ਦੇ ਇਸ ਮਿਡ ਸਾਈਜ਼ ਬੈਂਕ ਨੂੰ ਭਾਰਤੀ ਰਿਜ਼ਰਵ ਵੱਲੋਂ ਇਸ ਲਈ ਹਰੀ ਝੰਡੀ ਮਿਲ ਗਈ ਹੈ। ਲੰਡਨ ਅਤੇ ਸਿੰਗਾਪੁਰ 'ਚ ਖੋਲ੍ਹੀ ਜਾਣ ਵਾਲੀ ਬਰਾਂਚ 'ਚ ਪ੍ਰਵਾਸੀ ਭਾਰਤੀਆਂ ਨੂੰ ਹਰ ਤਰ੍ਹਾਂ ਦੀ ਸਰਵਿਸ ਉਪਲੱਬਧ ਕਰਾਈ ਜਾਵੇਗੀ। ਨਿੱਜੀ ਖੇਤਰ ਦੇ ਇਸ ਬੈਂਕ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ।
ਯੈੱਸ ਬੈਂਕ ਨੂੰ ਲੰਡਨ ਅਤੇ ਸਿੰਗਾਪੁਰ 'ਚ ਬਰਾਂਚ ਖੋਲ੍ਹਣ ਦੀ ਮਨਜ਼ੂਰੀ ਉਸ ਸਮੇਂ ਮਿਲੀ ਹੈ, ਜਦੋਂ ਪੀ. ਐੱਨ. ਬੀ. 'ਚ ਹੋਏ 13,000 ਕਰੋੜ ਘੋਟਾਲੇ ਦੇ ਮੱਦੇਨਜ਼ਰ ਕਈ ਭਾਰਤੀ ਬੈਂਕ ਆਪਣੇ ਵਿਦੇਸ਼ਾਂ ਕਾਰੋਬਾਰਾਂ ਨੂੰ ਏਕੀਕ੍ਰਿਤ ਕਰ ਰਹੇ ਹਨ। ਪੀ. ਐੱਨ. ਬੀ. 'ਚ ਘੋਟਾਲਾ ਸਾਹਮਣੇ ਆਉਣ ਦੇ ਬਾਅਦ ਕੇਂਦਰ ਨੇ ਸਰਕਾਰੀ ਬੈਂਕਾਂ ਨੂੰ ਵਿਦੇਸ਼ੀ ਬਰਾਂਚਾਂ ਨੂੰ ਬੰਦ ਕਰਨ ਜਾਂ ਏਕੀਕ੍ਰਿਤ ਕਰਨ ਦਾ ਹੁਕਮ ਦਿੱਤਾ ਸੀ, ਜਦੋਂ ਕਿ ਆਰ. ਬੀ. ਆਈ. ਨੇ ਲੈਟਰ ਆਫ ਅੰਡਰਟੇਕਿੰਗ (ਐੱਲ. ਓ. ਯੂ.) 'ਤੇ ਰੋਕ ਲਾ ਦਿੱਤੀ।

ਯੈੱਸ ਬੈਂਕ ਨੇ ਪਹਿਲੀ ਵਿਦੇਸ਼ੀ ਬਰਾਂਚ ਸਾਲ 2015 'ਚ ਆਬੂਧਾਬੀ 'ਚ ਖੋਲ੍ਹੀ ਸੀ। ਬੈਂਕ ਦੇ ਪ੍ਰਬੰਧਕ ਨਿਰਦੇਸ਼ਕ ਅਤੇ ਮੁੱਖ ਕਾਰਜਕਾਰੀ ਰਾਣਾ ਕਪੂਰ ਨੇ ਕਿਹਾ ਕਿ ਲੰਡਨ ਅਤੇ ਸਿੰਗਾਪੁਰ 'ਚ ਬਰਾਂਚ ਖੋਲ੍ਹਣ ਨਾਲ ਐੱਨ. ਆਰ. ਆਈਜ਼. ਪ੍ਰਵਾਸੀਆਂ ਨੂੰ ਵਿੱਤੀ ਸੇਵਾਵਾਂ ਦਾ ਫਾਇਦਾ ਮਿਲ ਸਕੇਗਾ। ਉਨ੍ਹਾਂ ਨੇ ਕਿਹਾ ਕਿ ਸਿੰਗਾਪੁਰ ਇਕ ਪ੍ਰਮੁੱਖ ਫਾਈਨਾਂਸ਼ਲ ਹੱਬ ਹੈ ਅਤੇ ਇੱਥੇ 6,000 ਭਾਰਤੀ ਕੰਪਨੀਆਂ ਦਾ ਕਾਰੋਬਾਰ ਹੈ, ਜਿਸ ਨਾਲ ਬੈਂਕ ਨੂੰ ਚੰਗਾ ਕਾਰੋਬਾਰ ਮਿਲੇਗਾ। ਉੱਥੇ ਹੀ, ਲੰਡਨ ਨੂੰ ਵਿਸ਼ਵ ਪੱਧਰ 'ਤੇ ਵਿੱਤੀ ਕੇਂਦਰਾਂ 'ਚੋਂ ਇਕ ਪ੍ਰਮੁੱਖ ਗਲੋਬਲ ਕੇਂਦਰ ਮੰਨਿਆ ਜਾਂਦਾ ਹੈ। ਬੈਂਕ ਨੇ ਕਿਹਾ ਕਿ ਉਹ ਲੰਡਨ ਅਤੇ ਸਿੰਗਾਪੁਰ ਦੀ ਆਪਣੀ ਬਰਾਂਚ 'ਚ ਐੱਨ. ਆਰ. ਈ./ਐੱਨ. ਆਰ. ਓ. ਬਚਤ ਅਤੇ ਜਮ੍ਹਾ ਖਾਤਿਆਂ 'ਤੇ ਸਭ ਤੋਂ ਵਧੀਆ ਵਿਆਜ ਦੇਵੇਗਾ। ਇਸ ਦੇ ਨਾਲ ਹੀ ਇਨ੍ਹਾਂ ਬਰਾਂਚਾਂ 'ਚ  'ਚ ਹਰ ਤਰ੍ਹਾਂ ਦੀ ਸਰਵਿਸ ਉਪਲੱਬਧ ਹੋਵੇਗੀ, ਜਿਵੇਂ ਕਿ ਭਾਰਤੀ ਬਾਜ਼ਾਰ 'ਚ ਨਿਵੇਸ਼ ਕਰਨ ਲਈ ਪੋਰਟਫੋਲੀਓ ਨਿਵੇਸ਼ ਸਕੀਮ (ਪੀ. ਆਈ. ਐੱਸ.) ਸਰਵਿਸ ਵੀ ਦਿੱਤੀ ਜਾਵੇਗੀ। ਯੈੱਸ ਬੈਂਕ ਭਾਰਤ ਦਾ ਚੌਥਾ ਵੱਡਾ ਪ੍ਰਾਈਵੇਟ ਬੈਂਕ ਹੈ। ਭਾਰਤ 'ਚ ਇਸ ਦੀਆਂ 1,100 ਬਰਾਂਚਾਂ ਹਨ।


Related News