6 ਸੂਬਿਆਂ ''ਚ ਸਕੂਲੀ ਸਿੱਖਿਆ ''ਚ ਸੁਧਾਰ ਲਈ ਵਿਸ਼ਵ ਬੈਂਕ ਦੇਵੇਗਾ 50 ਕਰੋੜ ਡਾਲਰ

06/28/2020 5:19:52 PM

ਨਵੀਂ ਦਿੱਲੀ (ਵਾਰਤਾ) : ਵਿਸ਼ਵ ਬੈਂਕ ਦੇ ਕਾਰਜਕਾਰੀ ਨਿਦੇਸ਼ਕਾਂ ਦੇ ਬੋਰਡ ਨੇ ਦੇਸ਼ ਦੇ 6 ਸੂਬਿਆਂ ਵਿਚ ਸਕੂਲੀ ਸਿੱਖਿਆ ਦੇ ਖੇਤਰ ਵਿਚ ਗੁਣਵੱਤਾ ਅਤੇ ਗਵਰਨੈਸ ਵਿਚ ਸੁਧਾਰ ਲਈ 50 ਕਰੋੜ ਡਾਲਰ ਦਾ ਕਰਜ਼ਾ ਦਿੱਤੇ ਜਾਣ ਨੂੰ ਮਨਜ਼ੂਰ ਕਰ ਦਿੱਤਾ ਹੈ। ਵਿਸ਼ਵ ਬੈਂਕ ਨੇ ਅੱਜ ਇੱਥੇ ਜਾਰੀ ਬਿਆਨ ਵਿਚ ਕਿਹਾ ਕਿ ਉਸ ਦੇ ਕਾਰਜਕਾਰੀ ਨਿਦੇਸ਼ਕਾਂ ਦੇ ਬੋਰਡ ਦੀ ਹਾਲ ਹੀ ਵਿਚ ਹੋਈ ਬੈਠਕ ਵਿਚ ਇਹ ਮਨਜ਼ੂਰ ਕੀਤਾ ਗਿਆ ਹੈ। ਇਸ ਨਾਲ ਦੇਸ਼ ਦੇ 6 ਸੂਬਿਆਂ ਦੇ 15 ਲੱਖ ਸਕੂਲਾਂ ਵਿਚ ਪੜ੍ਹਨ ਵਾਲੇ 6 ਤੋਂ 17 ਸਾਲ ਉਮਰ ਵਰਗ ਦੇ 25 ਕਰੋੜ ਸਿੱਖਿਆਰਥੀਆਂ ਅਤੇ 1 ਕਰੋੜ ਅਧਿਆਪਕਾਂ ਨੂੰ ਲਾਭ ਹੋਵੇਗਾ।

ਇਹ ਰਾਸ਼ੀ ਸਟਰੇਟਨਿੰਗ ਟੀਚਿੰਗ-ਲਰਨਿੰਗ ਐਂਡ ਰਿਜ਼ਲਟ ਫਾਰ ਸਟੈਟਸ ਪ੍ਰੋਗਰਾਮ (ਸਟਾਰਸ) ਲਈ ਮਨਜ਼ੂਰ ਕੀਤੀ ਗਈ ਹੈ। ਇਹ ਪ੍ਰੋਗਰਾਮ ਭਾਰਤ ਅਤੇ ਵਿਸ਼ਵ ਬੈਂਕ ਦੀ ਭਾਗੀਦਾਰੀ ਨਾਲ ਸਾਲ 1994 ਤੋਂ ਚੱਲ ਰਿਹਾ ਹੈ।  ਇਸ ਦੇ ਸ਼ੁਰੂ ਹੋਣ ਤੋਂ ਪਹਿਲਾਂ ਵੀ ਵਿਸ਼ਵ ਬੈਂਕ ਸਿੱਖਿਆ ਦੇ ਖੇਤਰ ਵਿਚ ਸੁਧਾਰ ਲਈ 3 ਅਰਬ ਡਾਲਰ ਤੋਂ ਜ਼ਿਆਦਾ ਦੇ ਚੁੱਕਾ ਹੈ। ਬੈਂਕ ਨੇ ਕਿਹਾ ਕਿ ਰਾਸ਼ਟਰੀ ਪੱਧਰ 'ਤੇ ਸਾਰੇ ਸਿੱਖਿਆ ਪ੍ਰੋਗਰਾਮ ਦਾ ਸੰਚਾਲਨ ਕੀਤਾ ਜਾ ਰਿਹਾ ਹੈ ਅਤੇ ਇਸ ਤਹਿਤ ਹਿਮਾਚਲ ਪ੍ਰਦੇਸ਼, ਕੇਰਲ, ਮੱਧ ਪ੍ਰਦੇਸ਼, ਮਹਾਰਾਸ਼ਟਰ, ਉੜੀਸਾ ਅਤੇ ਰਾਜਸਥਾਨ ਵਿਚ ਸਿੱਖਿਆ ਦੇ ਖੇਤਰ ਵਿਚ ਗੁਣਾਤਮਕ ਸੁਧਾਰ ਲਿਆਉਣ ਦਾ ਟੀਚਾ ਰੱਖਿਆ ਗਿਆ ਹੈ।


cherry

Content Editor

Related News