GST ਨਾਲ ਘਰੇਲੂ ਸਾਮਾਨਾਂ ’ਤੇ ਟੈਕਸ ਦੀਆਂ ਦਰਾਂ ਘਟੀਆਂ, ਲੋਕਾਂ ਨੂੰ ਮਿਲੀ ਰਾਹਤ : ਵਿੱਤ ਮੰਤਰਾਲਾ

Tuesday, Jul 02, 2024 - 10:52 AM (IST)

GST ਨਾਲ ਘਰੇਲੂ ਸਾਮਾਨਾਂ ’ਤੇ ਟੈਕਸ ਦੀਆਂ ਦਰਾਂ ਘਟੀਆਂ, ਲੋਕਾਂ ਨੂੰ ਮਿਲੀ ਰਾਹਤ : ਵਿੱਤ ਮੰਤਰਾਲਾ

ਨਵੀਂ ਦਿੱਲੀ (ਭਾਸ਼ਾ) - ਵਿੱਤ ਮੰਤਰਾਲਾ ਨੇ ਸੋਮਵਾਰ ਨੂੰ ਕਿਹਾ ਕਿ ਮਾਲ ਅਤੇ ਸੇਵਾ ਕਰ (ਜੀ. ਐੱਸ. ਟੀ.) ਆਉਣ ਨਾਲ ਘਰੇਲੂ ਉਤਪਾਦਾਂ ਅਤੇ ਮੋਬਾਈਲ ਫੋਨ ਲਈ ਟੈਕਸ ਦੀਆਂ ਦਰਾਂ ਘੱਟ ਹੋਈਆਂ ਹਨ ਅਤੇ ਇਸ ਨਾਲ ਹਰ ਘਰ ਨੂੰ ਰਾਹਤ ਮਿਲੀ ਹੈ।

ਨਵੀਂ ਅਸਿੱਧੀ ਟੈਕਸ ਪ੍ਰਣਾਲੀ ਦੇ ਤੌਰ ’ਤੇ ਜੀ. ਐੱਸ. ਟੀ. ਨੇ ਸੋਮਵਾਰ ਨੂੰ ਆਪਣੇ 7 ਸਾਲ ਪੂਰੇ ਕੀਤੇ ਹਨ। ਜੀ. ਐੱਸ. ਟੀ. ’ਚ ਲੱਗਭਗ 17 ਸਥਾਨਕ ਟੈਕਸ ਅਤੇ ਸੈੱਸ ਸ਼ਾਮਲ ਕੀਤੇ ਗਏ ਅਤੇ ਇਸ ਨੂੰ ਇਕ ਜੁਲਾਈ, 2017 ਨੂੰ ਲਾਗੂ ਕੀਤਾ ਗਿਆ ਸੀ। 7ਵੇਂ ਜੀ. ਐੱਸ. ਟੀ. ਦਿਵਸ ਦਾ ਵਿਸ਼ਾ ‘ਸਸ਼ਕਤ ਵਪਾਰ, ਸਮਗਰ ਵਿਕਾਸ’ ਹੈ।

ਸੈਂਟਰਲ ਬੋਰਡ ਆਫ ਇਨਡਾਇਰੈਕਟ ਟੈਕਸਿਜ਼ ਐਂਡ ਕਸਟਮਸ (ਸੀ. ਬੀ. ਆਈ. ਸੀ.) ਦੇ ਚੇਅਰਮੈਨ ਸੰਜੇ ਕੁਮਾਰ ਅੱਗਰਵਾਲ ਨੇ ਕਿਹਾ, ‘‘ਅਸੀਂ ਬਿਹਤਰ ਪਾਲਣਾ ਦੇ ਨਾਲ ਹੀ ਕਰਦਾਤਿਆਂ ਦੇ ਆਧਾਰ ’ਚ ਵੱਡਾ ਉਛਾਲ ਵੇਖਿਆ ਹੈ। ਮੰਤਰਾਲਾ ਨੇ ਘਰੇਲੂ ਸਾਮਾਨਾਂ ’ਤੇ ਜੀ. ਐੱਸ. ਟੀ. ਤੋਂ ਪਹਿਲਾਂ ਅਤੇ ਬਾਅਦ ਦੀਆਂ ਟੈਕਸ ਦਰਾਂ ਦਾ ਮੁਕਾਬਲਤਨ ਚਾਰਟ ਦਿੰਦੇ ਹੋਏ ਕਿਹਾ ਕਿ ਜੀ. ਐੱਸ. ਟੀ. ਨੇ ਜੀਵਨ-ਨਿਰਬਾਹ ਨੂੰ ਆਸਾਨ ਬਣਾਇਆ ਹੈ। ਮੰਤਰਾਲਾ ਨੇ ਕਿਹਾ ਕਿ ਜੀ. ਐੱਸ. ਟੀ. ਲਾਗੂ ਹੋਣ ਤੋਂ ਬਾਅਦ ਹਰ ਘਰ ’ਚ ਖੁਰਾਕੀ ਪਦਾਰਥਾਂ ਅਤੇ ਵੱਡੇ ਪੱਧਰ ’ਤੇ ਖਪਤ ਦੀਆਂ ਵਸਤਾਂ ’ਤੇ ਖਰਚਾ ਘੱਟ ਹੋਇਆ ਹੈ।

ਬਿਨਾਂ ਪੈਕਿੰਗ ਵਾਲੇ ਕਣਕ, ਚੌਲ, ਦਹੀ ਅਤੇ ਲੱਸੀ ਵਰਗੀਆਂ ਖਾਣ-ਪੀਣ ਵਾਲੀਆਂ ਵਸਤਾਂ ’ਤੇ ਜੀ. ਐੱਸ. ਟੀ. ਲਾਗੂ ਹੋਣ ਤੋਂ ਪਹਿਲਾਂ 2.5-4 ਫੀਸਦੀ ਟੈਕਸ ਲਾਇਆ ਜਾਂਦਾ ਸੀ, ਜਦੋਂ ਕਿ ਜੀ. ਐੱਸ. ਟੀ. ਲਾਗੂ ਹੋਣ ਤੋਂ ਬਾਅਦ ਟੈਕਸ ਜ਼ੀਰੋ ਹੋ ਗਿਆ।

ਕਾਸਮੈਟਿਕਸ, ਗੁੱਟ ਵਾਲੀਆਂ ਘੜੀਆਂ, ਪਲਾਸਟਿਕ ਦੇ ਸੈਨੇਟਰੀ ਉਤਪਾਦ, ਦਰਵਾਜ਼ੇ ਅਤੇ ਖਿੜਕੀਆਂ, ਫਰਨੀਚਰ ਅਤੇ ਗੱਦੇ ਵਰਗੇ ਘਰੇਲੂ ਸਾਮਾਨਾਂ ’ਤੇ ਜੀ. ਐੱਸ. ਟੀ. ਪ੍ਰਣਾਲੀ ’ਚ 18 ਫੀਸਦੀ ਦੀ ਦਰ ਨਾਲ ਟੈਕਸ ਲਾਇਆ ਜਾਂਦਾ ਹੈ, ਜਦਕਿ ਪਹਿਲਾਂ ਐਕਸਾਈਜ਼ ਡਿਊਟੀ ਅਤੇ ਵੈਟ ਵਿਵਸਥਾ ’ਚ 28 ਫੀਸਦੀ ਦੀ ਦਰ ਨਾਲ ਟੈਕਸ ਲੱਗਦਾ ਸੀ।


author

Harinder Kaur

Content Editor

Related News