ਬਿਲ ਗੇਟਸ ਨੇ ਮਾਈਕ੍ਰੋਸਾਫਟ ਦੇ ਇੰਡੀਆ ਡਿਵੈਲਪਮੈਂਟ ਸੈਂਟਰ ਦਾ ਕੀਤਾ ਦੌਰਾ, ਮਾਂ ਮੰਗਲਾ ਬਸਤੀ ਵਿਖੇ ਵੀ ਪੁੱਜੇ
Wednesday, Feb 28, 2024 - 05:06 PM (IST)
ਨਵੀਂ ਦਿੱਲੀ : ਦਿੱਗਜ ਟੈਕਨਾਲੋਜੀ ਕੰਪਨੀ ਮਾਈਕ੍ਰੋਸਾਫਟ ਦੇ ਸਹਿ-ਸੰਸਥਾਪਕ ਬਿਲ ਗੇਟਸ ਨੇ ਹੈਦਰਾਬਾਦ ਵਿੱਚ ਕੰਪਨੀ ਦੇ ਇੰਡੀਆ ਡਿਵੈਲਪਮੈਂਟ ਸੈਂਟਰ (IDC) ਦਾ ਦੌਰਾ ਕਰਦੇ ਹੋਏ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਨਾਲ ਸਬੰਧਤ ਮੌਕਿਆਂ ਬਾਰੇ ਵਿਚਾਰ-ਚਰਚਾ ਕੀਤੀ। ਇਸ ਦੌਰਾਨ ਮਾਈਕ੍ਰੋਸਾਫਟ ਨੇ ਇੱਕ ਬਿਆਨ ਵਿੱਚ ਕਿਹਾ ਕਿ ਗੇਟਸ ਮੰਗਲਵਾਰ ਨੂੰ IDC ਦੇ ਦੌਰੇ 'ਤੇ ਪਹੁੰਚੇ ਹਨ, ਜਿਥੇ ਉਹਨਾਂ ਨੇ ਭਾਰਤ ਦੇ ਕੁਝ ਸਭ ਤੋਂ ਪ੍ਰਤਿਭਾਸ਼ਾਲੀ ਇੰਜੀਨੀਅਰਾਂ ਨੂੰ ਸੰਬੋਧਨ ਕੀਤਾ।
ਮਾਈਕ੍ਰੋਸਾਫਟ IDC ਦੇ ਮੈਨੇਜਿੰਗ ਡਾਇਰੈਕਟਰ ਰਾਜੀਵ ਕੁਮਾਰ ਨੇ ਕਿਹਾ ਕਿ ਗੇਟਸ ਏਆਈ ਦੇ ਕਾਰਨ ਭਾਰਤ ਵਿੱਚ ਪੈਦਾ ਹੋਣ ਵਾਲੇ ਮੌਕਿਆਂ ਨੂੰ ਲੈ ਕੇ ਆਸ਼ਾਵਾਦੀ ਨਜ਼ਰੀਆ ਰੱਖਦੇ ਹਨ। ਕੁਮਾਰ ਨੇ ਕਿਹਾ, "AI-ਸੰਚਾਲਿਤ ਭਾਰਤ ਦੇ ਮੌਕੇ 'ਤੇ ਗੇਟਸ ਦੇ ਆਸ਼ਾਵਾਦ ਨੂੰ ਦੁਹਰਾਉਂਦੇ ਹੋਏ IDC ਭਾਰਤ ਨੂੰ ਮਾਈਕ੍ਰੋਸਾਫਟ ਲਈ AI ਅਤੇ ਕਲਾਉਡ ਤੋਂ ਲੈ ਕੇ ਨਵੀਨਤਾ ਵਧਾਉਣ ਤੱਕ ਉਤਸ਼ਾਹਿਤ ਹਨ।"
ਮਾਈਕ੍ਰੋਸਾਫਟ ਦੇ ਚੇਅਰਮੈਨ ਅਤੇ ਮੁੱਖ ਕਾਰਜਕਾਰੀ ਅਧਿਕਾਰੀ (ਸੀ.ਈ.ਓ.) ਸੱਤਿਆ ਨਡੇਲਾ ਨੇ ਵੀ ਆਪਣੀ ਭਾਰਤ ਫੇਰੀ ਦੌਰਾਨ AI ਦੇ ਵਾਅਦੇ ਨੂੰ ਸਾਕਾਰ ਕਰਨ ਦੀ ਦੇਸ਼ ਦੀ ਵਿਲੱਖਣ ਯੋਗਤਾ ਨੂੰ ਉਜਾਗਰ ਕੀਤਾ। ਕੰਪਨੀ ਨੇ ਕਿਹਾ ਕਿ ਹੈਦਰਾਬਾਦ ਸਥਿਤ ਵਿਕਾਸ ਕੇਂਦਰ ਆਪਣੀ ਸਥਾਪਨਾ ਦੀ 25ਵੀਂ ਵਰ੍ਹੇਗੰਢ ਮਨਾ ਰਿਹਾ ਹੈ। ਗੇਟਸ ਨੇ ਸਾਲ 1998 ਵਿੱਚ IDC ਦੇ ਗਠਨ ਦਾ ਸੰਕਲਪ ਪੇਸ਼ ਕੀਤਾ ਸੀ।
ਦੱਸ ਦੇਈਏ ਕਿ ਮਾਈਕ੍ਰੋਸਾਫਟ ਦੇ ਸੰਸਥਾਪਕ ਬਿਲ ਗੇਟਸ ਆਪਣੀ ਟੀਮ ਨਾਲ ਬੁੱਧਵਾਰ ਸਵੇਰੇ ਰਾਜਧਾਨੀ ਭੁਵਨੇਸ਼ਵਰ ਵਿਚ ਮੌਜੂਦ ਮਾਂ ਮੰਗਲਾ ਬਸਤੀ ਵਿਖੇ ਪਹੁੰਚੇ। ਇਸ ਮੌਕੇ ਉਹਨਾਂ ਦੇ ਨਾਲ ਉੜੀਸਾ ਸਰਕਾਰ ਦੇ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।