ਥੋਕ ਮਹਿੰਗਾਈ ''ਚ ਨਰਮੀ, ਜੂਨ ''ਚ ਰਿਕਾਰਡ ਤੋਂ ਘੱਟ ਕੇ 12.07 ਫ਼ੀਸਦੀ ''ਤੇ ਆਈ
Wednesday, Jul 14, 2021 - 01:34 PM (IST)
ਨਵੀਂ ਦਿੱਲੀ- ਕੱਚੇ ਤੇਲ ਅਤੇ ਖੁਰਾਕੀ ਕੀਮਤਾਂ ਵਿਚ ਨਰਮੀ ਦੇ ਮੱਦੇਨਜ਼ਰ ਥੋਕ ਕੀਮਤਾਂ 'ਤੇ ਆਧਾਰਿਤ ਮਹਿੰਗਾਈ ਦਰ ਜੂਨ 'ਚ ਮਾਮੂਲੀ ਗਿਰਾਵਟ ਨਾਲ 12.07 ਫ਼ੀਸਦੀ 'ਤੇ ਆ ਗਈ। ਮਈ ਵਿਚ ਇਹ ਰਿਕਾਰਡ ਉੱਚ ਪੱਧਰ 12.94 ਫ਼ੀਸਦੀ 'ਤੇ ਪਹੁੰਚ ਗਈ ਸੀ। ਜੂਨ ਵਿਚ ਲਗਾਤਾਰ ਤੀਜੇ ਮਹੀਨੇ ਥੋਕ ਮਹਿੰਗਾਈ ਦਰ ਦੋਹਰੇ ਅੰਕਾਂ ਵਿਚ ਰਹੀ, ਜਿਸ ਦਾ ਮੁੱਖ ਕਾਰਨ ਪਿਛਲੇ ਸਾਲ ਦਾ ਘੱਟ ਆਧਾਰ ਹੈ।
ਜੂਨ 2020 ਵਿਚ ਡਬਲਿਊ. ਪੀ. ਆਈ. ਮਹਿੰਗਾਈ ਦਰ -1.81 ਫ਼ੀਸਦੀ ਸੀ। ਮੈਨੂਫੈਕਚਰਡ ਪ੍ਰਡਾਕਟਸ ਦੀ ਮਹਿੰਗਾਈ ਬਣੇ ਰਹਿਣ ਦੇ ਬਾਵਜੂਦ ਖੁਰਾਕੀ ਪਦਾਰਾਥਾਂ ਅਤੇ ਕੱਚੇ ਤੇਲ ਦੀਆਂ ਕੀਮਤਾਂ ਵਿਚ ਨਰਮੀ ਦੇ ਮੱਦੇਨਜ਼ਰ ਲਗਾਤਾਰ ਪੰਜ ਮਹੀਨਿਆਂ ਦੀ ਤੇਜ਼ੀ ਤੋਂ ਬਾਅਦ ਜੂਨ ਵਿਚ ਥੋਕ ਮੁੱਲ ਸੂਚਕ ਅੰਕ (ਡਬਲਿਊ. ਪੀ. ਆਈ.) ਆਧਾਰਿਤ ਮਹਿੰਗਾਈ ਦਰ ਵਿਚ ਨਰਮੀ ਆਈ।
ਵਣਜ ਮੰਤਰਾਲਾ ਨੇ ਬਿਆਨ ਵਿਚ ਕਿਹਾ, "ਮਹਿੰਗਾਈ ਦੀ ਸਾਲਾਨਾ ਦਰ ਜੂਨ 2021 ਵਿਚ ਪਿਛਲੇ ਸਾਲ ਦੇ ਇਸੇ ਮਹੀਨੇ ਦੇ ਮੁਕਾਬਲੇ 12.07 ਫ਼ੀਸਦੀ ਰਹੀ, ਜੋ ਜੂਨ 2020 ਵਿਚ -1.81 ਫ਼ੀਸਦੀ ਸੀ।'' ਬਿਆਨ ਵਿਚ ਕਿਹਾ ਗਿਆ ਜੂਨ 2021 ਵਿਚ ਮਹਿੰਗਾਈ ਦੀ ਉੱਚ ਦਰ ਮੁੱਖ ਤੌਰ 'ਤੇ ਘੱਟ ਆਧਾਰ ਪ੍ਰਭਾਵ, ਪੈਟਰੋਲ, ਡੀਜ਼ਲ, ਨੈਫਥਾ, ਏ. ਟੀ. ਐੱਫ., ਫਰਨੈੱਸ ਆਇਲ ਵਰਗੇ ਖਣਿਜ ਤੇਲਾਂ ਅਤੇ ਮੂਲ ਧਾਤੂ, ਖੁਰਾਕੀ ਉਤਪਾਦ, ਰਸਾਇਣਕ ਉਤਪਾਦ ਵਰਗੇ ਬਣੇ ਉਤਪਾਦਾਂ ਦੀਆਂ ਕੀਮਤਾਂ ਵਿਚ ਵਾਧੇ ਕਾਰਨ ਹੈ।