ਭਾਰਤ ''ਚ ਵ੍ਹਾਈਟ ਗੋਲਡ ਦੀ ਬਿਜਾਈ 17 ਫੀਸਦੀ ਵਧੀ
Sunday, Sep 03, 2017 - 12:59 AM (IST)
ਜੈਤੋ- ਦੇਸ਼ 'ਚ 1 ਸਤੰਬਰ ਤੱਕ ਵੱਖ ਕਪਾਹ ਉਤਪਾਦਕ ਸੂਬਿਆਂ 'ਚ ਵ੍ਹਾਈਟ ਗੋਲਡ ਦਾ ਕੁਲ ਬਿਜਾਈ ਦਾ ਰਕਬਾ 119.88 ਲੱਖ ਹੈਕਟੇਅਰ ਪਹੁੰਚ ਗਿਆ ਹੈ, ਜਦਕਿ ਬੀਤੇ ਸਾਲ ਇਸੇ ਮਿਆਦ ਦੌਰਾਨ ਇਹ ਅੰਕੜਾ 101.72 ਲੱਖ ਹੈਕਟੇਅਰ ਸੀ ਭਾਵ ਕਪਾਹ ਸੀਜ਼ਨ 2017-18 ਦੌਰਾਨ ਦੇਸ਼ 'ਚ ਹੁਣ ਤੱਕ ਵ੍ਹਾਈਟ ਗੋਲਡ (ਕਪਾਹ) ਦੀ ਬਿਜਾਈ 17 ਫੀਸਦੀ ਵਧੀ ਹੈ। ਸੂਤਰਾਂ ਅਨੁਸਾਰ ਕਪਾਹ ਦੀ ਬਿਜਾਈ ਦਾ ਰਕਬਾ ਵਧਣ ਦਾ ਮੁੱਖ ਕਾਰਨ ਕਪਾਹ ਸੀਜ਼ਨ 2016-17 ਦੌਰਾਨ ਕਪਾਹ ਦੀ ਪੈਦਾਵਾਰ (ਝਾੜ) ਵਿਚ ਵੱਡਾ ਵਾਧਾ ਹੋਣਾ ਅਤੇ ਦੂਜੇ ਪਾਸੇ ਕਿਸਾਨਾਂ ਨੂੰ ਕਪਾਹ ਦਾ ਭਾਅ ਵੀ ਕਾਫੀ ਵਧੀਆ ਮਿਲਣਾ ਹੈ।
ਬਾਜ਼ਾਰ ਜਾਣਕਾਰ ਸੂਤਰਾਂ ਅਨੁਸਾਰ ਦੇਸ਼ 'ਚ ਹੁਣ ਤੱਕ ਭਾਵੇਂ ਵ੍ਹਾਈਟ ਗੋਲਡ ਦੀ ਬਿਜਾਈ ਰਕਬੇ 'ਚ ਵਾਧਾ ਹੋਇਆ ਪਰ ਦੇਸ਼ 'ਚ ਵ੍ਹਾਈਟ ਗੋਲਡ ਦਾ ਕੁਲ ਉਤਪਾਦਨ ਕੀ ਰਹੇਗਾ, ਇਸ ਦੇ ਬਾਰੇ 'ਚ ਆਉਣ ਵਾਲੇ ਮਹੀਨੇ ਦੌਰਾਨ ਹੀ ਸਹੀ ਪਤਾ ਲੱਗ ਸਕੇਗਾ ਕਿਉਂਕਿ ਅੱਜਕਲ ਮੀਂਹ ਦਾ ਦੌਰ ਚੱਲ ਰਿਹਾ ਹੈ। ਸੂਤਰਾਂ ਦਾ ਕਹਿਣਾ ਹੈ ਕਿ ਹੁਣ ਤੱਕ ਤਾਂ ਮੀਂਹ ਵ੍ਹਾਈਟ ਗੋਲਡ (ਕਪਾਹ) ਲਈ ਫਾਇਦੇਮੰਦ ਹੈ ਪਰ ਜੇਕਰ ਆਉਣ ਵਾਲੇ ਹਫਤਿਆਂ ਦੌਰਾਨ ਮੀਂਹ ਹੁੰਦਾ ਰਿਹਾ ਤਾਂ ਕਪਾਹ ਨੂੰ ਭਾਰੀ ਨੁਕਸਾਨ ਪਹੁੰਚ ਸਕਦਾ ਹੈ। ਬਾਜ਼ਾਰ 'ਚ ਇਸ ਕਪਾਹ ਸੀਜ਼ਨ ਦੌਰਾਨ ਹੁਣ ਤੋਂ ਹੀ ਤੇਜੜੀਆਂ ਅਤੇ ਮੰਦੜੀਆਂ ਦੇ ਆਪਸੀ ਸਿੰਙ ਫਸੇ ਨਜ਼ਰ ਆ ਰਹੇ ਹਨ। ਰੂੰ ਮੰਦੜੀਆਂ ਦਾ ਮੰਨਣਾ ਹੈ ਕਿ ਦੇਸ਼ 'ਚ ਇਸ ਵਾਰ 4 ਕਰੋੜ ਗੰਢ ਤੋਂ ਜ਼ਿਆਦਾ ਪੈਦਾਵਾਰ ਹੋਵੇਗੀ, ਜਦਕਿ ਤੇਜੜੀਆਂ ਦਾ ਕਹਿਣਾ ਹੈ ਕਿ ਕਪਾਹ ਦੀ ਪੈਦਾਵਾਰ ਲਗਭਗ 3.50 ਤੋਂ 3.55 ਕਰੋੜ ਗੰਢ ਪੈਦਾਵਾਰ ਹੋਵੇਗੀ।
ਬਾਜ਼ਾਰ ਜਾਣਕਾਰਾਂ ਦਾ ਕਹਿਣਾ ਹੈ ਕਿ ਭਾਰਤੀ ਰੂੰ ਬਾਜ਼ਾਰ 'ਚ ਧਨ ਦੀ ਘਾਟ ਚੱਲ ਰਹੀ ਹੈ, ਜਿਸ ਨਾਲ ਸਪਿਨਿੰਗ ਮਿੱਲਾਂ ਬਹੁਤ ਘੱਟ ਰੂੰ ਖਰੀਦ ਰਹੀਆਂ ਹਨ। ਸਪਿਨਿੰਗ ਮਿੱਲਾਂ ਆਪਣੀ ਰੋਜ਼ਾਨਾ ਖਪਤ ਤੋਂ ਵੀ ਘੱਟ ਰੂੰ ਖਰੀਦ ਰਹੀਆਂ ਹਨ। ਉੱਤਰੀ ਭਾਰਤ ਦੇ ਹਰਿਆਣਾ ਅਤੇ ਪੰਜਾਬ 'ਚ ਹੌਲੀ ਗਤੀ ਨਾਲ ਨਵੀਂ ਆਮਦ ਸ਼ੁਰੂ ਹੋ ਗਈ ਹੈ ਅਤੇ ਕਈ ਸਪਿਨਿੰਗ ਮਿੱਲਾਂ ਨੇ ਨਵੀਂ ਰੂੰ ਦੀ ਖਰੀਦ ਵੀ ਸ਼ੁਰੂ ਕਰ ਦਿੱਤੀ ਹੈ। ਸੂਤਰਾਂ ਦਾ ਕਹਿਣਾ ਹੈ ਕਿ ਉੱਤਰੀ ਸੂਬਿਆਂ ਦੇ ਪੰਜਾਬ, ਹਰਿਆਣਾ ਅਤੇ ਰਾਜਸਥਾਨ 'ਚ ਰੂੰ ਦਾ ਅਨਸੋਲਡ ਸਟਾਕ ਲਗਭਗ 5000 ਗੰਢ ਹੀ ਰਹਿ ਗਿਆ ਹੈ।
ਸੂਤਰਾਂ ਦਾ ਮੰਨਣਾ ਹੈ ਕਿ ਸਤੰਬਰ ਮਹੀਨੇ ਦੇ ਦੌਰਾਨ ਰੂੰ 'ਚ ਮੰਦੀ ਆਉਂਦੀ ਨਜ਼ਰ ਨਹੀਂ ਆ ਰਹੀ ਹੈ ਕਿਉਂਕਿ ਹਰਿਆਣਾ ਅਤੇ ਪੰਜਾਬ 'ਚ ਨਵੀਂ ਕਪਾਹ ਦੀ ਆਮਦ ਬਣੀ ਹੋਈ ਹੈ, ਉਸ ਦੀ ਤੁਲਨਾ 'ਚ ਸਪਿਨਿੰਗ ਮਿੱਲਾਂ ਦੀ ਮੰਗ ਵੀ ਬਰਾਬਰ ਚੱਲ ਰਹੀ ਹੈ। ਹੋਰ ਸਪਿਨਿੰਗ ਮਿੱਲਾਂ ਧਨ ਦੀ ਘਾਟ ਕਾਰਨ 'ਹੈਂਡ ਟੂ ਮਾਊਥ' ਹੀ ਚੱਲ ਰਹੀ ਹੈ ਅਤੇ ਕਈ ਵੈਂਟੀਲੇਟਰ 'ਤੇ ਪਹੁੰਚ ਗਈਆਂ ਹਨ। ਬੀਤੇ ਹਫਤੇ ਦੇ ਮੁਕਾਬਲੇ ਨਵੀਂ ਰੂੰ 'ਚ 50-60 ਰੁਪਏ ਮਣ ਤੇਜ਼ੀ ਆਈ ਹੈ। 4 ਸਤੰਬਰ ਸੋਮਵਾਰ ਦੀ ਮਾਰਕੀਟ ਵੀ ਆਪਣਾ ਨਵਾਂ ਰੁਖ ਬਣਾ ਸਕਦੀ ਹੈ।
