ਗਹਿਣਿਆਂ ਲਈ ਕਿਹੜਾ ਸੋਨਾ ਬਿਹਤਰ ?
Friday, Nov 20, 2026 - 01:40 PM (IST)
ਵੈੱਬ ਡੈਸਕ - ਸੋਨੇ ਦੇ ਗਹਿਣੇ ਖਰੀਦਦੇ ਸਮੇਂ 14, 18 ਅਤੇ 22 ਕੈਰੇਟ ਵਰਗੇ ਸ਼ਬਦ ਜ਼ਰੂਰ ਸੁਣਨ ਨੂੰ ਮਿਲਦੇ ਹਨ। ਪਰ ਇਨ੍ਹਾਂ ਵਿਚ ਕੀ ਅੰਤਰ ਹੈ ਅਤੇ ਗਹਿਣਿਆਂ ਲਈ ਕਿਹੜਾ ਸੋਨਾ ਬਿਹਤਰ ਹੁੰਦਾ ਹੈ ? ਇਸ ਦਾ ਜਵਾਬ ਤੁਹਾਡੀ ਲੋੜ 'ਤੇ ਨਿਰਭਰ ਕਰਦਾ ਹੈ। ਭਾਰਤੀ ਮਿਆਰ ਬਿਊਰੋ ਅਨੁਸਾਰ, 14 ਕੈਰੇਟ ਸੋਨੇ ਵਿਚ 58.5 ਫੀਸਦੀ, 18 ਕੈਰੇਟ ਵਿਚ 75 ਫੀਸਦੀ ਅਤੇ 22 ਕੈਰੇਟ ਵਿਚ 91.6 ਫੀਸਦੀ ਸ਼ੁੱਧ ਸੋਨਾ ਹੁੰਦਾ ਹੈ । ਇਨ੍ਹਾਂ ਨੂੰ ਕ੍ਰਮਵਾਰ 585, 750 ਅਤੇ 916 'ਫਾਈਨਨੈਂਸ' ਕਿਹਾ ਜਾਂਦਾ ਹੈ। ਸ਼ੁੱਧ 24 ਕੈਰੇਟ ਸੋਨਾ ਨਰਮ ਹੁੰਦਾ ਹੈ। ਇਸ ਵਿਚ ਹੋਰ ਧਾਤਾਂ ਮਿਲਾਉਣ ਨਾਲ ਇਸ ਦੀ ਮਜ਼ਬੂਤੀ ਵਧ ਜਾਂਦੀ ਹੈ।
22 ਕੈਰੇਟ : ਰਵਾਇਤੀ ਗਹਿਣਿਆਂ ਲਈ
22 ਕੈਰੇਟ ਸੋਨੇ ਵਿਚ ਲਗਭਗ 91.6 ਫੀਸਦੀ ਬੁੱਧ ਸੋਨਾ ਹੁੰਦਾ ਹੈ। ਭਾਰਤ ਵਿਚ ਚੇਨ, ਹਾਰ, ਕੰਗਣ ਅਤੇ ਰਵਾਇਤੀ ਗਹਿਣੇ ਬਣਾਉਣ ਲਈ ਇਸ ਦੀ ਵਰਤੋਂ ਜ਼ਿਆਦਾ ਹੁੰਦੀ ਹੈ। ਜੇਕਰ ਤੁਹਾਡੀ ਪਹਿਲੀ ਪਸੰਦ ਸੋਨੇ ਦੀ ਵਧੇਰੇ ਸ਼ੁੱਧਤਾ ਹੈ ਤਾਂ ਇਹ ਇਕ ਚੰਗਾ ਬਦਲ ਹੈ। ਹਾਲਾਂਕਿ, ਇਹ ਘੱਟ ਕੈਰੇਟ ਵਾਲੇ ਸੋਨੇ ਦੇ ਮੁਕਾਬਲੇ ਨਰਮ ਹੁੰਦਾ ਹੈ।
18 ਕੈਰੇਟ : ਹੀਰਿਆਂ ਅਤੇ ਆਧੁਨਿਕ ਗਹਿਣਿਆਂ ਲਈ
18 ਕੈਰੇਟ ਸੋਨੇ ਵਿਚ 75 ਫੀਸਦੀ ਸ਼ੁੱਧ ਸੋਨਾ ਹੁੰਦਾ ਹੈ। ਬਾਕੀ ਹਿੱਸਾ ਹੋਰ ਧਾਤਾਂ ਦਾ ਹੁੰਦਾ ਹੈ, ਜਿਸ ਨਾਲ ਇਸ ਦੀ ਮਜ਼ਬੂਤੀ ਵਧਦੀ ਹੈ। ਹੀਰਿਆਂ ਅਤੇ ਪੱਥਰ ਜੜੇ ਗਹਿਣਿਆਂ ਵਿਚ ਇਸ ਦੀ ਵਰਤੋਂ ਵਧੇਰੇ ਹੁੰਦੀ ਹੈ। ਡਾਇਮੰਡ ਰਿੰਗ, ਈਅਰਰਿੰਗ ਅਤੇ ਬਰੀਕ ਡਿਜ਼ਾਈਨ ਵਾਲੇ ਗਹਿਣਿਆਂ ਲਈ ਇਹ ਇਕ ਵਧੀਆ ਬਦਲ ਹੈ।
14 ਕੈਰੇਟ : ਰੋਜ਼ਾਨਾ ਪਹਿਨਣ ਵਾਲੇ ਗਹਿਣਿਆਂ ਲਈ
14 ਕੈਰੇਟ ਸੋਨੇ ਵਿਚ 58.5 ਫੀਸਦੀ ਸ਼ੁੱਧ ਸੋਨਾ ਹੁੰਦਾ ਹੈ। ਇਸ ਵਿਚ ਹੋਰ ਧਾਤਾਂ ਦੀ ਮਾਤਰਾ ਜ਼ਿਆਦਾ ਹੋਣ ਕਾਰਨ ਇਹ ਮੁਕਾਬਲਤਨ ਮਜ਼ਬੂਤ ਹੁੰਦਾ ਹੈ। ਹਲਕੇ, ਫੈਸ਼ਨੇਬਲ ਅਤੇ ਰੋਜ਼ਾਨਾ ਪਹਿਨਣ ਵਾਲੇ ਗਹਿਣਿਆਂ ਲਈ ਇਸ ਦੀ ਚੋਣ ਕੀਤੀ ਜਾ ਸਕਦੀ ਹੈ। ਹਾਲਾਂਕਿ, ਇਸ ਵਿਚ 18 ਅਤੇ 22 ਕੈਰੇਟ ਦੇ ਮੁਕਾਬਲੇ ਸੋਨੇ ਦੀ ਮਾਤਰਾ ਘੱਟ ਹੁੰਦੀ ਹੈ।
ਕਿਹੜਾ ਕੈਰੇਟ ਚੁਣਨਾ ਬਿਹਤਰ ਹੈ ?
22 ਕੈਰੇਟ : ਵਧੇਰੇ ਬੁੱਧਤਾ ਅਤੇ ਰਵਾਇਤੀ ਗਹਿਣਿਆ ਲਈ।
18 ਕੈਰੇਟ : ਹੀਰਿਆਂ, ਪੱਥਰ ਜੜੇ ਅਤੇ ਆਧੁਨਿਕ ਡਿਜ਼ਾਈਨ ਵਾਲੇ ਗਹਿਣਿਆਂ ਲਈ।
14 ਕੈਰੇਟ: ਹਲਕੇ, ਫੈਸ਼ਨੇਬਲ ਅਤੇ ਰੋਜ਼ਾਨਾ ਪਹਿਨਣ ਵਾਲੇ ਗਹਿਣਿਆਂ ਲਈ।
