ਹਵਾਈ ਸਫਰ ਹੋਇਆ ਮਹਿੰਗਾ, ਜੁਲਾਈ-ਸਤੰਬਰ ਤਿਮਾਹੀ ’ਚ 35.52 ਫੀਸਦੀ ਵਧੀ ਮਹਿੰਗਾਈ

Thursday, Nov 26, 2026 - 01:40 PM (IST)

ਹਵਾਈ ਸਫਰ ਹੋਇਆ ਮਹਿੰਗਾ, ਜੁਲਾਈ-ਸਤੰਬਰ ਤਿਮਾਹੀ ’ਚ 35.52 ਫੀਸਦੀ ਵਧੀ ਮਹਿੰਗਾਈ

ਨਵੀਂ ਦਿੱਲੀ,  (ਏਜੰਸੀ)-ਹਵਾਈ ਯਾਤਰੀ ਸੇਵਾਵਾਂ ’ਚ ਜੁਲਾਈ-ਸਤੰਬਰ ਤਿਮਾਹੀ ਦੌਰਾਨ 35.52 ਫੀਸਦੀ ਮਹਿੰਗਾਈ ਦਰਜ ਕੀਤੀ ਗਈ। ਬੁੱਧਵਾਰ ਨੂੰ ਜਾਰੀ ਅੰਕੜਿਆਂ ’ਚ ਇਹ ਜਾਣਕਾਰੀ ਦਿੱਤੀ ਗਈ। ਅੰਕੜਿਆਂ ਅਨੁਸਾਰ ਇਹ ਉਨ੍ਹਾਂ 7 ਪ੍ਰਮੁੱਖ ਸੇਵਾ ਖੇਤਰਾਂ ’ਚੋਂ ਸਭ ਤੋਂ ਵੱਧ ਮਹਿੰਗਾਈ ਦਰ ਹੈ, ਜਿਨ੍ਹਾਂ ਦੇ ਅੰਕੜੇ ਜਾਰੀ ਕੀਤੇ ਗਏ ਹਨ। ਹਾਲਾਂਕਿ ਸਕਿਓਰਿਟੀਜ਼ ਲੈਣ-ਦੇਣ ਸੇਵਾਵਾਂ ਅਤੇ ਬੈਂਕਿੰਗ ਸੇਵਾਵਾਂ ਦੀ ਮਹਿੰਗਾਈ ’ਚ ਕ੍ਰਮਵਾਰ 6.93 ਫੀਸਦੀ ਅਤੇ 3.96 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ।
ਵਣਜ ਅਤੇ ਉਦਯੋਗ ਮੰਤਰਾਲਾ ਵੱਲੋਂ ਜਾਰੀ ਵਿੱਤੀ ਸਾਲ 2026-27 ਦੀ ਦੂਜੀ ਤਿਮਾਹੀ ਦੇ ਸਰਵਿਸ ਪ੍ਰੋਡਿਊਸਰ ਪ੍ਰਾਈਸ ਇੰਡੈਕਸ (ਪੀ. ਪੀ. ਆਈ.) ਦੇ ਮੁੱਢਲੇ ਅੰਕੜਿਆਂ ’ਚ ਇਹ ਜਾਣਕਾਰੀ ਦਿੱਤੀ ਗਈ ਹੈ।

ਸਰਵਿਸ ਪੀ. ਪੀ. ਆਈ. ’ਚ ਬੈਂਕਿੰਗ, ਸਕਿਓਰਿਟੀਜ਼ ਲੈਣ-ਦੇਣ, ਬੀਮਾ, ਪੈਨਸ਼ਨ ਫੰਡ ਪ੍ਰਬੰਧਨ, ਰੇਲਵੇ, ਹਵਾਈ ਯਾਤਰੀ ਸੇਵਾਵਾਂ ਅਤੇ ਦੂਰਸੰਚਾਰ ਦੇ ਅੰਕੜੇ ਸ਼ਾਮਲ ਹਨ। ਇਸ ਦਾ ਆਧਾਰ ਸਾਲ 2022-23 ਹੈ।

ਸਰਵਿਸ ਪੀ. ਪੀ. ਆਈ. ਕਿਸੇ ਸੇਵਾ ਦੇ ਉਤਪਾਦਨ ’ਤੇ ਉਤਪਾਦਕਾਂ ਨੂੰ ਮਿਲਣ ਵਾਲੀਆਂ ਔਸਤ ਕੀਮਤਾਂ ’ਚ ਤਬਦੀਲੀ ਨੂੰ ਮਾਪਦਾ ਹੈ। ਅੰਕੜਿਆਂ ਅਨੁਸਾਰ ਵਿੱਤੀ ਸਾਲ 2026-27 ਦੀ ਦੂਜੀ ਤਿਮਾਹੀ ’ਚ ਹਵਾਈ ਯਾਤਰੀ ਸੇਵਾਵਾਂ ਦੇ ਮੁੱਲ ਸੂਚਕ ਅੰਕ ’ਚ ਸਾਲਾਨਾ ਆਧਾਰ ’ਤੇ 35.52 ਫੀਸਦੀ ਦਾ ਵਾਧਾ ਹੋਇਆ, ਜਦੋਂਕਿ ਪਹਿਲੀ ਤਿਮਾਹੀ ’ਚ ਇਹ ਵਾਧਾ 31.94 ਫੀਸਦੀ ਸੀ। ਸਤੰਬਰ ਤਿਮਾਹੀ ’ਚ ਰੇਲਵੇ ਯਾਤਰੀ ਸੇਵਾਵਾਂ ਦੇ ਮੁੱਲ ਸੂਚਕ ਅੰਕ ’ਚ ਸਾਲਾਨਾ ਆਧਾਰ ’ਤੇ 2.17 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ।

ਜੂਨ ਤਿਮਾਹੀ ’ਚ ਇਹ ਦਰ 3.50 ਫੀਸਦੀ ਸੀ। ਵਿੱਤੀ ਸਾਲ 2026-27 ਦੀ ਦੂਜੀ ਤਿਮਾਹੀ ’ਚ ‘ਬੈਂਕਿੰਗ ਸੇਵਾ ਯੋਗਦਾਨ’ ’ਚ ਮਹਿੰਗਾਈ ਦਰ 3.86 ਫੀਸਦੀ ਰਹੀ, ਜੋ ਪਹਿਲੀ ਤਿਮਾਹੀ ਦੇ 2.62 ਫੀਸਦੀ ਤੋਂ ਵੱਧ ਹੈ। ਉੱਧਰ ‘ਬੈਂਕਿੰਗ ਸੇਵਾ ਮੁੱਲ’ ’ਚ ਦੂਜੀ ਤਿਮਾਹੀ ਦੌਰਾਨ 3.96 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ, ਜਦੋਂਕਿ ਪਹਿਲੀ ਤਿਮਾਹੀ ’ਚ ਇਹ 4.98 ਫੀਸਦੀ ਸੀ। ਸਕਿਓਰਿਟੀਜ਼ ਲੈਣ-ਦੇਣ ਸੇਵਾਵਾਂ ਦੀਆਂ ਕੀਮਤਾਂ ’ਚ ਦੂਜੀ ਤਿਮਾਹੀ ’ਚ 6.93 ਫੀਸਦੀ ਦੀ ਮਹਿੰਗਾਈ ’ਚ ਕਮੀ ਦਰਜ ਕੀਤੀ ਗਈ, ਜਦੋਂਕਿ ਜੂਨ ਤਿਮਾਹੀ ’ਚ ਇਹ 1.32 ਫੀਸਦੀ ਸੀ।

ਸਤੰਬਰ ਤਿਮਾਹੀ ’ਚ ਪੈਨਸ਼ਨ ਫੰਡ ਵਿਵਸਥਾ, ਬੀਮਾ ਅਤੇ ਦੂਰਸੰਚਾਰ ਸੇਵਾਵਾਂ ’ਚ ਕ੍ਰਮਵਾਰ 1.01 ਫੀਸਦੀ, 0.49 ਫੀਸਦੀ ਅਤੇ 0.54 ਫੀਸਦੀ ਮਹਿੰਗਾਈ ਦਰਜ ਕੀਤੀ ਗਈ। ਜੂਨ ਤਿਮਾਹੀ ’ਚ ਇਨ੍ਹਾਂ ਖੇਤਰਾਂ ਦੀ ਮਹਿੰਗਾਈ ਦਰ ਕ੍ਰਮਵਾਰ 5.48 ਫੀਸਦੀ, 0.98 ਫੀਸਦੀ ਅਤੇ 0.72 ਫੀਸਦੀ ਸੀ।\


author

Shubam Kumar

Content Editor

Related News