ਫਸਲ ਸਾਲ 2022-23 ''ਚ 11.2 ਕਰੋੜ ਟਨ ਦੇ ਰਿਕਾਰਡ ''ਤੇ ਪਹੁੰਚ ਸਕਦੈ ਕਣਕ ਉਤਪਾਦਨ : ਅਧਿਕਾਰੀ
Friday, Jan 13, 2023 - 02:34 PM (IST)
ਨਵੀਂ ਦਿੱਲੀ—ਦੇਸ਼ ਦਾ ਕਣਕ ਉਤਪਾਦਨ ਫਸਲ ਸਾਲ 2022-23 (ਜੁਲਾਈ-ਜੂਨ) 'ਚ 11.2 ਕਰੋੜ ਟਨ ਤੋਂ ਜ਼ਿਆਦਾ ਦੇ ਰਿਕਾਰਡ ਪੱਧਰ 'ਤੇ ਪਹੁੰਚ ਸਕਦਾ ਹੈ। ਸਰਕਾਰੀ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ ਹੈ। ਖੇਤੀਬਾੜੀ ਮੰਤਰਾਲੇ ਦੇ ਅੰਕੜਿਆਂ ਅਨੁਸਾਰ ਫਸਲ ਸਾਲ 2021-22 'ਚ ਗਰਮੀ ਦੀ ਲਹਿਰ ਕਾਰਨ ਪ੍ਰਮੁੱਖ ਉਤਪਾਦਕ ਸੂਬਿਆਂ 'ਚ ਕਣਕ ਦਾ ਉਤਪਾਦਨ ਘਟ ਕੇ 10 ਕਰੋੜ 68.4 ਲੱਖ ਟਨ ਰਹਿ ਗਿਆ ਸੀ। ਸਾਲ 2020-21 'ਚ ਦੇਸ਼ 'ਚ ਰਿਕਾਰਡ 10 ਕਰੋੜ 95.9 ਲੱਖ ਟਨ ਕਣਕ ਦਾ ਉਤਪਾਦਨ ਹੋਇਆ ਸੀ। ਸੂਤਰਾਂ ਨੇ ਕਿਹਾ ਕਿ ਮੌਸਮ ਦੀ ਮੌਜੂਦਾ ਸਥਿਤੀ ਅਤੇ ਕਣਕ ਦੀ ਕਾਸ਼ਤ ਹੇਠ ਰਕਬੇ 'ਚ ਮਾਮੂਲੀ ਵਾਧੇ ਕਾਰਨ ਕਣਕ ਦੀ ਬਿਹਤਰ ਫਸਲ ਹੋਣ ਦੀ ਸੰਭਾਵਨਾ ਹੈ। ਇਸ ਸਾਲ ਕੁੱਲ ਉਤਪਾਦਨ 11.2 ਕਰੋੜ ਟਨ ਤੋਂ ਵੱਧ ਹੋਣ ਦਾ ਅਨੁਮਾਨ ਹੈ।
ਹਾੜ੍ਹੀ ਦੀ ਮੁੱਖ ਫ਼ਸਲ ਕਣਕ ਦੀ ਬਿਜਾਈ ਅਕਤੂਬਰ ਤੋਂ ਸ਼ੁਰੂ ਹੋ ਗਈ ਸੀ, ਜਦੋਂ ਕਿ ਕਟਾਈ ਮਾਰਚ/ਅਪ੍ਰੈਲ ਤੋਂ ਸ਼ੁਰੂ ਹੋ ਜਾਵੇਗੀ। ਤਾਜ਼ਾ ਅੰਕੜਿਆਂ ਅਨੁਸਾਰ, ਕਿਸਾਨਾਂ ਨੇ ਫਸਲ ਸਾਲ 2022-23 (ਜੁਲਾਈ-ਜੂਨ) ਦੇ ਮੌਜੂਦਾ ਹਾੜੀ ਸੀਜ਼ਨ 'ਚ 6 ਜਨਵਰੀ ਤੱਕ 332.16 ਲੱਖ ਹੈਕਟੇਅਰ 'ਚ ਕਣਕ ਦੀ ਬਿਜਾਈ ਕੀਤੀ ਹੈ, ਜਦੋਂ ਕਿ ਪਿਛਲੇ ਸਾਲ ਇਸ ਸਮੇਂ ਦੌਰਾਨ ਇਹ 329.88 ਲੱਖ ਹੈਕਟੇਅਰ ਸੀ।
ਅੰਕੜਿਆਂ ਅਨੁਸਾਰ ਰਾਜਸਥਾਨ 'ਚ 2.52 ਲੱਖ ਹੈਕਟੇਅਰ ਰਕਬੇ 'ਚ ਕਣਕ ਦੀ ਬਿਜਾਈ ਹੋਈ ਹੈ। ਇਸ ਤੋਂ ਬਾਅਦ ਲੜੀਵਾਰ: ਉੱਤਰ ਪ੍ਰਦੇਸ਼ (1.69 ਲੱਖ ਹੈਕਟੇਅਰ), ਮਹਾਰਾਸ਼ਟਰ (1.20 ਲੱਖ ਹੈਕਟੇਅਰ), ਗੁਜਰਾਤ (70,000 ਹੈਕਟੇਅਰ), ਛੱਤੀਸਗੜ੍ਹ (63,000 ਹੈਕਟੇਅਰ), ਬਿਹਾਰ (44,000 ਹੈਕਟੇਅਰ), ਪੱਛਮੀ ਬੰਗਾਲ (10,000 ਹੈਕਟੇਅਰ), ਜੰਮੂ ਅਤੇ ਕਸ਼ਮੀਰ (6,000 ਹੈਕਟੇਅਰ) ਅਤੇ ਅਸਾਮ (3,000 ਹੈਕਟੇਅਰ) ਦਾ ਨੰਬਰ ਆਉਂਦਾ ਹੈ।