ਵਿਸਤਾਰਾ ਸ਼ੁਰੂ ਕਰਨ ਜਾ ਰਿਹੈ ਕੌਮਾਂਤਰੀ ਫਲਾਈਟ, ਘੁੰਮ ਸਕੋਗੇ ਇਹ ਥਾਵਾਂ
Wednesday, Aug 29, 2018 - 03:34 PM (IST)
ਨਵੀਂ ਦਿੱਲੀ— ਹਵਾਈ ਜਹਾਜ਼ ਕੰਪਨੀ ਵਿਸਤਾਰਾ ਜਲਦ ਹੀ ਕੌਮਾਂਤਰੀ ਫਲਾਈਟਸ ਸ਼ੁਰੂ ਕਰਨ ਜਾ ਰਹੀ ਹੈ। ਵਿਸਤਾਰਾ ਇਸ ਸਾਲ ਅਕਤੂਬਰ ਤੋਂ ਕੌਮਾਂਤਰੀ ਮਾਰਗਾਂ 'ਤੇ ਫਲਾਈਟ ਸ਼ੁਰੂ ਕਰ ਸਕਦੀ ਹੈ। ਸੂਤਰਾਂ ਮੁਤਾਬਕ ਵਿਸਤਾਰਾ ਦਿੱਲੀ ਤੋਂ ਸ਼੍ਰੀਲੰਕਾ ਦੇ ਕੋਲੰਬੋ ਅਤੇ ਥਾਈਲੈਂਡ ਦੇ ਨੇੜੇ ਆਈਲੈਂਡ ਫੂਕੇਟ ਲਈ ਫਲਾਈਟਸ ਚਲਾ ਸਕਦੀ ਹੈ। ਨਵੀਂ ਪਾਲਿਸੀ ਤਹਿਤ ਕੋਈ ਹਵਾਬਾਜ਼ੀ ਕੰਪਨੀ ਕੌਮਾਂਤਰੀ ਮਾਰਗਾਂ 'ਤੇ ਉਡਾਣ ਭਰਨ ਦੇ ਯੋਗ ਤਦ ਹੀ ਹੋ ਸਕਦੀ ਹੈ, ਜਦੋਂ ਉਸ ਕੋਲ ਘਰੇਲੂ ਓਪੇਰਸ਼ਨ ਲਈ 20 ਜਹਾਜ਼ ਹੋਣ। ਵਿਸਤਾਰਾ ਨੇ ਜਨਵਰੀ 2015 'ਚ ਸੰਚਾਲਨ ਸ਼ੁਰੂ ਕੀਤਾ ਸੀ ਅਤੇ ਇਸ ਸਾਲ ਅਪ੍ਰੈਲ ਤਕ ਉਸ ਦੇ ਜਹਾਜ਼ਾਂ ਦੀ ਗਿਣਤੀ ਵਧ ਕੇ 20 ਹੋ ਗਈ ਅਤੇ ਹੁਣ ਉਸ ਕੋਲ 22 ਜਹਾਜ਼ ਹਨ। ਇਸ ਲਈ ਕੰਪਨੀ ਦੋ ਕੌਮਾਂਤਰੀ ਮਾਰਗਾਂ 'ਤੇ ਸੇਵਾਵਾਂ ਸ਼ੁਰੂ ਕਰ ਸਕਦੀ ਹੈ।
ਸੂਤਰਾਂ ਮੁਤਾਬਕ ਵਿਸਤਾਰਾ ਦੁਬਈ ਲਈ ਫਲਾਈਟ ਸ਼ੁਰੂ ਕਰਨਾ ਚਾਹੁੰਦੀ ਸੀ ਪਰ ਭਾਰਤ-ਦੁਬਈ ਸਮਝੌਤੇ ਤਹਿਤ ਕੋਟੇ 'ਚ ਜਗ੍ਹਾ ਨਹੀਂ ਬਚੀ। ਨਵੀਂ ਪਾਲਿਸੀ ਤਹਿਤ ਕੋਟਾ ਵਧਾਇਆ ਜਾ ਸਕਦਾ ਹੈ ਪਰ ਕਿਉਂਕਿ ਭਾਰਤੀ ਹਵਾਈ ਜਹਾਜ਼ ਕੰਪਨੀਆਂ ਦੁਬਈ ਹਵਾਈ ਅੱਡੇ 'ਤੇ ਬਿਹਤਰ ਸਲਾਟ ਲਈ ਗੱਲਬਾਤ ਕਰ ਰਹੀਆਂ ਹਨ, ਇਸ ਲਈ ਸਾਰਾ ਮਾਮਲਾ ਅਟਕ ਗਿਆ ਹੈ। ਮੌਜੂਦਾ ਸਮੇਂ ਦਿੱਲੀ ਅਤੇ ਬੈਂਕਾਕ ਵਿਚਕਾਰ ਏਅਰ ਇੰਡੀਆ, ਜੈੱਟ ਏਅਰਵੇਜ਼, ਸਪਾਈਸ ਜੈੱਟ ਅਤੇ ਥਾਈ ਏਅਰਵੇਜ਼ ਦੇ ਜਹਾਜ਼ ਉਡਾਣ ਭਰਦੇ ਹਨ, ਜਦੋਂ ਕਿ ਦਿੱਲੀ-ਕੋਲੰਬੋ ਵਿਚਕਾਰ ਏਅਰ ਇੰਡੀਆ ਅਤੇ ਸ਼੍ਰੀਲੰਕਾ ਏਅਰਲਾਈਨ ਓਪਰੇਟ ਕਰਦੀਆਂ ਹਨ। ਸ਼੍ਰੀਲੰਕਾ ਅਤੇ ਫੂਕੇਟ ਹਾਲ ਹੀ ਦੇ ਸਮੇਂ 'ਚ ਟੂਰਸਿਟਸ ਦੇ ਘੁੰਮਣ ਲਈ ਪ੍ਰਸਿੱਧ ਹੋਏ ਹਨ। ਲਿਹਾਜਾ ਵਿਸਤਾਰਾ ਨੂੰ ਘੁੰਮਣ-ਫਿਰਨ ਦੇ ਸ਼ੌਂਕ ਰੱਖਣ ਵਾਲੇ ਲੋਕਾਂ ਨੂੰ ਆਕਰਸ਼ਤ ਕਰਨ ਦਾ ਫਾਇਦਾ ਮਿਲ ਸਕਦਾ ਹੈ। ਹਾਲਾਂਕਿ ਵਿਸਤਾਰਾ ਵੱਲੋਂ ਕੌਮਾਂਤਰੀ ਫਲਾਈਟ ਸ਼ੁਰੂ ਕਰਨ ਤੋਂ ਪਹਿਲਾਂ ਵੱਖ-ਵੱਖ ਅਥਾਰਟੀਜ਼ ਕੋਲੋਂ ਮਨਜ਼ੂਰੀ ਲੈਣੀ ਬਾਕੀ ਹੈ।
