ਵਿਸ਼ਵ ਦੇ ਤੀਜੇ ਵੱਡੇ ਚੌਲ ਬਰਾਮਦਕਾਰ ਨੂੰ ਭਾਰਤ ਤੋਂ ਕਰਨੀ ਪੈ ਰਹੀ ਖ਼ਰੀਦ

Tuesday, Jan 05, 2021 - 03:22 PM (IST)

ਵਿਸ਼ਵ ਦੇ ਤੀਜੇ ਵੱਡੇ ਚੌਲ ਬਰਾਮਦਕਾਰ ਨੂੰ ਭਾਰਤ ਤੋਂ ਕਰਨੀ ਪੈ ਰਹੀ ਖ਼ਰੀਦ

ਹਨੋਈ- ਵਿਸ਼ਵ ਦਾ ਤੀਜਾ ਸਭ ਤੋਂ ਵੱਡਾ ਚੌਲ ਬਰਾਮਦਕਾਰ ਦੇਸ਼ ਵੀਅਤਨਾਮ ਦਹਾਕਿਆਂ ਵਿਚ ਪਹਿਲੀ ਵਾਰ ਭਾਰਤ ਤੋਂ ਚੌਲ ਖ਼ਰੀਦ ਰਿਹਾ ਹੈ। ਇਸ ਦੀ ਵਜ੍ਹਾ ਇਹ ਹੈ ਕਿ ਉੱਥੇ ਸਪਲਾਈ ਘੱਟ ਹੋਣ ਨਾਲ ਕੀਮਤਾਂ ਵੱਧ ਕੇ ਨੌ ਸਾਲਾਂ ਦੇ ਉੱਚੇ ਪੱਧਰ 'ਤੇ ਪਹੁੰਚ ਗਈਆਂ ਹਨ।

ਰਾਈਟਰ ਨੇ ਵੀਅਤਨਾਮ ਦੇ ਅੰਕੜਾ ਦਫ਼ਤਰ ਦੇ ਹਵਾਲੇ ਨਾਲ ਖ਼ਬਰ ਦਿੱਤੀ ਹੈ ਕਿ ਸਾਲ 2020 ਵਿਚ ਉਸ ਦੀ ਝੋਨਾ ਪੈਦਾਵਾਰ 1.85 ਫ਼ੀਸਦੀ ਘੱਟ ਕੇ 4.26 ਕਰੋੜ ਟਨ ਰਹੀ, ਜਿਸ ਨਾਲ ਉਸ ਦਾ ਚੌਲ ਉਤਪਾਦਨ 2.13 ਕਰੋੜ ਟਨ ਰਿਹਾ।

ਵੀਅਤਨਾਮ ਤੋਂ ਭਾਰਤ ਨੂੰ 70 ਹਜ਼ਾਰ ਟਨ ਕਣੀ ਚੌਲ ਦੀ ਖ਼ਰੀਦ ਲਈ ਆਰਡਰ ਮਿਲਿਆ ਹੈ। ਇਸ ਨੂੰ ਇਸੇ ਜਨਵਰੀ ਅਤੇ ਫਰਵਰੀ ਵਿਚ ਬਰਾਮਦ ਕੀਤਾ ਜਾਣਾ ਹੈ। ਇਹ ਸੌਦਾ ਭਾਰਤੀ ਬਰਾਮਦਕਾਰਾਂ ਨਾਲ 310 ਡਾਲਰ ਪ੍ਰਤੀ ਟਨ ਦੀ ਦਰ ਨਾਲ ਹੋਇਆ ਹੈ। ਕਿਹਾ ਜਾ ਰਿਹਾ ਹੈ ਕਿ ਸਪਲਾਈ ਵਿਚ ਕਮੀ ਹੋਣ ਕਾਰਨ ਵੀਅਤਨਾਮ ਭੰਡਾਰ ਕਰਨ ਲਈ ਖ਼ਰੀਦ ਕਰ ਰਿਹਾ ਹੈ। ਪਿਛਲੇ ਸਾਲ ਵੀਅਤਨਾਮ ਨੇ ਕਿਹਾ ਸੀ ਕਿ ਕੋਰੋਨਾ ਵਾਇਰਸ ਦੀ ਵਜ੍ਹਾ ਨਾਲ ਗੜਬੜਾਈ ਸਪਲਾਈ ਚੇਨ ਨੂੰ ਠੀਕ ਕਰਨ ਲਈ ਉਹ ਤਕਰੀਬਨ 2,70,000 ਟਨ ਚੌਲ ਦਾ ਭੰਡਾਰ ਬਣਾਏਗਾ। ਘਟਦੀ ਸਪਲਾਈ ਦੇ ਨਾਲ-ਨਾਲ ਫਿਲਪੀਨਜ਼ ਦੇ ਲਗਾਤਾਰ ਚੌਲ ਖ਼ਰੀਦਣ ਕਾਰਨ ਵੀਅਤਨਾਮ ਵਿਚ ਚੌਲ ਦੀਆਂ ਕੀਮਤਾਂ ਵਿਚ ਵਾਧਾ ਹੋਇਆ ਹੈ। ਇਹ ਕਦੇ ਵਿਸ਼ਵ ਬਾਜ਼ਾਰ ਵਿਚ ਭਾਰਤ ਨੂੰ ਚੁਣੌਤੀ ਦਿੰਦਾ ਸੀ।
 


author

Sanjeev

Content Editor

Related News