ਟੀਕਾਕਰਨ ਹੀ ਲੋਕਾਂ ਨੂੰ ਕੋਵਿਡ ਮਹਾਮਾਰੀ ਤੋਂ ਬਚਾਉਣ ਦਾ ਤਰੀਕਾ : ਟਾਟਾ ਅਧਿਕਾਰੀ
Sunday, May 09, 2021 - 01:11 PM (IST)
ਨਵੀਂ ਦਿੱਲੀ- ਟਾਟਾ ਗਰੁੱਪ ਦੇ ਇਕ ਉੱਚ ਅਧਿਕਾਰੀ ਨੇ ਕਿਹਾ ਕਿ ਤੇਜ਼ੀ ਨਾਲ ਟੀਕਾਕਰਨ ਚਲਾ ਕੇ ਹੀ ਲੋਕਾਂ ਨੂੰ ਕੋਵਿਡ-19 ਮਹਾਮਾਰੀ ਤੋਂ ਸੁਰੱਖਿਅਤ ਕੀਤਾ ਸਕਦਾ ਹੈ।
ਉੱਥੇ ਹੀ, ਦੇਸ਼ ਦੀ ਮਦਦ ਲਈ ਟਾਟਾ ਗਰੁੱਪ ਵਿਦੇਸ਼ਾਂ ਤੋਂ 60 ਕ੍ਰਾਓਜੈਨਿਕ ਕੰਟੇਨਰ ਲਿਆਉਣ ਅਤੇ ਤਕਰੀਬਨ 400 ਆਕਸੀਜਨ ਉਤਪਾਦਨ ਪਲਾਂਟ ਲਾਉਣ ਦੀ ਪ੍ਰਕਿਰਿਆ ਵਿਚ ਹੈ।
ਇਸ ਦੇ ਨਾਲ ਹੀ ਕੋਲਡ ਚੇਨ ਵੀ ਤਿਆਰ ਕਰ ਰਿਹਾ ਹੈ ਤਾਂ ਜੋ ਟ੍ਰਾਂਸਪੋਰਟੇਸ਼ਨ ਲਈ ਘੱਟ ਤਾਪਮਾਨ ਦੀ ਜ਼ਰੂਰਤ ਵਾਲੇ ਟੀਕੇ ਮਨਜ਼ੂਰ ਹੋਣ ਦੀ ਸਥਿਤੀ ਵਿਚ ਇਸ ਦਾ ਇਸਤੇਮਾਲ ਕੀਤਾ ਜਾ ਸਕੇ। ਟਾਟਾ ਸੰਨ ਦੇ ਮੁਖੀ (ਇੰਫਰਾਸਟ੍ਰਕਚਰ, ਸਕਿਓਰਿਟੀ, ਏਅਰੋਸਪੇਸ ਤੇ ਗਲੋਬਲ ਕੰਪਨੀ ਮਾਮਲੇ) ਬਨਮਾਲੀ ਅਗਰਵਾਲ ਨੇ ਕਿਹਾ, ''ਮੇਰੇ ਹਿਸਾਬ ਨਾਲ ਜਿੰਨੀ ਤੇਜ਼ੀ ਨਾਲ ਅਸੀਂ ਆਪਣੇ ਲੋਕਾਂ ਨੂੰ ਟੀਕਾ ਲਾਉਣ ਦੇ ਯੋਗ ਹੋਵਾਂਗੇ ਓਨਾ ਹੀ ਚੰਗਾ ਹੋਵੇਗਾ ਕਿਉਂਕਿ ਇਹ ਸਾਡੇ ਲੋਕਾਂ ਦੀ ਸੁਰੱਖਿਆ ਦਾ ਇਕ ਸਪੱਸ਼ਟ ਤਰੀਕਾ ਹੈ। ” ਉਨ੍ਹਾਂ ਕਿਹਾ ਕਿ ਦੇਸ਼ ਵਿਚ ਜਿੰਨੇ ਜ਼ਿਆਦਾ ਟੀਕੇ ਹੋਣਗੇ, ਲੋਕਾਂ ਨੂੰ ਟੀਕਾ ਲਾਉਣਾ ਓਨਾ ਹੀ ਸੌਖਾ ਹੋ ਸਕਦਾ ਹੈ। ਅਗਰਵਾਲ ਨੇ ਕਿਹਾ ਕਿ ਟਾਟਾ ਗਰੁੱਪ ਟੀਕਾਕਰਨ ਪ੍ਰੋਗਰਾਮ ਵਿਚ ਸਹਾਇਤਾ ਦੇਣ ਨੂੰ ਲੈ ਕੇ ਤਿਆਰੀ ਕਰ ਰਿਹਾ ਹੈ। ਇਕ-ਦੋ ਹਫ਼ਤੇ ਵਿਚ ਤਿਆਰੀ ਹੋ ਜਾਵੇਗੀ।