ਵੀਜ਼ਾ 'ਤੇ ਅਮਰੀਕਾ ਹੋ ਸਕਦੈ ਨਰਮ, ਨਿਕਲੇਗਾ ਨੌਕਰੀ ਕਰਨ ਦਾ ਰਾਹ

Sunday, Oct 15, 2017 - 03:23 PM (IST)

ਵਾਸ਼ਿੰਗਟਨ— ਹਾਲ ਹੀ 'ਚ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਵੀਜ਼ਾ ਨਿਯਮਾਂ ਨੂੰ ਲੈ ਕੇ ਸਖਤੀ ਵਰਤੀ ਜਾ ਰਹੀ ਹੈ, ਜਿਸ ਕਾਰਨ ਬਹੁਤ ਸਾਰੇ ਭਾਰਤੀ ਵਰਕਰਾਂ ਨੂੰ ਵੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਮੁੱਦੇ ਨੂੰ ਚੁੱਕਦੇ ਹੋਏ ਅਰੁਣ ਜੇਤਲੀ ਨੇ ਭਾਰਤੀ ਲੋਕਾਂ ਪ੍ਰਤੀ ਅਮਰੀਕਾ ਨੂੰ ਆਪਣੇ ਫੈਸਲੇ 'ਤੇ ਵਿਚਾਰ ਕਰਨ ਨੂੰ ਕਿਹਾ ਹੈ। ਅਰੁਣ ਜੇਤਲੀ ਨੇ ਜ਼ੋਰ ਦਿੰਦੇ ਹੋਏ ਕਿਹਾ ਕਿ ਐੱਚ-1ਬੀ ਵੀਜ਼ਾ 'ਤੇ ਅਮਰੀਕਾ ਆਉਣ ਵਾਲੇ ਆਈ. ਟੀ. ਪੇਸ਼ੇਵਰ ਗੈਰ-ਕਾਨੂੰਨੀ ਆਰਥਿਕ ਪ੍ਰਵਾਸੀ ਨਹੀਂ ਹਨ। ਉਨ੍ਹਾਂ ਨੇ ਕਿਹਾ ਕਿ ਵੀਜ਼ਾ ਨੀਤੀ 'ਤੇ ਫੈਸਲਾ ਲੈਂਦੇ ਹੋਏ ਅਮਰੀਕਾ ਨੂੰ ਇਸ 'ਤੇ ਜ਼ਰੂਰ ਸਹੀ ਢੰਗ ਨਾਲ ਵਿਚਾਰ ਕਰਨਾ ਚਾਹੀਦਾ ਹੈ। ਐੱਚ-1ਬੀ ਵੀਜ਼ਾ ਗੈਰ-ਪ੍ਰਵਾਸ ਵੀਜ਼ਾ ਹੈ, ਜਿਸ 'ਤੇ ਅਮਰੀਕੀ ਕੰਪਨੀਆਂ ਵਿਦੇਸ਼ੀ ਵਰਕਰਾਂ ਨੂੰ ਖਾਸ ਕਿੱਤਿਆਂ 'ਚ ਰੱਖਦੀਆਂ ਹਨ। ਭਾਰਤੀ ਆਈ. ਟੀ. ਪੇਸ਼ੇਵਰਾਂ 'ਚ ਇਸ ਦੀ ਸਭ ਤੋਂ ਜ਼ਿਆਦਾ ਮੰਗ ਰਹਿੰਦੀ ਹੈ। 

 

PunjabKesari

ਅਮਰੀਕੀ ਦੌਰੇ 'ਤੇ ਗਏ ਵਿੱਤ ਮੰਤਰੀ ਅਰੁਣ ਜੇਤਲੀ ਨੇ ਭਾਰਤੀ ਵਰਕਰਾਂ ਦੀ ਜ਼ੋਰਦਾਰ ਵਕਾਲਤ ਕੀਤੀ ਹੈ। ਉਨ੍ਹਾਂ ਨੇ ਕਿਹਾ, ''ਐੱਚ-1ਬੀ ਵੀਜ਼ਾ 'ਤੇ ਆਉਣ ਵਾਲੇ ਭਾਰਤੀ ਉੱਚ ਪੱਧਰ ਦੇ ਪੇਸ਼ੇਵਰ ਹਨ, ਜੋ ਅਮਰੀਕੀ ਅਰਥ-ਵਿਵਸਥਾ 'ਚ ਵੱਡਾ ਯੋਗਦਾਨ ਪਾਉਂਦੇ ਹਨ। ਉਹ ਕੋਈ ਗੈਰ-ਆਰਥਿਕ ਪ੍ਰਵਾਸੀ ਨਹੀਂ ਹਨ, ਜਿਨ੍ਹਾਂ ਬਾਰੇ ਅਮਰੀਕਾ 'ਚ ਚਿੰਤਾ ਹੈ। ਉਹ ਇੱਥੇ ਕਾਨੂੰਨੀ ਤਰੀਕੇ ਨਾਲ ਆਉਂਦੇ ਹਨ।'' ਜੇਤਲੀ ਨੇ ਦੱਸਿਆ ਕਿ ਉਨ੍ਹਾਂ ਨੇ ਇਹ ਮੁੱਦਾ ਅਮਰੀਕੀ ਖਜ਼ਾਨਾ ਸਕੱਤਰ ਸਟੀਵਨ ਮਨੁਚਿਨ ਅਤੇ ਵਣਜ ਸਕੱਤਰ ਵਿਲਬਰ ਰੋਜ਼ ਨਾਲ ਬੈਠਕ ਦੌਰਾਨ ਚੁੱਕਿਆ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤੀ ਆਈ. ਟੀ. ਪੇਸ਼ੇਵਰ ਵੱਖਰੇ ਵਤੀਰੇ ਦੇ ਹੱਕਦਾਰ ਹਨ, ਅਸੀਂ ਆਪਣੀਆਂ ਚਿੰਤਾਵਾਂ ਅਮਰੀਕਾ ਸਾਹਮਣੇ ਰੱਖ ਦਿੱਤੀਆਂ ਹਨ। ਤੁਹਾਨੂੰ ਦੱਸ ਦੇਈਏ ਕਿ ਵਿੱਤ ਮੰਤਰੀ ਅਰੁਣ ਜੇਤਲੀ ਕੌਮਾਂਤਰੀ ਮੁਦਰਾ ਫੰਡ ਅਤੇ ਵਿਸ਼ਵ ਬੈਂਕ ਨਾਲ ਸਾਲਾਨਾ ਬੈਠਕ ਲਈ ਅਮਰੀਕੀ ਦੌਰੇ 'ਤੇ ਹਨ। ਦੱਸਣਯੋਗ ਹੈ ਕਿ ਭਾਰਤੀ ਤਕਨੀਕੀ ਕੰਪਨੀਆਂ ਅਮਰੀਕਾ 'ਚ ਆਪਣੇ ਕਾਰੋਬਾਰ ਲਈ ਹਜ਼ਾਰਾਂ ਕਰਮਚਾਰੀਆਂ ਦੀ ਭਰਤੀ ਲਈ ਐੱਚ-1ਬੀ ਵੀਜ਼ਾ 'ਤੇ ਨਿਰਭਰ ਕਰਦੀਆਂ ਹਨ। ਵਿੱਤ ਮੰਤਰੀ ਅਰੁਣ ਜੇਤਲੀ ਵੱਲੋਂ ਇਹ ਮੁੱਦਾ ਚੁੱਕੇ ਜਾਣ 'ਤੇ ਅਮਰੀਕਾ ਆਪਣੀ ਵੀਜ਼ਾ ਪਾਲਿਸੀ 'ਤੇ ਮੁੜ ਵਿਚਾਰ ਕਰ ਸਕਦਾ ਹੈ। ਇਸ ਦਾ ਇਕ ਸਭ ਤੋਂ ਵੱਡਾ ਕਾਰਨ ਹੈ ਕਿ ਅਮਰੀਕੀ ਅਰਥਵਿਵਸਥਾ 'ਚ ਭਾਰਤੀ ਪੇਸ਼ੇਵਰਾਂ ਦਾ ਯੋਗਦਾਨ ਕਾਫ਼ੀ ਜ਼ਿਆਦਾ ਹੈ।


Related News