ਬੇਮੌਸਮੀ ਬਾਰਿਸ਼ ਨੇ ਫਸਲਾਂ ਨੂੰ ਪਹੁੰਚਾਇਆ ਨੁਕਸਾਨ : ਤੋਮਰ
Saturday, Oct 15, 2022 - 05:44 PM (IST)
ਨਵੀਂ ਦਿੱਲੀ- ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਸ਼ਨੀਵਾਰ ਨੂੰ ਕਿਹਾ ਕਿ ਬੇਮੌਸਮੀ ਬਾਰਿਸ਼ ਕਾਰਨ ਫਸਲਾਂ ਨੂੰ ਨੁਕਸਾਨ ਹੋਇਆ ਹੈ ਅਤੇ ਸਰਕਾਰ ਨੁਕਸਾਨ ਦਾ ਜਾਇਜ਼ਾ ਲੈਣ ਲਈ ਸੂਬਿਆਂ ਤੋਂ ਜਾਣਕਾਰੀ ਦੀ ਉਡੀਕ ਕਰ ਰਹੀ ਹੈ। ਤੋਮਰ ਨੇ ਪੱਤਰਕਾਰਾਂ ਨੂੰ ਕਿਹਾ ਕਿ,ਨਿਸ਼ਚਿਤ ਰੂਪ ਨਾਲ ''ਬੇਮੌਸਮੀ ਬਾਰਿਸ਼ ਕਾਰਨ ਫਸਲਾਂ ਨੂੰ ਯਕੀਨਨ ਨੁਕਸਾਨ ਹੋਇਆ ਹੈ। ਸਰਵੇਖਣ ਚੱਲ ਰਿਹਾ ਹੈ ਅਤੇ ਅਸੀਂ ਨੁਕਸਾਨ ਦੀ ਹੱਦ ਦਾ ਮੁਲਾਂਕਣ ਕਰਨ ਲਈ ਸੂਬਿਆਂ ਤੋਂ ਜਾਣਕਾਰੀ ਦੀ ਉਡੀਕ ਕਰ ਰਹੇ ਹਾਂ।'' ਉਨ੍ਹਾਂ ਕਿਹਾ ਕਿ ਕਿਸਾਨ ਮਾਨਸੂਨ 'ਤੇ ਨਿਰਭਰ ਹਨ, ਜਿਸ ਦਾ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਸਾਰੇ ਉਪਾਵਾਂ ਦੇ ਬਾਵਜੂਦ ਕਿਸਾਨ ਕੁਦਰਤ 'ਤੇ ਨਿਰਭਰ ਹਨ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰਾਂ ਕੋਲ ਰਾਜ ਆਫ਼ਤ ਰਾਹਤ ਫੰਡ ਹੈ ਜਿਸ ਦੀ ਵਰਤੋਂ ਉਹ ਕਿਸਾਨਾਂ ਨੂੰ ਮੁਆਵਜ਼ਾ ਦੇਣ ਲਈ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਫਸਲ ਨੂੰ ਹੋਏ ਨੁਕਸਾਨ ਦੀ ਮਾਤਰਾ ਦਾ ਮੁਲਾਂਕਣ ਕਰਨ ਤੋਂ ਬਾਅਦ ਰਾਸ਼ਟਰੀ ਆਫਤ ਰਾਹਤ ਫੰਡ ਵਲੋਂ ਹੋਰ ਰਾਸ਼ੀ ਜਾਰੀ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਹਾੜੀ ਦੀਆਂ ਫਸਲਾਂ ਲਈ ਘੱਟੋ-ਘੱਟ ਸਮਰਥਨ ਮੁੱਲ (ਐੱਮ. ਐੱਸ. ਪੀ.) ਦਾ ਐਲਾਨ ਜਲਦੀ ਹੀ ਕੀਤਾ ਜਾਵੇਗਾ।
ਖੇਤੀਬਾੜੀ ਮੰਤਰਾਲੇ ਵੱਲੋਂ ਸ਼ੁੱਕਰਵਾਰ ਨੂੰ ਜਾਰੀ ਅੰਕੜਿਆਂ ਅਨੁਸਾਰ ਦੇਸ਼ ਭਰ 'ਚ ਹਾੜੀ ਦੀਆਂ ਫਸਲਾਂ, ਖਾਸ ਕਰਕੇ ਤੇਲ ਬੀਜਾਂ ਅਤੇ ਦਾਲਾਂ ਦੀ ਬਿਜਾਈ ਸ਼ੁਰੂ ਹੋ ਗਈ ਹੈ ਅਤੇ ਹੁਣ ਤੱਕ ਲਗਭਗ 7.34 ਲੱਖ ਹੈਕਟੇਅਰ ਜ਼ਮੀਨ 'ਚ ਬਿਜਾਈ ਕੀਤੀ ਜਾ ਚੁੱਕੀ ਹੈ। ਕਣਕ ਮੁੱਖ ਹਾੜ੍ਹੀ ਦੀ ਫ਼ਸਲ ਹੈ ਪਰ ਰਾਜਾਂ ਤੋਂ ਬਿਜਾਈ ਦੇ ਅੰਕੜੇ ਅਜੇ ਨਹੀਂ ਮਿਲੇ ਹਨ।