ਯੂਕ੍ਰੇਨ-ਰੂਸ ਜੰਗ : ਭਾਰਤ ਵਿਚ ਮਹਿੰਗਾ ਹੋਵੇਗਾ ਖਾਣਾ ਪਕਾਉਣ ਵਾਲ ਤੇਲ
Monday, Feb 28, 2022 - 04:40 PM (IST)
ਨਵੀਂ ਦਿੱਲੀ (ਇੰਟ) - ਯੂਕ੍ਰੇਨ-ਰੂਸ ਵਿਚਕਾਰ ਚੱਲ ਰਹੀ ਜੰਗ ਦਾ ਅਸਰ ਭਾਰਤ ਵਿਚ ਵੀ ਦੇਖਣ ਨੂੰ ਮਿਲੇਗਾ। ਇੱਥੇ ਖਾਣ ਵਾਲੇ ਤੇਲ ਦੀ ਕੀਮਤ ਵੱਧ ਸਕਦੀ ਹੈ। ਇਸ ਦੀ ਵੱਡੀ ਵਜ੍ਹਾ ਇਹ ਹੈ ਕਿ ਰੂਸ ਅਤੇ ਯੂਕ੍ਰੇਨ ਦੋਵੇਂ ਦੇਸ਼ ਸੂਰਜਮੁਖੀ ਤੇਲ ਦੇ ਵੱਡੇ ਉਤਪਾਦਕ ਦੇਸ਼ ਹਨ।
ਇਸ ਤਣਾਅ ਨਾਲ ਦੋਵਾਂ ਵਿਚ ਸਪਲਾਈ ਦੀ ਕਮੀ ਪੈਦਾ ਹੋ ਜਾਵੇਗੀ, ਜਿਸ ਨਾਲ ਕੀਮਤਾਂ ਹੋਰ ਵੀ ਜ਼ਿਆਦਾ ਹੋ ਜਾਣਗੀਆਂ। ਭਾਰਤ ਨੂੰ ਹੋਰ ਦੇਸ਼ਾਂ ਦੀ ਤੁਲਣਾ ਵਿਚ ਜ਼ਿਆਦਾ ਨੁਕਸਾਨ ਹੋਵੇਗਾ, ਕਿਉਂਕਿ ਦੇਸ਼ ਦੀ 90 ਫੀਸਦੀ ਸੂਰਜਮੁਖੀ ਤੇਲ ਦਰਾਮਦ ਰੂਸ ਅਤੇ ਯੂਕ੍ਰੇਨ ਤੋਂ ਹੁੰਦੀ ਹੈ।
ਵਣਜ ਮੰਤਰਾਲਾ ਦੇ ਅੰਕੜਿਆਂ ਅਨੁਸਾਰ ਭਾਰਤ ਸਾਲਾਨਾ ਲੱਗਭੱਗ 2.5 ਮਿਲੀਅਨ ਟਨ ਸੂਰਜਮੁਖੀ ਤੇਲ ਦੀ ਖਪਤ ਕਰਦਾ ਹੈ ਪਰ ਇਹ ਸਿਰਫ 50,000 ਟਨ ਸੂਰਜਮੁਖੀ ਤੇਲ ਦਾ ਉਤਪਾਦਨ ਕਰਦਾ ਹੈ ਅਤੇ ਬਾਕੀ ਦਾ ਦਰਾਮਦ ਕਰਦਾ ਹੈ। ਸਾਰੀ ਖੁਰਾਕੀ ਤੇਲ ਦਾਰਮਦ ਵਿਚ ਸੂਰਜਮੁਖੀ ਤੇਲ ਦੀ ਹਿੱਸੇਦਾਰੀ 14 ਫੀਸਦੀ ਹੈ। ਤਾੜ (8-8.5 ਮਿਲੀਅਨ ਟਨ), ਸੋਇਆਬੀਨ (4.5 ਮਿਲੀਅਨ ਟਨ) ਅਤੇ ਸਰ੍ਹੋਂ/ਰੇਪਸੀਡ (3 ਮਿਲੀਅਨ ਟਨ) ਤੋਂ ਬਾਅਦ ਇਹ ਚੌਥਾ ਸਭ ਤੋਂ ਜ਼ਿਆਦਾ ਖਪਤ ਵਾਲਾ ਖੁਰਾਕੀ ਤੇਲ ਹੈ। ਸੂਰਜਮੁਖੀ ਦੇ ਤੇਲ ਦੀ ਕੀਮਤ ਫਰਵਰੀ 2019 ਵਿਚ 98 ਰੁਪਏ ਪ੍ਰਤੀ ਲਿਟਰ ਤੋਂ ਵਧ ਕੇ 161 ਰੁਪਏ ਹੋ ਗਈ।