2022 ’ਚ ਮਸਕ-ਬੇਜੋਸ ਵਰਗੇ ਅਮੀਰਾਂ ਦੇ ਖਰਬਾਂ ਡਾਲਰ ਡੁੱਬੇ, ਸਿਰਫ ਭਾਰਤੀ ਅਰਬਪਤੀਆਂ ਦੀ ਵਧੀ ਕਮਾਈ

07/02/2022 6:46:04 PM

ਨਵੀਂ ਦਿੱਲੀ (ਇੰਟ.)–ਸਾਲ 2022 ਦੁਨੀਆ ਦੇ ਅਮੀਰਾਂ ਲਈ ਹਾਲੇ ਤੱਕ ਚੰਗਾ ਨਹੀਂ ਰਿਹਾ ਹੈ। ਸ਼ੇਅਰ ਬਾਜ਼ਾਰਾਂ ’ਚ ਆ ਰਹੀ ਗਿਰਾਵਟ ਕਾਰਨ ਦੁਨੀਆ ਭਰ ਦੇ ਅਮੀਰਾਂ ਦੀਆਂ ਜਾਇਦਾਦਾਂ ’ਚ ਤੇਜ਼ੀ ਨਾਲ ਗਿਰਾਵਟ ਆਈ ਹੈ। ਬਲੂਮਬਰਗ ਵੱਲੋਂ ਜਾਰੀ ਬਿਲੇਨੀਅਰ ਇੰਡੈਕਸ ਮੁਤਾਬਕ ਸਾਲ 2022 ਦੇ ਸ਼ੁਰੂਆਤੀ 6 ਮਹੀਨਿਆਂ ’ਚ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਐਲਨ ਮਸਕ ਦੀ ਕੁੱਲ ਜਾਇਦਾਦ ਘਟ ਕੇ 210 ਅਰਬ ਡਾਲਰ ਰਹਿ ਗਈ ਅਤੇ ਇਸ ਦੌਰਾਨ ਉਨ੍ਹਾਂ ਨੂੰ 59.9 ਅਰਬ ਡਾਲਰ ਦਾ ਝਟਕਾ ਲੱਗਾ ਹੈ। ਦੂਜੇ ਨੰਬਰ ’ਤੇ ਕਬਜ਼ਾ ਕਰ ਕੇ ਬੈਠੇ ਜੈੱਫ ਬੇਜੋਸ ਦੀ ਕੁੱਲ ਜਾਇਦਾਦ 133 ਅਰਬ ਡਾਲਰ ਰਹਿ ਗਈ ਅਤੇ ਉਨ੍ਹਾਂ ਨੂੰ 59.3 ਅਰਬ ਡਾਲਰ ਦਾ ਨੁਕਸਾਨ ਹੋਇਆ ਹੈ। ਇਸ ਦੌਰਾਨ ਟੌਪ-10 ’ਚ ਸ਼ਾਮਲ ਸਿਰਫ ਭਾਰਤੀ ਅਰਬਪਤੀਆਂ ਦੀ ਜਾਇਦਾਦ ’ਚ ਹੀ ਵਾਧਾ ਦੇਖਿਆ ਗਿਆ ਹੈ।

ਇਹ ਵੀ ਪੜ੍ਹੋ : ਸੂਡਾਨ 'ਚ 9 ਲੋਕਾਂ ਦੀ ਮੌਤ ਤੋਂ ਬਾਅਦ ਸੜਕਾਂ 'ਤੇ ਪ੍ਰਦਰਸ਼ਨ

ਅੱਧੀ ਤੋਂ ਵੀ ਘੱਟ ਰਹਿ ਗਈ ਮਾਰਕ ਜ਼ੁਕਰਬਰਗ ਦੀ ਜਾਇਦਾਦ
ਸਭ ਤੋਂ ਵੱਧ ਨੁਕਸਾਨ ਫੇਸਬੁੱਕ ਦੇ ਕੋ-ਫਾਊਂਡਰ ਮਾਰਕ ਜ਼ੁਕਰਬਰਗ ਨੂੰ ਹੋਇਆ ਹੈ। ਬਲੂਮਬਰਗ ਮੁਤਾਬਕ ਸਾਲ 2022 ’ਚ ਜ਼ੁਕਰਬਰਗ ਦੀ ਕੁੱਲ ਜਾਇਦਾਦ 65.9 ਅਰਬ ਡਾਲਰ ਡਿੱਗ ਕੇ 59.3 ਅਰਬ ਡਾਲਰ ਰਹਿ ਗਈ ਹੈ। ਇੰਨੀ ਵੱਡੀ ਗਿਰਾਵਟ ਕਾਰਨ ਜ਼ੁਕਰਬਰਗ ਹੁਣ ਟੌਪ-10 ਦੀ ਸੂਚੀ ਤੋਂ ਵੀ ਬਾਹਰ ਹੋ ਗਏ ਹਨ। ਜ਼ੁਕਰਬਰਗ ਹੁਣ ਅਰਬਪਤੀਆਂ ਦੀ ਲਿਸਟ ’ਚ 17ਵੇਂ ਸਥਾਨ ’ਤੇ ਪਹੁੰਚ ਗਏ ਹਨ। ਸੂਚੀ ’ਚ ਤੀਜੇ ਸਥਾਨ ’ਤੇ ਕਬਜ਼ਾ ਕਰ ਕੇ ਬੈਠੇ ਫ੍ਰਾਂਸ ਦੇ ਬਰਨਾਰਡ ਅਰਨਾਲਟ ਦੀ ਜਾਇਦਾਦ 2022 ’ਚ ਹੁਣ ਤੱਕ 50.4 ਅਰਬ ਡਾਲਰ ਘਟ ਚੁੱਕੀ ਹੈ ਅਤੇ ਹੁਣ ਇਹ 128 ਅਰਬ ਡਾਲਰ ਰਹਿ ਗਈ ਹੈ। ਇਸ ਤਰ੍ਹਾਂ ਚੌਥੇ ਨੰਬਰ ਦੇ ਅਰਬਪਤੀ ਬਿਲ ਗੇਟਸ ਦੀ ਜਾਇਦਾਦ 22.9 ਅਰਬ ਡਾਲਰ ਡਿੱਗ ਕੇ 115 ਅਰਬ ਡਾਲਰ ਰਹਿ ਗਈ ਹੈ। ਲੈਰੀ ਪੇਜ ਨੂੰ 29.3 ਅਰਬ ਡਾਲਰ ਦਾ ਨੁਕਸਾਨ ਹੋਇਆ ਅਤੇ ਵਾਰੇਨ ਬਫੇ ਨੂੰ 12.5 ਅਰਬ ਡਾਲਰ ਦਾ ਝਟਕਾ ਝੱਲਣਾ ਪਿਆ, ਸਰਜੇ ਬ੍ਰਿਨ ਦੀ ਜਾਇਦਾਦ ਵੀ 28.3 ਅਰਬ ਡਾਲਰ ਘਟ ਗਈ ਅਤੇ ਸਟੀਵ ਬਾਲਮਰ ਨੂੰ 13.7 ਅਰਬ ਡਾਲਰ ਦਾ ਨੁਕਸਾਨ ਹੋਇਆ।

ਇਹ ਵੀ ਪੜ੍ਹੋ : ਪਾਕਿ : ਮਸਜਿਦ 'ਚ ਬਿਜਲੀ ਕਟੌਤੀ ਨੂੰ ਲੈ ਕੇ ਗੋਲੀਬਾਰੀ ਦੌਰਾਨ 2 ਦੀ ਮੌਤ ਤੇ 11 ਜ਼ਖਮੀ

ਅਡਾਨੀ-ਅੰਬਾਨੀ ਹੋਏ ਮਾਲਾਮਾਲ
ਬਲੂਮਬਰਗ ਮੁਤਾਬਕ ਇਸ ਦੌਰਾਨ ਟੌਪ-10 ’ਚ ਸ਼ਾਮਲ ਰਹੇ ਭਾਰਤੀ ਅਰਬਪਤੀ ਗੌਤਮ ਅਡਾਨੀ ਅਤੇ ਮੁਕੇਸ਼ ਅੰਬਾਨੀ ਮਾਲਾਮਾਲ ਹੋ ਗਏ। ਅਡਾਨੀ ਦੀ ਜਾਇਦਾਦ 22.3 ਅਰਬ ਡਾਲਰ ਵਧ ਕੇ 98.8 ਅਰਬ ਡਾਲਰ ਪਹੁੰਚ ਗਈ ਅਤੇ ਉਹ ਸੂਚੀ ’ਚ 6ਵੇਂ ਸਥਾਨ ’ਤੇ ਹਨ। ਮੁਕੇਸ਼ ਅੰਬਾਨੀ ਦੀ ਜਾਇਦਾਦ ’ਚ 3 ਅਰਬ ਡਾਲਰ ਦਾ ਵਾਧਾ ਹੋਇਆ ਅਤੇ ਉਨ੍ਹਾਂ ਦੀ ਕੁੱਲ ਜਾਇਦਾਦ 93 ਅਰਬ ਡਾਲਰ ਦੇ ਲਗਭਗ ਪਹੁੰਚ ਗਈ। ਬਲੂਮਬਰਗ ਦੀ 500 ਅਰਬਪਤੀਆਂ ਦੀ ਸੂਚੀ ’ਚ ਸ਼ਾਮਲ ਹੋਰ ਭਾਰਤੀਆਂ ’ਚ ਅਜੀਮ ਪ੍ਰੇਮ ਜੀ ਦੀ ਜਾਇਦਾਦ ਇਸ ਦੌਰਾਨ 15.5 ਅਰਬ ਡਾਲਰ ਘਟੀ ਜਦ ਕਿ ਸ਼ਿਵ ਨਾਡਰ ਨੂੰ 8.51 ਅਰਬ ਡਾਲਰ ਦਾ ਨੁਕਸਾਨ ਹੋਇਆ। ਰਾਧਾਕਿਸ਼ਨ ਦਮਾਨੀ ਨੂੰ ਵੀ 7.40 ਅਰਬ ਡਾਲਰ ਦਾ ਝਟਕਾ ਲੱਗਾ ਜਦ ਕਿ ਲਕਸ਼ਮੀ ਮਿੱਤਲ ਨੂੰ 4.59 ਅਰਬ ਡਾਲਰ ਦਾ ਨੁਕਸਾਨ ਹੋ ਗਿਆ।

ਇਹ ਵੀ ਪੜ੍ਹੋ : ਮੰਕੀਪੌਕਸ ਦਾ ਕਹਿਰ ਪਹਿਲਾਂ ਤੋਂ ਹੀ ਇਕ ਐਮਰਜੈਂਸੀ ਸਥਿਤੀ ਹੈ : ਅਫਰੀਕੀ ਅਧਿਕਾਰੀ

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


Karan Kumar

Content Editor

Related News