ਅਮਰਨਾਥ ਯਾਤਰੀਆਂ ਨੂੰ ਨਹੀਂ ਕਰਵਾਈ ਯਾਤਰਾ, ਟਰੈਵਲ ਕੰਪਨੀ ਦੇਵੇਗੀ ਜੁਰਮਾਨਾ

Saturday, Dec 23, 2017 - 10:42 PM (IST)

ਅਮਰਨਾਥ ਯਾਤਰੀਆਂ ਨੂੰ ਨਹੀਂ ਕਰਵਾਈ ਯਾਤਰਾ, ਟਰੈਵਲ ਕੰਪਨੀ ਦੇਵੇਗੀ ਜੁਰਮਾਨਾ

ਮੁਰਾਦਾਬਾਦ (ਇੰਟ.)-ਕੌਮਾਂਤਰੀ ਯਾਤਰਾ ਕਰਵਾਉਣ ਵਾਲੀ ਨਾਮਵਰ ਟਰੈਵਲ ਕੰਪਨੀ ਕਾਕਸ ਐਂਡ ਕਿੰਗਸ 'ਤੇ ਮੁਰਾਦਾਬਾਦ ਖਪਤਕਾਰ ਫੋਰਮ ਨੇ 4.56 ਲੱਖ ਰੁਪਏ ਦਾ ਜੁਰਮਾਨਾ ਲਾਇਆ ਹੈ। ਇਹ ਜੁਰਮਾਨਾ ਕੰਪਨੀ 'ਤੇ ਅਮਰਨਾਥ ਯਾਤਰੀਆਂ ਨੂੰ ਬੁਕਿੰਗ ਤੋਂ ਬਾਅਦ ਯਾਤਰਾ ਨਾ ਕਰਵਾਉਣ 'ਤੇ ਲਾਇਆ ਗਿਆ ਹੈ।
ਕੀ ਹੈ ਮਾਮਲਾ
ਚੰਦੌਸੀ ਨਿਵਾਸੀ ਮੋਹਿਤ ਜੈਨ, ਰਾਹੁਲ ਅਗਰਵਾਲ, ਮਹਿਮਾ ਜੈਨ, ਲੋਕੇਸ਼ ਜੈਨ, ਸ਼ਿਖਾ ਜੈਨ, ਰੋਹਿਤ ਜੈਨ, ਸੋਨੀਆ ਜੈਨ, ਸੰਜੀਵ ਗੁਪਤਾ, ਰਸ਼ਮੀ ਗੁਪਤਾ, ਸ਼ਰਦ ਗੁਪਤਾ, ਅਨੁਪਮ ਗੁਪਤਾ, ਅਨੁਰਾਗ ਗੁਪਤਾ, ਅਖਿਲੇਸ਼ ਵਾਸ਼੍ਰਣੇਯ, ਲਤਾ ਵਾਸ਼੍ਰਣੇਯ, ਅਨੁਰਾਗ ਅਗਰਵਾਲ, ਮੀਨੂੰ ਅਗਰਵਾਲ, ਮਹਿਕ ਅਗਰਵਾਲ, ਭੁਵਨੇਸ਼ ਵਾਸ਼੍ਰਣੇਯ ਤੇ ਵੀਨੇਸ਼ ਨੇ ਜੁਲਾਈ, 2016 'ਚ ਬਾਬਾ ਅਮਰਨਾਥ ਦੀ ਪਵਿੱਤਰ ਗੁਫਾ ਦੀ ਯਾਤਰਾ ਕਰਨੀ ਸੀ। ਇਸ ਦੇ ਲਈ ਉਨ੍ਹਾਂ ਨਾਮਵਰ ਟਰੈਵਲ ਕੰਪਨੀ ਕਾਕਸ ਐਂਡ ਕਿੰਗਸ ਦੇ ਸਿਵਲ ਲਾਈਨਜ਼ ਮੁਰਾਦਾਬਾਦ ਸਥਿਤ ਦਫ਼ਤਰ 'ਚ ਸੰਪਰਕ ਕੀਤਾ। 
ਕੰਪਨੀ ਦੇ ਸਥਾਨਕ ਪ੍ਰਬੰਧਕ ਨੇ ਅਮਰਨਾਥ ਯਾਤਰਾ ਲਈ ਦਿੱਲੀ ਤੋਂ ਸ਼੍ਰੀਨਗਰ ਤੱਕ ਹਵਾਈ ਰਸਤਿਓਂ, ਸ਼੍ਰੀਨਗਰ ਦੇ ਹਵਾਈ ਅੱਡੇ ਤੋਂ ਸ਼੍ਰੀਨਗਰ ਦੇ ਹੀ ਇਕ ਵਿਸ਼ੇਸ਼ ਹੋਟਲ 'ਚ ਯਾਤਰੀਆਂ ਨੂੰ ਠਹਿਰਾਉਣ, ਦੂਜੇ ਦਿਨ ਬੱਸ ਜਾਂ ਕਾਰ ਰਾਹੀਂ ਯਾਤਰੀਆਂ ਨੂੰ ਬਾਲਟਾਲ ਦੇ ਰਸਤੇ ਹੈਲੀਕਾਪਟਰ ਰਾਹੀਂ ਅਮਰਨਾਥ ਯਾਤਰਾ ਕਰਵਾਉਣ ਦੀ ਗੱਲ ਕਹੀ ਸੀ। 23 ਜੁਲਾਈ, 2016 ਯਾਤਰਾ 'ਤੇ ਜਾਣ ਤਰੀਕ ਤੈਅ ਸੀ। ਪ੍ਰਤੀ ਵਿਅਕਤੀ 25,000 ਰੁਪਏ ਜਮ੍ਹਾ ਕਰਵਾਏ ਗਏ ਸਨ। ਯਾਤਰਾ ਤਰੀਕ ਤੋਂ ਕੁੱਝ ਦਿਨ ਪਹਿਲਾਂ ਯਾਤਰੀਆਂ ਨੇ ਕੰਪਨੀ ਤੋਂ ਆਉਣ-ਜਾਣ ਦਾ ਸਾਰਾ ਵੇਰਵਾ, ਹੋਟਲ ਦਾ ਨਾਂ ਅਤੇ ਹੈਲੀਕਾਪਟਰ ਰਾਹੀਂ ਆਉਣ-ਜਾਣ ਦਾ ਸਮਾਂ ਆਦਿ ਮੰਗਿਆ।  
ਕੰਪਨੀ ਵੱਲੋਂ 27 ਜੁਲਾਈ, 2016 ਤੱਕ ਵੇਰਵਾ ਨਹੀਂ ਦਿੱਤਾ ਗਿਆ। ਕੰਪਨੀ ਨੇ ਕਿਹਾ ਕਿ ਸ਼੍ਰੀਨਗਰ ਦੇ ਹਾਲਾਤ ਠੀਕ ਨਹੀਂ ਹਨ। ਅੱਤਵਾਦੀ ਗਤੀਵਿਧੀਆਂ ਹੋਣ ਕਾਰਨ ਕੰਪਨੀ ਨੇ ਯਾਤਰਾ ਰੱਦ ਕਰ ਦਿੱਤੀ ਹੈ। ਇਸ ਤੋਂ ਬਾਅਦ ਤੀਰਥ ਯਾਤਰੀਆਂ ਨੇ ਕੰਪਨੀ ਤੋਂ ਜਮ੍ਹਾ ਕਰਵਾਏ ਗਏ ਪੈਸੇ ਵਾਪਸ ਕਰਨ ਦੀ ਮੰਗ ਕੀਤੀ ਪਰ ਕੰਪਨੀ ਨੇ ਪੈਸੇ ਮੋੜਨ ਤੋਂ ਇਨਕਾਰ ਕਰ ਦਿੱਤਾ। ਪ੍ਰੇਸ਼ਾਨ ਹੋ ਕੇ ਉਕਤ ਲੋਕਾਂ ਨੇ ਖਪਤਕਾਰ ਫੋਰਮ ਦਾ ਦਰਵਾਜ਼ਾ ਖੜਕਾਇਆ।
ਇਹ ਕਿਹਾ ਫੋਰਮ ਨੇ
ਖਪਤਕਾਰ ਫੋਰਮ ਨੇ ਟਰੈਵਲ ਏਜੰਸੀ ਅਤੇ ਵਕੀਲ ਦੇਵੇਂਦਰ ਵਾਸ਼੍ਰਣੇਯ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਕੰਪਨੀ ਨੂੰ ਦੋਸ਼ੀ ਮੰਨਿਆ ਅਤੇ ਹੁਕਮ ਦਿੱਤਾ ਕਿ ਟਰੈਵਲ ਕੰਪਨੀ ਨੂੰ ਪ੍ਰਤੀ ਯਾਤਰੀ 24,000 ਰੁਪਏ (ਕੁੱਲ 4.56 ਲੱਖ ਰੁਪਏ) ਅਦਾ ਕਰੇ ਪੈਣਗੇ ਨਹੀਂ ਤਾਂ 2 ਮਹੀਨੇ ਬਾਅਦ 9 ਫ਼ੀਸਦੀ ਵਿਆਜ ਵੀ ਅਦਾ ਕਰਨਾ ਹੋਵੇਗਾ।


Related News