ਖਾਲੀ ਸੀਟਾਂ ਭਰਨ ਲਈ ਰੇਲਵੇ ਦੇਵੇਗਾ ਛੂਟ

Saturday, Jul 15, 2017 - 12:56 PM (IST)

ਨਵੀਂ ਦਿੱਲੀ—ਅਗਲੀ ਵਾਰ ਹੁਣ ਤੁਸੀਂ ਆਖਰੀ ਪਲਾਂ 'ਚ ਟਿਕਟ ਬੁੱਕ ਕਰੋ ਤਾਂ ਤੁਹਾਨੂੰ ਜ਼ਿਆਦਾ ਕਿਰਾਇਆ ਚੁਕਾਉਣ ਦੀ ਬਜਾਏ ਛੂਟ ਮਿਲ ਸਕਦੀ ਹੈ। ਸੀਟਾਂ ਦੇ ਖਾਲੀ ਰਹਿਣ ਦੀ ਸਮੱਸਿਆ ਨਾਲ ਲੜ ਰਿਹਾ ਰੇਲਵੇ ਹੁਣ ਸ਼ਤਾਬਦੀ ਸਮੇਤ ਕਈ ਮੁੱਖ ਟਰੇਨਾਂ 'ਚ ਆਖਰੀ ਪਲਾਂ 'ਚ ਟਿਕਟ ਖਰੀਦਣ 'ਤੇ ਛੂਟ ਦੇਣ ਅਤੇ ਕਿਰਾਇਆ ਘਟਾਉਣ ਦੀ ਯੋਜਨਾ 'ਤੇ ਵਿਚਾਰ ਕਰ ਰਿਹਾ ਹੈ।
ਕਿਰਾਏ ਦੀ ਨਵੀਂ ਵਿਵਸਥਾ ਅਗਲੇ ਦੋ ਮਹੀਨੇ 'ਚ ਸ਼ੁਰੂ ਹੋਣ ਦੀ ਸੰਭਾਵਨਾ ਹੈ ਅਤੇ ਇਹ ਮੰਗ 'ਤੇ ਆਧਾਰਿਤ ਕਿਰਾਏ ਦੀ ਮੌਜੂਦਾਂ ਪ੍ਰਣਾਲੀ ਦਾ ਸਥਾਨ ਲਵੇਗੀ। ਪਿਛਲੇ ਸਾਲ ਸਤੰਬਰ 'ਚ ਰਾਜਧਾਨੀ, ਸ਼ਤਾਬਦੀ ਅਤੇ ਦੁਰੰਤੋ ਸਮੇਤ 142 ਪ੍ਰੀਮੀਅਰ ਟਰੇਨਾਂ 'ਚ ਮੰਗ ਆਧਾਰਿਤ ਕਿਰਾਇਆ ਪ੍ਰਣਾਲੀ ਲਾਗੂ ਕੀਤੀ ਗਈ ਸੀ। ਕੈਬ ਐਗਰੀਗੇਟਰ ਅਤੇ ਹਵਾਬਾਜ਼ੀ ਕੰਪਨੀਆਂ 'ਚ ਇਹ ਪ੍ਰਣਾਲੀ ਚੱਲਦੀ ਹੈ। ਰੇਲਵੇ ਨੂੰ ਇਸ ਤਰ੍ਹਾਂ ਦੀ ਵਿਵਸਥਾ ਅਪਣਾਉਣ ਦੇ ਕਾਰਨ ਆਲੋਚਨਾਵਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਹਵਾਈ ਟਿਕਟਾਂ ਦੇ ਸਸਤੇ ਹੋਣ ਦੇ ਕਾਰਨ ਲੋਕ ਉਨ੍ਹਾਂ ਦਾ ਰੁੱਖ ਕਰਨ ਲੱਗੇ ਅਤੇ ਰੇਲਵੇ ਦੇ ਕੋਲ ਯਾਤਰੀਆਂ ਦੀ ਕਮੀ ਹੋਣ ਲੱਗੀ। ਬਾਅਦ 'ਚ ਇਸ ਯੋਜਨਾ ਨੂੰ ਸੰਸ਼ੋਧਤ ਕੀਤਾ ਗਿਆ ਜਿਸ ਤੋਂ ਬਾਅਦ ਰੇਲਵੇ ਦੀਆਂ ਸੀਟਾਂ ਪਹਿਲਾਂ ਦੇ ਮੁਕਾਬਲੇ ਥੋੜ੍ਹਾ ਭਰ ਗਈਆਂ। ਰੇਲ ਮੰਤਰੀ ਸੁਰੇਸ਼ ਪ੍ਰਭੂ ਦੇ ਇਸ ਬਾਰੇ 'ਚ ਛੇਤੀ ਹੀ ਫੈਸਲਾ ਕਰਨ ਦੀ ਉਮੀਦ ਹੈ। ਪਿਛਲੇ ਵਿੱਤ ਸਾਲ 'ਚ ਮੰਗ ਆਧਾਰਿਤ ਕਿਰਾਇਆ ਪ੍ਰਣਾਲੀ ਦੇ ਕਾਰਨ ਰੇਲਵੇ ਨੂੰ 240 ਕਰੋੜ ਰੁਪਏ ਦੀ ਕਮਾਈ ਹੋਈ ਪਰ ਇਸ ਦਾ ਨਾ-ਪੱਖੀ ਪਹਿਲੂ ਇਹ ਹੈ ਕਿ ਰੇਲਵੇ ਦੇ ਯਾਤਰੀਆਂ ਦੀ ਗਿਣਤੀ ਘੱਟ ਹੋਣ ਲੱਗੀ ਹੈ। ਅਪ੍ਰੈਲ ਦੇ ਅੰਕੜਿਆਂ ਮੁਤਾਬਕ ਰਾਜਧਾਨੀ 'ਚ 95 ਫੀਸਦੀ, ਸ਼ਤਾਬਦੀ 'ਚ 75 ਤੋਂ 77 ਫੀਸਦੀ, ਦੁਰੰਤੋ 'ਚ ਕਰੀਬ 82 ਫੀਸਦੀ ਅਤੇ ਸੁਵਿਧਾ ਟਰੇਨਾਂ 'ਚ ਲਗਭਗ 70 ਫੀਸਦੀ ਸੀਟਾਂ ਭਰੀਆਂ ਹੋਈਆਂ ਸਨ। ਸੀਟਾਂ ਦੇ ਖਾਲੀ ਰਹਿਣ ਦੇ ਕਾਰਨ ਰੇਲਵੇ ਨੇ ਪ੍ਰਯੋਗ ਤੌਰ 'ਤੇ ਕੁਝ ਪ੍ਰੀਮੀਅਮ ਟਰੇਨਾਂ 'ਚ ਪਹਿਲਾਂ ਚਾਰਟ ਬਣਨ ਤੋਂ ਪਹਿਲਾਂ ਵਿੱਕਣ ਵਾਲੇ ਆਖਰੀ ਟਿਕਟ 'ਤੇ ਮੂਲ ਕਿਰਾਏ 'ਚ 10 ਫੀਸਦੀ ਛੂਟ ਦੀ ਪੇਸ਼ਕਸ਼ ਕੀਤੀ ਸੀ। ਰੇਲਵੇ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਸਭ ਟਰੇਨਾਂ 'ਚ ਇਸ ਤਰ੍ਹਾਂ ਦੀ ਛੂਟ ਅਤੇ ਪੇਸ਼ਕਸ਼ ਦੇਣ ਦੀ ਯੋਜਨਾ ਹੈ। ਪਿਛਲੇ ਸਾਲ ਦਸੰਬਰ 'ਚ ਨਵੀਂ ਦਿੱਲੀ-ਅਜਮੇਰ ਸ਼ਤਾਬਦੀ ਐਕਸਪ੍ਰੈੱਸ ਅਤੇ ਚੇਨਈ ਸੈਂਟਰਲ-ਮੈਸੂਰ ਸ਼ਤਾਬਦੀ ਐਕਸਪ੍ਰੈੱਸ 'ਚ ਵਾਤਾਨੁਕੂਲਿਤ ਚੇਅਰ ਕਾਰ 'ਚ ਚੁਨਿੰਦਾ ਸੈਕਟਰਾਂ 'ਚ ਕਿਰਾਏ 'ਚ ਛੂਟ ਦਿੱਤੀ ਗਈ।


Related News