ਮਹਿੰਗੀ ਹੋਵੇਗੀ ਰੇਲ ਟਿਕਟ, IRCTC ਬੰਦ ਕਰਨ ਜਾ ਰਿਹੈ ਇਹ ਛੋਟ

08/24/2019 3:47:49 PM

ਨਵੀਂ ਦਿੱਲੀ—  ਜਲਦ ਹੀ ਆਨਲਾਈਨ ਰੇਲ ਟਿਕਟ ਖਰੀਦਣਾ ਮਹਿੰਗਾ ਹੋਣ ਜਾ ਰਿਹਾ ਹੈ। ਭਾਰਤੀ ਰੇਲਵੇ ਖਾਣ-ਪੀਣ ਅਤੇ ਸੈਰ-ਸਪਾਟਾ ਨਿਗਮ (ਆਈ. ਆਰ. ਸੀ. ਟੀ. ਸੀ.) ਆਨਲਾਈਨ ਬੁਕਿੰਗ 'ਤੇ ਦਿੱਤੀ ਛੋਟ ਪਹਿਲੀ ਸਤੰਬਰ ਤੋਂ ਬੰਦ ਕਰਨ ਜਾ ਰਿਹਾ ਹੈ। ਨੋਟਬੰਦੀ ਸਮੇਂ ਇਹ ਛੋਟ ਸ਼ੁਰੂ ਕੀਤੀ ਗਈ ਸੀ।

 

 

ਸਰਕਾਰ ਨੇ ਆਈ. ਆਰ. ਸੀ. ਟੀ. ਸੀ. ਨੂੰ ਆਨਲਾਈਨ ਟਿਕਟ ਖਰੀਦਣ 'ਤੇ ਸੁਵਿਧਾ ਚਾਰਜ ਲਾਉਣ ਦੀ ਮਨਜ਼ੂਰੀ ਦੇ ਦਿੱਤੀ ਹੈ। ਨੋਟਬੰਦੀ ਦੌਰਾਨ ਸਰਕਾਰ ਨੇ ਡਿਜੀਟਲ ਟ੍ਰਾਂਜੈਕਸ਼ਨ ਨੂੰ ਉਤਸ਼ਾਹਤ ਕਰਨ ਲਈ ਬਿਨਾਂ ਏ. ਸੀ. ਵਾਲੀ ਟਿਕਟ 'ਤੇ 20 ਰੁਪਏ ਅਤੇ ਏ. ਸੀ. ਟਿਕਟ 'ਤੇ 40 ਰੁਪਏ ਪ੍ਰਤੀ ਟਿਕਟ ਆਨਲਾਈਨ ਬੁਕਿੰਗ ਸੁਵਿਧਾ ਚਾਰਜ ਮਾਫ ਕਰਨ ਨੂੰ ਕਿਹਾ ਸੀ। 22 ਨਵੰਬਰ 2016 ਤੋਂ ਲਾਗੂ ਹੋਏ ਇਸ ਫੈਸਲੇ ਕਾਰਨ 'ਆਈ. ਆਰ. ਸੀ. ਟੀ. ਸੀ.' ਨੂੰ ਪਿਛਲੇ ਦੋ ਸਾਲਾਂ 'ਚ 500 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ।

ਹੁਣ ਆਈ. ਆਰ. ਸੀ. ਟੀ. ਸੀ. ਆਨਲਾਈਨ ਬੁੱਕ ਕੀਤੀ ਜਾਣ ਵਾਲੀ ਗੈਰ-ਏ. ਸੀ. ਰੇਲ ਟਿਕਟ 'ਤੇ 15 ਰੁਪਏ ਅਤੇ ਏ. ਸੀ. ਟਿਕਟ 'ਤੇ 30 ਰੁਪਏ ਸੁਵਿਧਾ ਚਾਰਜ ਲਾਗੂ ਕਰਨ ਜਾ ਰਿਹਾ ਹੈ। ਉੱਥੇ ਹੀ, ਯੂ. ਪੀ. ਆਈ./ਭੀਮ ਐਪ ਜ਼ਰੀਏ ਬੁਕਿੰਗ ਕਰਨ 'ਤੇ ਗੈਰ-ਏ. ਸੀ. ਟਿਕਟ 'ਤੇ 10 ਰੁਪਏ ਅਤੇ ਏ. ਸੀ. ਟਿਕਟ 'ਤੇ 20 ਰੁਪਏ ਚਾਰਜ ਲਾਗੂ ਹੋਵੇਗਾ। ਹੁਣ ਤਕ 'ਆਈ. ਆਰ. ਸੀ. ਟੀ. ਸੀ.' ਦਾ ਇਹ ਖਰਚ ਸਰਕਾਰ ਉਠਾ ਰਹੀ ਸੀ, ਜੋ ਹੁਣ ਉਸ ਨੇ ਬੰਦ ਕਰ ਦਿੱਤਾ ਹੈ। 5 ਅਗਸਤ 2019 ਨੂੰ ਰੇਲਵੇ ਮੰਤਰਾਲਾ ਨੇ ਟਿਕਟਾਂ ਦੀ ਆਨਲਾਈਨ ਬੁਕਿੰਗ ਲਈ ਯਾਤਰੀਆਂ 'ਤੇ ਲਗਾਏ ਜਾਣ ਵਾਲੇ ਚਾਰਜ 'ਤੇ ਫੈਸਲਾ ਲੈਣ ਦਾ ਅਧਿਕਾਰ ਆਈ. ਆਰ. ਸੀ. ਟੀ. ਸੀ. ਨੂੰ ਦੇ ਦਿੱਤਾ ਸੀ। ਇਸ ਅਨੁਸਾਰ ਆਈ. ਆਰ. ਸੀ. ਟੀ. ਸੀ. ਨੇ 1 ਸਤੰਬਰ 2019 ਤੋਂ ਸੁਵਿਧਾ ਫੀਸ ਲੈਣ ਦਾ ਪ੍ਰਸਤਾਵ ਦਿੱਤਾ ਹੈ।


Related News