ਵੋਡਾਫੋਨ-IDEA ਦੀ ਮੁਸੀਬਤ ਵਧੀ, ਬੰਦ ਹੋ ਸਕਦਾ ਹੈ ਇਹ ਖ਼ਾਸ ਪਲਾਨ
Wednesday, Aug 26, 2020 - 02:38 PM (IST)

ਕੋਲਕਾਤਾ— ਦੂਰਸੰਚਾਰ ਕੰਪਨੀ ਵੋਡਾਫੋਨ ਆਈਡੀਆ ਦੀਆਂ ਮੁਸ਼ਕਲਾਂ ਵੱਧ ਸਕਦੀਆਂ ਹਨ। ਕੰਪਨੀ 'ਤੇ ਗਾਹਕਾਂ ਨੂੰ ਗੁੰਮਰਾਹ ਕਰਨ ਦਾ ਦੋਸ਼ ਹੈ।
ਇਸ ਸੰਬੰਧ 'ਚ ਟੈਲੀਕਾਮ ਰੈਗੂਲੇਟਰੀ ਅਥਾਰਟੀ ਆਫ ਇੰਡੀਆ (ਟਰਾਈ) ਨੇ ਕੰਪਨੀ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ। ਇਸ 'ਚ ਕੰਪਨੀ ਨੂੰ ਪੁੱਛਿਆ ਗਿਆ ਹੈ ਕਿ ਉਸ ਦੇ ਰੈੱਡਐਕਸ ਪ੍ਰੀਮੀਅਮ ਪਲਾਨ ਨੂੰ ਬੰਦ ਕਿਉਂ ਨਹੀਂ ਕੀਤਾ ਜਾਣਾ ਚਾਹੀਦਾ। ਟਰਾਈ ਨੇ ਕਿਹਾ ਹੈ ਕਿ ਅਜਿਹਾ ਲੱਗਦਾ ਹੈ ਕਿ ਕੰਪਨੀ ਇਸ ਪਲਾਨ ਜ਼ਰੀਏ ਹਾਈ ਸਪੀਡ ਡਾਟਾ ਦਾ ਝੂਠਾ ਦਾਅਵਾ ਕਰ ਰਹੀ ਹੈ ਅਤੇ ਇਸ ਤਰ੍ਹਾਂ ਗਾਹਕਾਂ ਨੂੰ ਗੁੰਮਰਾਹ ਕਰ ਰਹੀ ਹੈ।
ਟਰਾਈ ਨੇ ਕੰਪਨੀ ਨੂੰ ਜਵਾਬ ਦੇਣ ਲਈ 31 ਅਗਸਤ ਤੱਕ ਦਾ ਸਮਾਂ ਦਿੱਤਾ ਹੈ। ਟਰਾਈ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ, ''ਅਸੀਂ ਵੋਡਾਫੋਨ ਆਈਡੀਆ ਲਿਮਟਿਡ ਨੂੰ ਕਾਰਨ ਦੱਸੋ ਨੋਟਿਸ ਭੇਜਿਆ ਹੈ। ਇਸ 'ਚ ਕਿਹਾ ਗਿਆ ਹੈ ਕਿ ਰੈੱਡਐਕਸ ਪਲਾਨ ਦੇ ਗਾਹਕਾਂ ਲਈ ਹਾਈ ਸਪੀਡ ਡਾਟਾ ਦਾ ਦਾਅਵਾ ਫਰਜ਼ੀ ਲੱਗਦਾ ਹੈ। ਇਸ ਦਾ ਕਾਰਨ ਇਹ ਹੈ ਕਿ ਕੰਪਨੀ ਟਰਾਈ ਦੀ ਤਕਨੀਕੀ ਟੀਮ ਸਾਹਮਣੇ ਆਪਣਾ ਇਹ ਦਾਅਵਾ ਸਾਬਤ ਨਹੀਂ ਕਰ ਸਕੀ।'' ਟਰਾਈ ਦਾ ਇਹ ਵੀ ਕਹਿਣਾ ਹੈ ਕਿ ਇਸ ਮਾਮਲੇ 'ਚ ਵੋਡਾਫੋਨ ਆਈਡੀਆ ਲਿਮਟਿਡ ਦਾ ਰੁਖ਼ ਪਾਰਦਰਸ਼ੀ ਨਹੀਂ ਰਿਹਾ ਹੈ। ਇਹ ਨੋਟਿਸ ਰੈੱਡਐਕਸ ਪਲਾਨ ਨੂੰ ਬੰਦ ਕਰਨ ਦੇ ਵੱਲ ਪਹਿਲਾ ਕਦਮ ਮੰਨਿਆ ਜਾ ਰਿਹਾ ਹੈ।
AIRTEL ਦਾ ਮਾਮਲਾ ਸੁਲਝਿਆ
ਹਾਲਾਂਕਿ, ਰੈਗੂਲੇਟਰ ਨੇ ਭਾਰਤੀ ਏਅਰਟੈੱਲ ਤੋਂ ਕੋਈ ਸਪਸ਼ਟੀਕਰਨ ਨਹੀਂ ਮੰਗਿਆ ਹੈ। ਇਸ ਦਾ ਕਾਰਨ ਇਹ ਹੈ ਕਿ ਕੰਪਨੀ ਨੇ ਆਪਣੀ ਪਲੈਟੀਨਮ ਟੈਰਿਫ ਪਲਾਨ ਨੂੰ ਬਦਲ ਦਿੱਤਾ ਹੈ। ਕੰਪਨੀ ਨੇ ਹਾਈ ਸਪੀਡ ਡਾਟਾ ਅਤੇ ਤਰਜੀਹੀ ਨੈੱਟਵਰਕ ਦਾਅਵੇ ਨੂੰ ਹਟਾ ਦਿੱਤਾ ਹੈ। ਇਕ ਰਿਪੋਰਟ ਮੁਤਾਬਕ, ਟਰਾਈ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਏਅਰਟੈੱਲ ਨਾਲ ਹੁਣ ਕੋਈ ਵਿਵਾਦ ਨਹੀਂ ਹੈ।