ਦੂਰਸੰਚਾਰ ਆਪ੍ਰੇਟਰਾਂ ਨੂੰ ਸਾਰੇ ਰਿਚਾਰਜ ’ਤੇ ਨੰਬਰ ਪੋਰਟੇਬਿਲਿਟੀ ਲਈ SMS ਸਹੂਲਤ ਦੇਣੀ ਹੋਵੇਗੀ : ਟਰਾਈ
Wednesday, Dec 08, 2021 - 10:50 AM (IST)
ਗੈਜੇਟ ਡੈਸਕ– ਦੂਰਸੰਚਾਰ ਰੈਗੂਲੇਟਰੀ ਟਰਾਈ ਨੇ ਦੂਰਸੰਚਾਰ ਆਪ੍ਰੇਟਰਾਂ ਨੂੰ ਸਾਰੇ ਮੋਬਾਇਲ ਗਾਹਕਾਂ ਲਈ ਨੰਬਰ ਸਮਾਨ ਰੱਖਦੇ ਹੋਏ ਕੰਪਨੀ ਬਦਲਣ (ਪੋਰਟੇਬਿਲਿਟੀ) ਨੂੰ ਲੈ ਕੇ ਐੱਸ. ਐੱਮ. ਐੱਸ. ਸਹੂਲਤ ਤੁਰੰਤ ਪ੍ਰਭਾਵ ਨਾਲ ਲਾਗੂ ਕਰਨ ਨੂੰ ਕਿਹਾ। ਇਹ ਸਹੂਲਤ ਸਾਰੇ ਮੋਬਾਇਲ ਫੋਨ ਯੂਜ਼ਰਜ਼ ਲਈ ਦੇਣ ਨੂੰ ਕਿਹਾ ਗਿਆ ਹੈ, ਭਾਵੇਂ ਹੀ ਉਨ੍ਹਾਂ ਨੇ ਕਿੰਨੀ ਵੀ ਰਾਸ਼ੀ ਦਾ ਰਿਚਾਰਜ ਕਿਉਂ ਨਾ ਕਰਵਾਇਆ ਹੋਵੇ। ਭਾਰਤੀ ਦੂਰਸੰਚਾਰ ਰੈਗੂਲੇਟਰੀ ਅਥਾਰਟੀ (ਟਰਾਈ) ਨੇ ਕੁਝ ‘ਪ੍ਰੀਪੇਡ’ ਵਾਊਚਰ ਵਿਚ ‘ਆਊਟਗੋਇੰਗ’ ਐੱਸ. ਐੱਮ. ਐੱਸ. ਸਹੂਲਤ ਪ੍ਰਦਾਨ ਨਾ ਕਰਨ ਵਾਲੀਆਂ ਦੂਰਸੰਚਾਰ ਸੇਵਾ ਕੰਪਨੀਆਂ ਦੇ ਰੁਖ ਉੱਤੇ ਸਖਤ ਇਤਰਾਜ਼ ਜਤਾਇਆ।
ਕੀ ਹੈ ਪੂਰਾ ਮਾਮਲਾ
ਦਰਅਸਲ, ਵੋਡਾਫੋਨ-ਆਈਡੀਆ ਅਤੇ ਏਅਰਟੈੱਲ ਦੇ ਨਵੇਂ ਪ੍ਰੀਪੇਡ ਪਲਾਨ ਦੇ ਲਾਂਚ ਹੋਣ ਤੋਂ ਬਾਅਦ ਟੈਲੀਕਾਮ ਵਾਚਡੋਗ ਨੇ ਟਰਾਈ ਨੂੰ ਸ਼ਿਕਾਇਤ ਕੀਤੀ ਸੀ। ਵਾਚਡੋਗ ਦਾ ਦੋਸ਼ ਸੀਕਿ ਏਅਰਟੈੱਲ ਅਤੇ ਵੋਡਾਫੋਨ-ਆਈਡੀਆ ਨੰਬਰ ਪੋਰਟੇਬਿਲਿਟੀ ਦੇ ਚਾਹਵਾਨ ਗਾਹਕਾਂ ਨੂੰ ਆਪਣੇ ਮੋਬਾਇਲ ਨੰਬਰ ਤੋਂ ਇਕ ਐੱਸ.ਐੱਮ.ਐੱਸ. ਭੇਜ ਕੇ ਨੰਬਰ ਪੋਰਟੇਬਿਲਿਟੀ ਰਿਕਵੈਸਟ ਜਨਰੇਟ ਕਰਨੀ ਪੈਂਦੀ ਹੈ। ਬਿਨਾਂ ਪੋਰਟੇਬਿਲਿਟੀ ਰਿਕਵੈਸਟ ਜਨਰੇਟ ਕੀਤੇ ਨੰਬਰ ਪੋਰਟ ਨਹੀਂ ਹੋ ਸਕਦਾ। ਵੋਡਾਫੋਨ-ਆਈਡੀਆ ਅਤੇ ਏਅਰਟੈੱਲ ਦੇ ਕੁਝ ਨਵੇਂ ਟੈਰਿਫ ਪਲਾਨ ’ਚ ਆਊਟਗੋਇੰਗ ਐੱਸ.ਐੱਮ.ਐੱਸ. ਦੀ ਸੁਵਿਧਾ ਹੀ ਨਹੀਂ ਹੈ। ਅਜਿਹੇ ’ਚ ਵੋਡਾਫੋਨ-ਆਈਡੀਆ ਅਤੇ ਏਅਰਟੈੱਲ ਦੇ ‘ਨੋ ਆਊਟਗੋਇੰਗ ਐੱਸ.ਐੱਮ.ਐੱਸ.’ ਵਾਲੇ ਪਲਾਨਸ ਦੇ ਗਾਹਕ, ਪੋਰਟਿੰਗ ਲਈ ਜ਼ਰੂਰੀ ਐੱਸ.ਐੱਮ.ਐੱਸ. ਨਹੀਂ ਭੇਜ ਸਕਦੇ।