ਭਾਰਤ ਅਤੇ ਸਿੰਗਾਪੁਰ ਵਿਚਾਲੇ ਵਧੇਗਾ ਵਪਾਰ
Friday, Sep 08, 2017 - 12:49 PM (IST)
ਸਿੰਗਾਪੁਰ— ਹਾਲ ਹੀ ਦੇ ਸਾਲਾਂ 'ਚ ਹੋਈ ਮਹੱਤਵਪੂਰਨ ਤੇਜ਼ੀ ਦੇ ਮੱਦੇਜ਼ਨਰ ਸਾਲ 2019-20 ਤਕ ਭਾਰਤ ਅਤੇ ਸਿੰਗਾਪੁਰ ਵਿਚਕਾਰ ਵਪਾਰ 25 ਅਰਬ ਡਾਲਰ ਦੇ ਅੰਕੜੇ ਨੂੰ ਪਾਰ ਕਰ ਸਕਦਾ ਹੈ। ਬਰਾਮਦਕਾਰਾਂ ਦੇ ਭਾਰਤੀ ਸੰਗਠਨ ਫਿਓ ਦੇ ਮੁਖੀ ਗਣੇਸ਼ ਕੁਮਾਰ ਨੇ ਕੱਲ ਇਹ ਗੱਲ ਇੱਥੇ ਕਹੀ। ਉਨ੍ਹਾਂ ਨੇ ਕਿਹਾ ਕਿ ਅਸੀਂ 2019-20 ਤਕ ਸਿੰਗਾਪੁਰ ਨਾਲ ਵਪਾਰ ਨੂੰ ਵਧਾ ਕੇ ਆਸਾਨੀ ਨਾਲ 25 ਅਰਬ ਡਾਲਰ ਕਰ ਸਕਦੇ ਹਾਂ।
ਮੌਜੂਦਾ ਸਮੇਂ ਭਾਰਤ ਅਤੇ ਸਿੰਗਾਪੁਰ ਵਿਚਕਾਰ 17 ਅਰਬ ਡਾਲਰ ਦਾ ਵਪਾਰ ਹੈ। ਗੁਪਤਾ ਨੇ ਇਹ ਗੱਲ ਇੱਥੇ ਚਾਰ ਦਿਨ ਦੇ ਸਿੰਗਾਪੁਰ ਕੌਮਾਂਤਰੀ ਭਾਰਤੀ ਪ੍ਰਦਰਸ਼ਨੀ ਦੇ ਉਦਘਾਟਨ ਦੇ ਮੌਕੇ 'ਤੇ ਕਹੀ। ਪਿਛਲੇ ਵਿੱਤੀ ਸਾਲ 'ਚ ਭਾਰਤ ਦੇ ਸਿੰਗਾਪੁਰ ਨੂੰ ਬਰਾਮਦ 'ਚ 23 ਫੀਸਦੀ ਦਾ ਵਾਧਾ ਹੋਇਆ ਹੈ, ਜਦੋਂ ਕਿ ਕੁੱਲ ਬਰਾਮਦ ਸਿਰਫ 4 ਫੀਸਦੀ ਵਧੀ ਹੈ।
ਭਾਰਤ ਦੇ ਕੁੱਲ ਵਪਾਰ 'ਚ ਸਿੰਗਾਪੁਰ ਦੇ ਨਾਲ ਵਪਾਰ ਦੀ ਹਿੱਸੇਦਾਰੀ ਸਿਰਫ 2.52 ਫੀਸਦੀ ਹੈ। ਉਨ੍ਹਾਂ ਨੇ ਕਿਹਾ ਕਿ ਫਿਓ ਛੋਟੇ ਅਤੇ ਦਰਮਿਆਨੇ ਪੱਧਰ ਦੇ ਨਿਰਮਾਣ ਕਰਤਾਵਾਂ ਅਤੇ ਪਰਚੂਨ ਵਿਕਰੇਤਾਵਾਂ ਦੇ ਨਾਲ ਆਪਣੀ ਹਿੱਸੇਦਾਰੀ ਵਧਾਏਗਾ। ਇਸੇ ਤਰ੍ਹਾਂ ਦੀ ਪ੍ਰਦਰਸ਼ਨੀ ਛੋਟੇ ਅਤੇ ਲਘੂ ਉਦਯੋਗਾਂ ਲਈ ਇਕ ਬਹੁਤ ਵਧੀਆ ਮੰਚ ਹੈ, ਜਿੱਥੇ ਉਹ ਸਿੰਗਾਪੁਰ 'ਚ ਮੰਗ ਵਾਲੇ ਆਪਣੇ ਸਾਮਾਨ ਨੂੰ ਪ੍ਰਦਰਸ਼ਤ ਕਰ ਸਕਦੇ ਹਨ।
