ਹੁਣ ਬਿਨਾਂ ਪੈਸੇ ਦਿੱਤੇ ਬੁੱਕ ਕਰ ਸਕਦੇ ਹੋ ਰੇਲ ਟਿਕਟ!

06/24/2017 12:00:12 PM

ਨਵੀਂ ਦਿੱਲੀ— ਡਿਜੀਟਲ ਪੇਮੈਂਟਸ ਨੂੰ ਰਫਤਾਰ ਦੇਣ ਲਈ ਰੇਲਵੇ ਖਾਣ-ਪੀਣ ਸੈਰ-ਸਪਾਟਾ ਨਿਗਮ (ਆਈ. ਆਰ. ਸੀ. ਟੀ. ਸੀ.) ਹੁਣ ਕੈਸ਼ਲੈੱਸ ਹੋ ਚੁੱਕੀ ਹੈ। ਭਾਰਤੀ ਰੇਲਵੇ ਦੀ ਇਹ ਵੈੱਬਸਾਈਟ ਯਾਤਰੀਆਂ ਨੂੰ ਉਧਾਰ 'ਤੇ ਟਿਕਟ ਬੁੱਕ ਕਰਨ ਦੀ ਸੁਵਿਧਾ ਦੇ ਰਹੀ ਹੈ। ਇਸੇ ਮਹੀਨੇ ਸ਼ੁਰੂ ਹੋਈ ਇਸ ਨਵੀਂ ਸਕੀਮ ਤਹਿਤ ਕੋਈ ਯਾਤਰੀ ਸਫਰ ਤੋਂ ਪੰਜ ਦਿਨ ਪਹਿਲਾਂ ਟਿਕਟ ਬੁੱਕ ਕਰਨ ਦੇ ਬਾਅਦ 14 ਦਿਨਾਂ ਅੰਦਰ ਭੁਗਤਾਨ ਕਰ ਸਕਦਾ ਹੈ। 

PunjabKesari
ਇਸ ਲਈ ਉਸ ਨੂੰ 3.5 ਫੀਸਦੀ ਸਰਵਿਸ ਚਾਰਜ ਦੇਣਾ ਹੋਵੇਗਾ। ਇਸ ਵਿਵਸਥਾ ਲਈ ਆਈ. ਆਰ. ਸੀ. ਟੀ. ਸੀ. ਨੇ ਮੁੰਬਈ ਦੀ ਇਕ ਕੰਪਨੀ 'ਈ-ਪੇਅ ਲੇਟਰ' ਨਾਲ ਸਮਝੌਤਾ ਕੀਤਾ ਹੈ। 
ਆਈ. ਆਰ. ਸੀ. ਟੀ. ਸੀ. ਦੇ ਬੁਲਾਰੇ ਸੰਦੀਪ ਦੱਤਾ ਨੇ ਕਿਹਾ ਕਿ ਇਹ ਸੇਵਾ ਯਾਤਰੀਆਂ ਨੂੰ ਪੈਸੇ ਦੀ ਚਿੰਤਾ ਕੀਤੇ ਬਿਨਾਂ ਤੁਰੰਤ ਟਿਕਟ ਬੁੱਕ ਕਰਨ ਦੀ ਸੁਵਿਧਾ ਦਿੰਦੀ ਹੈ। ਤਕਰੀਬਨ 50 ਲੋਕ ਇਸ ਸੇਵਾ ਦੀ ਵਰਤੋਂ ਵੀ ਕਰ ਚੁੱਕੇ ਹਨ। ਜੇਕਰ ਯਾਤਰੀ ਟਿਕਟ ਬੁਕਿੰਗ ਦੇ 14 ਦਿਨਾਂ ਅੰਦਰ ਪੈਸੇ ਨਹੀਂ ਦਿੰਦਾ ਹੈ ਤਾਂ ਆਈ. ਆਰ. ਸੀ. ਟੀ. ਸੀ. ਉਸ 'ਤੇ ਜੁਰਮਾਨਾ ਵੀ ਲਗਾਏਗਾ। ਇੰਨਾ ਹੀ ਨਹੀਂ, ਜੋ ਲੋਕ ਵਾਰ-ਵਾਰ ਪੈਸੇ ਦੇਣ 'ਚ ਨਾਂਹ ਕਰਨਗੇ, ਉਨ੍ਹਾਂ ਨੂੰ ਇਸ ਸੁਵਿਧਾ ਤੋਂ ਹਮੇਸ਼ਾ ਲਈ ਵਾਂਝੇ ਕਰ ਦਿੱਤਾ ਜਾਵੇਗਾ। 
ਆਨਲਾਈਨ ਟਿਕਟ ਬੁੱਕ ਕਰਨ ਵਾਲੇ ਕਿਸੇ ਯੂਜ਼ਰ ਨੂੰ ਕਿੰਨੇ ਰੁਪਏ ਤਕ ਦੀ ਟਿਕਟ ਉਧਾਰ ਦਿੱਤੀ ਜਾ ਸਕਦੀ ਹੈ, ਇਸ ਦਾ ਫੈਸਲਾ ਉਸ ਦੀ ਕ੍ਰੈਡਿਟ ਹਿਸਟਰੀ, ਡਿਜੀਟਲ ਫੁਟਪ੍ਰਿੰਟ ਅਤੇ ਆਨਲਾਈਨ ਖਰੀਦਦਾਰੀ 'ਤੇ ਆਧਾਰਿਤ ਹੋਵੇਗਾ। ਹੁਣ ਤਕ ਯਾਤਰੀਆਂ ਨੂੰ ਆਲਾਈਨ ਟਿਕਟ ਬੁੱਕ ਕਰਨ ਲਈ ਆਈ. ਆਰ. ਸੀ. ਟੀ. ਸੀ. ਖਾਤੇ ਜ਼ਰੀਏ ਪੇਮੈਂਟ ਕਰਨਾ ਹੁੰਦਾ ਸੀ।


Related News