ਟਿਕਟ ਕੱਟਣ ਤੋਂ ਬਾਅਦ ਬੈਂਸ ਭਰਾਵਾਂ ਨੂੰ ਸ਼ਾਮਲ ਕਰ ਕੇ ਕਾਂਗਰਸ ਨੇ ਵਧਾਈ ਆਸ਼ੂ ਦੀ ਨਾਰਾਜ਼ਗੀ
Tuesday, May 14, 2024 - 02:39 PM (IST)
ਲੁਧਿਆਣਾ (ਹਿਤੇਸ਼) : ਲੋਕ ਸਭਾ ਚੋਣ ਦੌਰਾਨ ਟਿਕਟ ਕੱਟਣ ਤੋਂ ਬਾਅਦ ਕਾਂਗਰਸ ਨੇ ਹੁਣ ਬੈਂਸ ਭਰਾਵਾਂ ਨੂੰ ਸ਼ਾਮਲ ਕਰ ਕੇ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦੀ ਨਾਰਾਜ਼ਗੀ ਵਧਾ ਦਿੱਤੀ ਹੈ, ਜਿਸ ਦਾ ਸਬੂਤ ਆਸ਼ੂ ਵੱਲੋਂ ਸੋਮਵਾਰ ਨੂੰ ਪੰਜਾਬ ਦੇ ਪ੍ਰਧਾਨ ਰਾਜਾ ਵੜਿੰਗ ਦੇ ਨਾਮਜ਼ਦਗੀ ਦਾਖ਼ਲ ਕਰਨ ਤੋਂ ਦੂਰੀ ਬਣਾਉਣ ਦੇ ਰੂਪ ’ਚ ਸਾਹਮਣੇ ਆਇਆ ਹੈ।
ਜ਼ਿਕਰਯੋਗ ਹੈ ਕਿ ਰਵਨੀਤ ਬਿੱਟੂ ਦੇ ਭਾਜਪਾ ’ਚ ਸ਼ਾਮਲ ਹੋਣ ਤੋਂ ਬਾਅਦ ਕਾਂਗਰਸ ਵੱਲੋਂ ਹੋਰ ਦਾਅਵੇਦਾਰਾ ਦੇ ਮੁਕਾਬਲੇ ਆਸ਼ੂ ਨੂੰ ਲੋਕ ਸਭਾ ਚੋਣ ਲੜਨ ਨੂੰ ਹਰੀ ਝੰਡੀ ਦੇ ਦਿੱਤੀ ਗਈ ਸੀ, ਜਿਸ ਦੇ ਆਧਾਰ ’ਤੇ ਆਸ਼ੂ ਅਤੇ ਉਨ੍ਹਾਂ ਦੇ ਸਮਰਥਕਾਂ ਵੱਲੋਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਸੀ ਪਰ ਇਕਦਮ ਪਾਰਟੀ ਵੱਲੋਂ ਬਿੱਟੂ ਦੇ ਮੁਕਾਬਲੇ ’ਚ ਵੱਡਾ ਚਿਹਰਾ ਉਤਾਰਨ ਦਾ ਹਵਾਲਾ ਦਿੰਦੇ ਹੋਏ ਰਾਜਾ ਵੜਿੰਗ ਨੂੰ ਉਮੀਦਵਾਰ ਬਣਾ ਕੇ ਭੇਜ ਦਿੱਤਾ ਗਿਆ।
ਇਸ ਲਈ ਭਾਵੇਂ ਕਈ ਸਾਬਕਾ ਵਿਧਾਇਕਾਂ ਦੇ ਵਿਰੋਧ ਦੀ ਰਿਪੋਰਟ ਨੂੰ ਆਧਾਰ ਬਣਾਉਣ ਦੀ ਗੱਲ ਕਹੀ ਗਈ ਪਰ ਪਾਰਟੀ ਦੇ ਇਸ ਫ਼ੈਸਲੇ ਨੂੰ ਲੈ ਕੇ ਆਸ਼ੂ ਦੀ ਨਾਰਾਜ਼ਗੀ ਉਨ੍ਹਾਂ ਦੇ ਸਮਰਥਕਾਂ ਵੱਲੋਂ ਸੋਸ਼ਲ ਮੀਡੀਆ ’ਤੇ ਬਾਹਰੀ ਉਮੀਦਵਾਰ ਖ਼ਿਲਾਫ਼ ਪਾਈਆਂ ਪੋਸਟਾਂ ਦੇ ਰੂਪ ’ਚ ਦੇਖਣ ਨੂੰ ਮਿਲੀ। ਭਾਵੇਂ ਹਾਈਕਮਾਨ ਦੇ ਦਬਾਅ ’ਚ ਆਸ਼ੂ ਨੇ ਭਾਰਤ ਨਗਰ ਚੌਂਕ ਵਿਚ ਰਾਜਾ ਵੜਿੰਗ ਦੇ ਸ਼ੋਅ ਦਾ ਸਵਾਗਤ ਤਾਂ ਕੀਤਾ ਪਰ ਉਹ ਸਮਰਾਲਾ ਚੌਂਕ ਵਿਚ ਹੋਈ ਸ਼ੁਰੂਆਤ ਨੂੰ ਲੈ ਕੇ ਜਗਰਾਓਂ ਵਿਚ ਹੋਏ ਅੰਤ ਤੱਕ ਸਾਥ ਨਹੀਂ ਰਹੇ ਅਤੇ ਇਸ ਤੋਂ ਬਾਅਦ ਵੀ ਉਨ੍ਹਾਂ ਦੀਆਂ ਗਤੀਵਿਧੀਆਂ ਸਿਰਫ ਹਲਕਾ ਵੈਸਟ ਤੱਕ ਹੀ ਸੀਮਤ ਹੋ ਕੇ ਰਹਿ ਗਈਆਂ ਹਨ।
ਇਸ ਦੌਰਾਨ ਕਾਂਗਰਸ ਵੱਲੋਂ ਐਤਵਾਰ ਨੂੰ ਬੈਂਸ ਭਰਾਵਾਂ ਨੂੰ ਸ਼ਾਮਲ ਕਰ ਲਿਆ ਗਿਆ ਹੈ, ਜਿਸ ਨੂੰ ਲੈ ਕੇ ਆਸ਼ੂ ਕਾਫੀ ਗੁੱਸੇ ਵਿਚ ਦੱਸੇ ਜਾ ਰਹੇ ਹਨ ਕਿਉਂਕਿ ਪਹਿਲਾਂ ਬੈਂਸ ਭਰਾ ਕਾਂਗਰਸ ਦੀ ਟਿਕਟ ਦੇ ਕਾਫੀ ਨੇੜੇ ਪੁੱਜ ਗਏ ਅਤੇ ਉਨ੍ਹਾਂ ਦਾ ਰਸਤਾ ਰੋਕਣ ’ਚ ਆਸ਼ੂ ਵੱਲੋਂ ਵੱਡੀ ਭੂਮਿਕਾ ਨਿਭਾਈ ਗਈ ਸੀ ਪਰ ਹੁਣ ਪਾਰਟੀ ਵੱਲੋਂ ਬੈਂਸ ਭਰਾਵਾਂ ਨੂੰ ਸ਼ਾਮਲ ਕਰਨ ਤੋਂ ਪਹਿਲਾਂ ਕਾਰਜਕਾਰੀ ਪ੍ਰਧਾਨ ਹੋਣ ਦੇ ਬਾਵਜੂਦ ਆਸ਼ੂ ਨੂੰ ਵਿਸਵਾਸ਼ ਵਿਚ ਨਹੀਂ ਲਿਆ ਗਿਆ।