ਇਸ ਦੇਸ਼ ਦਾ ਹੋਇਆ ਇੰਨਾ ਬੁਰਾ ਹਾਲ ਕਿ ਮਹਿੰਗਾਈ ਪਹੁੰਚ ਗਈ ਚੋਟੀ ''ਤੇ, ਲੋਕ ਹੋਏ ਗਰੀਬ

09/25/2016 7:36:04 AM

ਨਵੀਂ ਦਿੱਲੀ— ਦੁਨੀਆ ''ਚ ਬਹੁਤ ਸਾਰੇ ਦੇਸ਼ਾਂ ਦੀ ਆਮਦਨ ਦਾ ਸਰੋਤ ਕੱਚਾ ਤੇਲ ਹੈ। ਅਜਿਹਾ ਹੀ ਇਕ ਦੇਸ਼ ਹੈ, ਜੋ ਕਿ ਤੇਲ ਉਤਪਾਦਕ ਦੇਸ਼ਾਂ ਦੇ ਸਮੂਹ ਓਪੇਕ ਦਾ 5ਵਾਂ ਵੱਡਾ ਮੈਂਬਰ ਹੈ। ਇਹ ਦੇਸ਼ ਹੈ ਵੈਨੇਜ਼ੁਏਲਾ, ਇੱਥੇ ਤੇਲ ਦੇ ਵੱਡੇ ਭੰਡਾਰ ਮੌਜੂਦ ਹੋਣ ਦੇ ਬਾਵਜੂਦ ਮਹਿੰਗਾਈ ਚੋਟੀ ''ਤੇ ਪਹੁੰਚ ਗਈ ਹੈ ਅਤੇ ਲੋਕ ਗਰੀਬ ਹੋ ਗਏ ਹਨ। ਇੰਨਾ ਹੀ ਨਹੀਂ ਇੱਥੇ ਦੇ ਲੋਕਾਂ ਕੋਲ ਚੀਜ਼ਾਂ ਖੀਰਦਣ ਲਈ ਵੀ ਲੋੜੀਂਦੇ ਪੈਸੇ ਨਹੀਂ ਹਨ, ਜਿਹੜੇ ਪੈਸੇ ਉਨ੍ਹਾਂ ਕੋਲ ਆਉਂਦੇ ਹਨ, ਉਹ ਜ਼ਿਆਦਾਤਰ ਖਾਣ-ਪੀਣ ਦੀਆਂ ਚੀਜ਼ਾਂ ''ਤੇ ਹੀ ਖਰਚ ਹੋ ਜਾਂਦੇ ਹਨ। ਲੋਕਾਂ ਨੂੰ ਭੋਜਨ ਲੈਣ ਲਈ ਵੀ ਸੜਕਾਂ ''ਤੇ ਕਤਾਰਾਂ ''ਚ ਖੜ੍ਹੇ ਹੋਣਾ ਪੈਂਦਾ ਹੈ। ਜਦੋਂ ਕੋਈ ਗੱਡੀ ਭੋਜਨ ਲੈ ਕੇ ਆਉਂਦੀ ਹੈ ਤਾਂ ਹਫੜਾ-ਦਫੜੀ ਮਚ ਜਾਂਦੀ ਹੈ। 

ਵੈਨੇਜ਼ੁਏਲਾ ਦੀ ਮਾੜੀ ਹਾਲਤ ਦਾ ਅੰਦਾਜ਼ਾ ਇਸ ਤੋਂ ਵੀ ਲਾਇਆ ਜਾ ਸਕਦਾ ਹੈ ਕਿ ਇਸ ਦੇਸ਼ ਕੋਲ ਵਿਦੇਸ਼ਾਂ ਤੋਂ ਚੀਜ਼ਾਂ ਮੰਗਵਾਉਣ ਲਈ ਵੀ ਲੌੜੀਂਦੀ ਵਿਦੇਸ਼ੀ ਕਰੰਸੀ ਨਹੀਂ ਹੈ। ਸੜਕਾਂ ''ਤੇ ਦੌੜ ਰਹੀਆਂ ਗੱਡੀਆਂ ਵੀ ਦਹਾਕੇ ਪੁਰਾਣੀਆਂ ਹਨ ਅਤੇ ਦੁਕਾਨਾਂ ਵੀ ਜ਼ਿਆਦਾਤਰ ਬੰਦ ਹੀ ਰਹਿੰਦੀਆਂ ਹਨ। 
ਵੈਨੇਜ਼ੁਏਲਾ ਦੀ ਹਾਲਤ ਇੰਨੀ ਮਾੜੀ ਹੋ ਗਈ ਹੈ ਕਿ ਲੋਕ ਖਾਣੇ ਨੂੰ ਤਰਸ ਰਹੇ ਹਨ। ਦਵਾਈਆਂ ਅਤੇ ਜ਼ਰੂਰੀ ਸੁਵਿਧਾਵਾਂ ਨਾ ਹੋਣ ਕਾਰਨ ਹਸਪਤਾਲ ਬੇਹਾਲ ਹਨ। ਕੌਮਾਂਤਰੀ ਮੁਦਰਾ ਫੰਡ (ਆਈ ਐੱਮ ਐੱਫ) ਦੀ ਰਿਪੋਰਟ ਮੁਤਾਬਕ ਦੇਸ਼ ''ਚ ਮਹਿੰਗਾਈ 1200 ਫੀਸਦੀ ਤਕ ਵਧ ਸਕਦੀ ਹੈ। ਇੱਥੇ ਇਕ ਅੰਡੇ ਦੀ ਕੀਮਤ ਲਗਭਗ 900 ਰੁਪਏ ਤਕ ਪਹੁੰਚ ਗਈ ਹੈ। ਇਨ੍ਹਾਂ ਸਭ ਦਾ ਕਾਰਨ ਵੈਨੇਜ਼ੁਏਲਾ ਅਰਥਵਿਵਸਥਾ ''ਚ ਆਈ ਗਿਰਾਵਟ ਨੂੰ ਦੱਸਿਆ ਜਾ ਰਿਹਾ ਹੈ। ਇਸ ਦਾ ਅਸਰ ਵੈਨੇਜ਼ੁਏਲਾ ਦੇ ਹਸਪਤਾਲਾਂ ''ਤੇ ਵੀ ਦੇਖਣ ਨੂੰ ਮਿਲ ਰਿਹਾ ਹੈ। 
ਸੋਸ਼ਲ ਮੀਡੀਆ ''ਤੇ ਵੈਨੇਜ਼ੁਏਲਾ ''ਤੇ ਇਕ ਹਸਪਤਾਲ ਦੀ ਤਸਵੀਰ ਵਾਇਰਲ ਹੋਈ ਹੈ। ਇਸ ਤਸਵੀਰ ''ਚ ਨਵਜਾਤ ਬੱਚਿਆਂ ਨੂੰ ਗੱਤੇ ਦੇ ਬਕਸੇ ''ਚ ਰੱਖਿਆ ਹੋਇਆ ਦਿਖਾਇਆ ਗਿਆ ਹੈ। ਹਰ ਗੱਤੇ ''ਤੇ ਇਕ ਸਲਿੱਪ ਲਾਈ ਗਈ ਹੈ, ਜਿਸ ਤੋਂ ਉਨ੍ਹਾਂ ਦੀ ਪਛਾਣ ਕੀਤੀ ਜਾਂਦੀ ਹੈ। ਇਕ ਰਿਪੋਰਟ ਮੁਤਾਬਕ ਵੈਨੇਜ਼ੁਏਲਾ ਦੇ ਜ਼ਿਆਦਾਤਰ ਹਸਪਤਾਲਾਂ ਦਾ ਹਾਲ ਇਹੀ ਹੈ। ਹਸਪਤਾਲਾਂ ''ਚ ਨਾ ਤਾਂ ਦਵਾਈਆਂ ਉਪਲੱਬਧ ਹਨ ਅਤੇ ਨਾ ਹੀ ਇਲਾਜ ਦੇ ਜ਼ਰੂਰੀ ਉਪਕਰਣ। ਇਨ੍ਹਾਂ ਕਮੀਆਂ ਕਾਰਨ ਮੌਤ ਦੀ ਗਿਣਤੀ ਵਧਦੀ ਜਾ ਰਹੀ ਹੈ। ਹਾਲ ਹੀ ''ਚ ਭਾਰਤ ਨੇ ਵੈਨੇਜ਼ੁਏਲਾ ਦੀ ਮਦਦ ਲਈ ਹੱਥ ਵਧਾਇਆ ਹੈ। ਭਾਰਤ ਨੇ ਇਸ ਦੇਸ਼ ਨੂੰ ਦਵਾਈਆਂ ਭੇਜਣ ਦਾ ਭਰੋਸਾ ਦਿੱਤਾ ਹੈ।

Related News