ਕੰਪਨੀਆਂ ਲਈ ਬੁਰਾ ਰਿਹਾ ਸਾਲ 2020 ਪਰ ਉਨ੍ਹਾਂ ਦੇ CEO''s ’ਤੇ ਹੋਈ ਦੌਲਤ ਦੀ ਬਾਰਿਸ਼

Monday, Apr 26, 2021 - 10:07 AM (IST)

ਨਵੀਂ ਦਿੱਲੀ (ਇੰਟ.) - ਸਾਲ 2020 ਦੁਨੀਆ ਭਰ ਦੀਆਂ ਅਰਥਵਿਵਸਥਾਵਾਂ ਦੇ ਨਾਲ-ਨਾਲ ਕੰਪਨੀਆਂ ਲਈ ਵੀ ਬੁਰਾ ਰਿਹਾ ਪਰ ਕੋਰੋਨਾ ਮਹਾਮਾਰੀ ਦੀ ਵਜ੍ਹਾ ਨਾਲ ਭਾਵੇਂ ਕੰਪਨੀਆਂ ਲਈ ਬੁਰਾ ਸਮਾਂ ਰਿਹਾ ਹੋਵੇ ਪਰ ਉਨ੍ਹਾਂ ਦੇ ਸੀ. ਈ. ਓਜ਼ ’ਤੇ ਦੌਲਤ ਦੀ ਬਾਰਿਸ਼ ਹੋਈ। ਜਹਾਜ਼ ਬਣਾਉਣ ਵਾਲੀ ਕੰਪਨੀ ਬੋਇੰਗ ਨੂੰ ਹੀ ਲੈ ਲਵੋ, ਨਿਊਯਾਰਕ ਟਾਈਮਸ ਮੁਤਾਬਕ ਬੋਇੰਗ ਲਈ ਸਾਲ 2020 ਇਤਿਹਾਸਕ ਰੂਪ ’ਚ ਖ਼ਰਾਬ ਸੀ। ਮਹਾਮਾਰੀ ਨੇ ਇਸ ਦੇ ਕਾਰੋਬਾਰ ਨੂੰ ਖਤਮ ਕਰ ਦਿੱਤਾ ਅਤੇ ਕੰਪਨੀ ਨੇ 30,000 ਕਰਮਚਾਰੀਆਂ ਨੂੰ ਬਾਹਰ ਕਰ ਦਿੱਤਾ। ਕੰਪਨੀ ਨੂੰ 12 ਅਰਬ ਡਾਲਰ ਦਾ ਨੁਕਸਾਨ ਹੋਇਆ। ਇਸ ਦੇ ਬਾਵਜੂਦ ਕੰਪਨੀ ਦੇ ਸੀ. ਈ. ਓ. ਡੇਵਿਡ ਕੈਲਹੌਨ ਨੂੰ 21.1 ਮਿਲੀਅਨ ਡਾਲਰ ਮਿਲੇ।

ਨਾਰਵੇਜਿਅਨ ਕਰੂਜ ਲਾਈਨ ਮੁਸ਼ਕਿਲ ਨਾਲ ਸਾਲ 2020 ’ਚ ਡੁੱਬਣ ਤੋਂ ਬਚੀ। ਕਰੂਜ ਇੰਡਸਟਰੀਜ਼ ’ਚ ਠਹਿਰਾਅ ਕਾਰਨ ਕੰਪਨੀ ਨੂੰ 4 ਅਰਬ ਡਾਲਰ ਦਾ ਨੁਕਸਾਨ ਹੋਇਆ ਅਤੇ ਉਸ ਨੇ ਆਪਣੇ 20 ਫ਼ੀਸਦੀ ਕਰਮਚਾਰੀਆਂ ਨੂੰ ਕੱਢ ਦਿੱਤਾ ਪਰ ਕੰਪਨੀ ਨੇ ਆਪਣੇ ਮੁੱਖ ਕਾਰਜਕਾਰੀ ਅਧਿਕਾਰੀ ਫਰੈਂਕ ਡੇਲ ਰਿਓ ਦੀ ਤਨਖਾਹ ਨੂੰ ਦੁੱਗਣੇ ਤੋਂ ਜ਼ਿਆਦਾ (36.4 ਮਿਲੀਅਨ) ਕਰ ਦਿੱਤਾ। ਉੱਥੇ ਹੀ ਹਿਲਟਨ ਨੇ ਜਿੱਥੇ ਲੱਗਭਗ ਇਕ-ਚੌਥਾਈ ਕਾਰਪੋਰੇਟ ਕਰਮਚਾਰੀਆਂ ਨੂੰ ਘਰਾਂ ’ਚ ਬਿਠਾ ਦਿੱਤਾ ਗਿਆ, ਉੱਥੇ ਹੀ ਹੋਟਲ ਖਾਲੀ ਸਨ ਅਤੇ ਕੰਪਨੀ ਨੂੰ 720 ਮਿਲੀਅਨ ਡਾਲਰ ਦਾ ਨੁਕਸਾਨ ਹੋਇਆ। ਫਿਰ ਵੀ ਹਿਲਟਨ ਨੇ ਆਪਣੇ ਮੁੱਖ ਕਾਰਜਕਾਰੀ ਅਧਿਕਾਰੀ ਕ੍ਰਿਸ ਨਾਸੇਟਾ ਨੂੰ 2020 ’ਚ 55.9 ਮਿਲੀਅਨ ਡਾਲਰ ਦਾ ਕੰਪੈਂਸੇਸ਼ਨ ਦਿੱਤਾ।

ਜੈੱਫ ਬੇਜ਼ੋਸ 193 ਅਰਬ ਡਾਲਰ ਦੇ ਮਾਲਕ

ਬਲੂਮਬਰਗ ਅਨੁਸਾਰ ਦੁਨੀਆ ਦੇ 10 ਸਭ ਤੋਂ ਰਈਸ ਲੋਕਾਂ ’ਚੋਂ 8 ਅਜਿਹੇ ਹਨ, ਜਿਨ੍ਹਾਂ ਨੇ ਸੰਯੁਕਤ ਰਾਜ ਅਮਰੀਕਾ ’ਚ ਤਕਨੀਕੀ ਕੰਪਨੀਆਂ ਦੀ ਸਥਾਪਨਾ ਕੀਤੀ ਜਾਂ ਉਨ੍ਹਾਂ ਨੂੰ ਚਲਾਇਆ ਅਤੇ ਇਨ੍ਹਾਂ ’ਚੋਂ ਹਰ ਇਕ ਨੇ 2020 ’ਚ ਅਰਬਾਂ ਡਾਲਰ ਕਮਾਏ। ਐਮਾਜ਼ੋਨ ਦੇ ਸੰਸਥਾਪਕ ਜੈੱਫ ਬੇਜ਼ੋਸ, ਜਿਨ੍ਹਾਂ ਦਾ ਲਾਕਡਾਊਨ ’ਚ ਮੁਨਾਫਾ ਅਸਮਾਨ ਛੂਹ ਰਿਹਾ ਸੀ, ਹੁਣ 193 ਅਰਬ ਡਾਲਰ ਦੇ ਮਾਲਕ ਹਨ। ਗੂਗਲ ਸਹਿ-ਸੰਸਥਾਪਕ ਲੈਰੀ ਪੇਜ਼ ਨੇ ਪਿਛਲੇ 4 ਮਹੀਨਿਆਂ ’ਚ 21 ਅਰਬ ਡਾਲਰ ਕਮਾਏ। ਉਨ੍ਹਾਂ ਦੀ ਜਾਇਦਾਦ ਹੁਣ 103 ਬਿਲੀਅਨ ਡਾਲਰ ਹੋ ਗਈ ਹੈ, ਕਿਉਂਕਿ ਉਨ੍ਹਾਂ ਦੀ ਕੰਪਨੀ ਦੀ ਕਿਸਮਤ ਮਹਾਮਾਰੀ ਦੌਰਾਨ ਖੂਬ ਚਮਕੀ।

ਸੀ. ਈ. ਓ. ਕੰਪੈਂਸੇਸ਼ਨ ਅਤੇ ਔਸਤ ਵਰਕਰ ਤਨਖਾਹ ਦੇ ਵਿਚਾਲੇ ਦਾ ਪਾੜਾ ਦਹਾਕਿਆਂ ਤੋਂ ਵਧ ਰਿਹਾ ਹੈ। ਇਕਾਨਮਿਕ ਪਾਲਿਸੀ ਇੰਸਟੀਚਿਊਟ ਮੁਤਾਬਕ ਵੱਡੀਆਂ ਕੰਪਨੀਆਂ ਦੇ ਚੀਫ ਐਗਜ਼ੀਕਿਊਟਿਵਸ ਨੂੰ ਹੁਣ ਆਪਣੇ ਆਮ ਵਰਕਰ ਨਾਲੋਂ ਔਸਤਨ 320 ਗੁਣਾ ਮਿਲਦੇ ਹਨ। ਸਾਲ 1978 ਤੋਂ 2019 ਤੱਕ ਵਿਸ਼ੇਸ਼ ਮਜ਼ਦੂਰਾਂ ਦਾ ਕੰਪੈਂਸੇਸ਼ਨ 14 ਫ਼ੀਸਦੀ ਵਧਿਆ ਤਾਂ ਸੀ. ਈ. ਓਜ਼ ਲਈ ਇਹ 1,167 ਫ਼ੀਸਦੀ ਵਧਿਆ।

ਇਹ ਵੀ ਪੜ੍ਹੋ : Axis Bank ਨੇ ਲਾਂਚ ਕੀਤਾ ਪੇਮੈਂਟ ਡਿਵਾਈਸ, ਭੁਗਤਾਨ ਲਈ ਨਹੀਂ ਦਰਜ ਕਰਨਾ ਪਵੇਗਾ ਪਿੰਨ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

 


Harinder Kaur

Content Editor

Related News