ਕੁਦਰਤੀ ਗੈਸ ਦੇ ਭਾਅ ਵਧਣ ਨਾਲ ਵਪਾਰਕ ਵਾਹਨਾਂ ''ਚ CNG ਦੀ ਵਰਤੋਂ ਘਟੀ

Saturday, Dec 10, 2022 - 10:40 AM (IST)

ਕੁਦਰਤੀ ਗੈਸ ਦੇ ਭਾਅ ਵਧਣ ਨਾਲ ਵਪਾਰਕ ਵਾਹਨਾਂ ''ਚ CNG ਦੀ ਵਰਤੋਂ ਘਟੀ

ਨਵੀਂ ਦਿੱਲੀ- ਕੁਦਰਤੀ ਗੈਸ ਦੀਆਂ ਕੀਮਤਾਂ 'ਚ ਵਾਧੇ ਨੇ ਚਾਲੂ ਵਿੱਤੀ ਸਾਲ 'ਚ ਵਪਾਰਕ ਵਾਹਨਾਂ 'ਚ ਸੀ.ਐੱਨ.ਜੀ ਦੀ ਵਰਤੋਂ ਨੂੰ ਘਟਾ ਕੇ 9-10 ਫੀਸਦੀ ਕਰ ਦਿੱਤਾ ਹੈ ਜਦਕਿ ਪਹਿਲਾਂ ਇਹ ਅਨੁਮਾਨ 16 ਫੀਸਦੀ ਸੀ। ਇਕਰਾ ਰੇਟਿੰਗਸ ਦੀ ਇੱਕ ਰਿਪੋਰਟ 'ਚ ਇਹ ਅਨੁਮਾਨ ਜਤਾਇਆ ਗਿਆ ਹੈ। ਰੇਟਿੰਗ ਏਜੰਸੀ ਦੀ ਸ਼ੁੱਕਰਵਾਰ ਨੂੰ ਜਾਰੀ ਰਿਪੋਰਟ 'ਚ ਕਿਹਾ ਗਿਆ ਹੈ ਕਿ ਵਿਸ਼ਵ ਪੱਧਰ 'ਤੇ ਕੁਦਰਤੀ ਗੈਸ ਦੀਆਂ ਕੀਮਤਾਂ ਵਧਣ ਕਾਰਨ ਪਿਛਲੇ ਇਕ ਸਾਲ 'ਚ ਸੀ.ਐੱਨ.ਜੀ ਦੇ ਭਾਅ 70 ਫੀਸਦੀ ਤੱਕ ਵਧ ਚੁੱਕੇ ਹਨ। ਇਸ ਕਾਰਨ ਡੀਜ਼ਲ ਅਤੇ ਸੀ.ਐੱਨ.ਜੀ ਦੀਆਂ ਕੀਮਤਾਂ 'ਚ ਕਾਫ਼ੀ ਅੰਤਰ ਆ ਗਿਆ ਹੈ ਜਿਸ ਕਾਰਨ ਲੋਕ ਸੀ.ਐੱਨ.ਜੀ ਵਾਹਨਾਂ ਵੱਲ ਜਾਣ ਤੋਂ ਪਰਹੇਜ਼ ਕਰਨ ਲੱਗੇ ਹਨ।
ਇਕਰਾ ਰੇਟਿੰਗਜ਼ ਨੇ ਇਕ ਬਿਆਨ 'ਚ ਕਿਹਾ ਕਿ ਸੀ.ਐੱਨ.ਜੀ ਵਾਹਨਾਂ ਦੀ ਵਰਤੋਂ ਨਾਲ ਸੰਚਾਲਨ ਲਾਗਤ 'ਚ ਹੋਣ ਵਾਲੀ ਬੱਚਤ ਡੀਜ਼ਲ ਦੇ ਮੁਕਾਬਲੇ ਇਸ ਦੀ ਕੀਮਤ 'ਚ ਵਾਧੇ ਕਾਰਨ ਮਹੱਤਵਪੂਰਨ ਨਹੀਂ ਹੈ। ਇਸ ਕਾਰਨ ਕਰਕੇ ਘਰੇਲੂ ਵਪਾਰਕ ਵਾਹਨ ਖੇਤਰ 'ਚ ਸੀ.ਐੱਨ.ਜੀ ਦੀ ਵਰਤੋਂ 'ਚ ਚਾਲੂ ਵਿੱਤੀ ਸਾਲ 'ਚ ਗਿਰਾਵਟ ਦੇਖਣ ਨੂੰ ਮਿਲੀ ਹੈ, ਖਾਸ ਕਰਕੇ ਮੱਧਮ ਵਪਾਰਕ ਟਰੱਕ ਖੰਡ 'ਚ।
ਰੇਟਿੰਗ ਏਜੰਸੀ ਨੇ ਕਿਹਾ, ''ਸੀ.ਐੱਨ.ਜੀ ਨਾਲ ਚੱਲਣ ਵਾਲੇ ਵਾਹਨਾਂ ਦਾ ਕੁੱਲ ਹਿੱਸਾ ਵੀ ਵਿੱਤੀ ਸਾਲ 2021-22 'ਚ 38 ਫੀਸਦੀ ਤੋਂ ਘਟ ਕੇ 2022-23 ਦੇ ਪਹਿਲੇ ਅੱਠ ਮਹੀਨਿਆਂ 'ਚ 27 ਫੀਸਦੀ ਰਹਿ ਗਿਆ ਹੈ।'' ਹਾਲਾਂਕਿ ਯਾਤਰੀ ਵਾਹਨਾਂ ਖੰਡ 'ਚ ਸੀ.ਐੱਨ.ਜੀ ਨੂੰ ਲੈ ਕੇ ਸਵੀਕ੍ਰਿਤੀ ਬਣੀ ਹੋਈ ਹੈ। ਇਕਰਾ ਨੇ ਕਿਹਾ ਕਿ ਸੀ.ਐੱਨ.ਜੀ ਦੇ ਨਾਲ ਇਲੈਕਟ੍ਰਿਕ ਵਾਹਨਾਂ ਦੀ ਵਰਤੋਂ ਨੂੰ ਵਧਾਉਣ ਦਾ ਸਿਲਸਿਲਾ ਅੱਗੇ ਵੀ ਕਾਇਮ ਰਹਿਣ ਦੀ ਉਮੀਦ ਹੈ।


author

Aarti dhillon

Content Editor

Related News