2 ਮਹੀਨੇ ਬਜਾਏ 1 ਦਿਨ 'ਚ ਪੂਰਾ ਹੋਵੇਗਾ ਟੈਕਸ ਪ੍ਰੋਸੈੱਸ, ਪ੍ਰਾਜੈਕਟ ਨੂੰ ਮਿਲੀ ਮਨਜ਼ੂਰੀ

01/17/2019 11:48:04 AM

ਨਵੀਂ ਦਿੱਲੀ — ਸੂਚਨਾ ਤਕਨਾਲੋਜੀ(ਆਈ.ਟੀ.) ਸੇਵਾਵਾਂ ਦੇਣ ਵਾਲੀ ਕੰਪਨੀ ਇਨਫੋਸਿਸ(Infosis) ਸਰਕਾਰ ਲਈ 4,241.97 ਕਰੋੜ ਦੀ ਲਾਗਤ ਨਾਲ ਅਗਲੀ ਪੀੜ੍ਹੀ ਦੇ ਇਨਕਮ ਟੈਕਸ ਭਰਨ ਦੇ ਸਿਸਟਮ ਨੂੰ ਡਵੈਲਪ ਕਰੇਗੀ। ਸਰਕਾਰ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਸ ਨਾਲ ਰਿਟਰਨ ਦਾ ਪ੍ਰੋਸੈਸਿੰਗ ਟਾਈਮ 63 ਦਿਨ ਤੋਂ ਘੱਟ ਕੇ ਇਕ ਦਿਨ ਰਹਿ ਜਾਵੇਗਾ ਅਤੇ ਰਿਟਰਨ ਵਿਚ ਤੇਜ਼ੀ ਆਵੇਗੀ। 

ਕੈਬਨਿਟ ਨੇ ਦਿੱਤੀ 4,241 ਕਰੋੜ ਦੇ ਪ੍ਰੋਜੈਕਟ ਨੂੰ ਮਨਜ਼ੂਰੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ 'ਚ ਹੋਈ ਕੈਬਨਿਟ ਦੀ ਮੀਟਿੰਗ ਤੋਂ ਬਾਅਦ ਕੇਂਦਰੀ ਮੰਤਰੀ ਪਿਯੂਸ਼ ਗੋਇਲ ਨੇ ਕਿਹਾ,'4,241.97 ਕਰੋੜ ਰੁਪਏ ਦੀ ਲਾਗਤ ਨਾਲ ਆਮਦਨ ਕਰ ਵਿਭਾਗ ਦੇ ਇੰਟੈਗਰੇਟਿਡ ਈ-ਫਾਇਲਿੰਗ ਅਤੇ ਸੈਂਟਰਲਾਈਜ਼ਡ ਪ੍ਰੋਸੈਸਿੰਗ ਸੈਂਟਰ 2.0 ਪ੍ਰੋਜੈਕਟ ਨੂੰ ਪੂਰਾ ਕਰਨ ਲਈ ਮਨਜ਼ੂਰੀ ਦੇ ਦਿੱਤੀ ਗਈ ਹੈ।

2 ਮਹੀਨੇ ਤੋਂ ਘੱਟ ਕੇ ਇਕ ਦਿਨ ਰਹਿ ਜਾਵੇਗਾ ITR ਪ੍ਰੋਸੈਸਿੰਗ ਟਾਈਮ

ਗੋਇਲ ਨੇ ਦੱਸਿਆ ਕਿ ਮੌਜੂਦਾ ਸਮੇਂ 'ਚ ਆਮਦਨ ਟੈਕਸ ਰਿਟਰਨ(ITR) ਦਾ ਪ੍ਰੋਸੈਸਿੰਗ ਟਾਈਮ 63 ਦਿਨ ਹੈ ਅਤੇ ਇਸ ਪ੍ਰੋਜੈਕਟ ਦੇ ਲਾਗੂ ਹੋਣ ਤੋਂ ਬਾਅਦ ਟਾਈਮ ਘੱਟ ਕੇ ਇਕ ਦਿਨ ਰਹਿ ਜਾਵੇਗਾ। ਗੋਇਲ ਨੇ ਦੱਸਿਆ ਕਿ ਇਹ ਪ੍ਰੋਜੈਕਟ 18 ਮਹੀਨੇ ਵਿਚ ਪੂਰਾ ਹੋ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਬਿਡਿੰਗ ਪ੍ਰੋਸੈਸ ਤੋਂ ਬਾਅਦ ਇਸ ਪ੍ਰੋਜੈਕਟ ਨੂੰ ਪੂਰਾ ਕਰਨ ਲਈ ਇਨਫੋਸੈੱਸ ਨੂੰ ਚੁਣਿਆ ਹੈ।

1,482 ਕਰੋੜ ਦੇ ਹੋਰ ਪ੍ਰੋਜੈਕਟ ਮਨਜ਼ੂਰ

ਕੈਬਨਿਟ ਨੇ 2018-19 ਤੱਕ ਮੌਜੂਦਾ ਸੀ.ਪੀ.ਸੀ.-ਆਈ.ਟੀ.ਆਰ. 1.0 ਪ੍ਰੋਜੈਕਟ ਲਈ ਕੰਸੋਲਿਡੇਟਿਡ ਕਾਸਟ ਦੇ ਤੌਰ 'ਤੇ 1,482.44 ਕਰੋੜ ਰੁਪਏ ਨੂੰ ਵੀ ਮਨਜ਼ੂਰੀ ਦਿੱਤੀ ਗਈ ਹੈ। ਗੋਇਲ ਨੇ ਦੱਸਿਆ ਕਿ ਚਾਲੂ ਵਿੱਤੀ ਸਾਲ 'ਚ ਹੁਣ ਤੱਕ 1.83 ਲੱਖ ਕਰੋੜ ਰੁਪਏ ਦੇ ਟੈਕਸ ਰਿਫੰਡ ਜਾਰੀ ਕੀਤੇ ਗਏ ਹਨ। ਇਸ ਫੈਸਲੇ ਨਾਲ ਤੇਜ਼ ਰਿਟਰਨ ਪ੍ਰੋਸੈਸਿੰਗ ਤੋਂ ਇਲਾਵਾ ਪਾਰਦਰਸ਼ਕਤਾ ਅਤੇ ਭਰੋਸੇਯੋਗਤਾ ਯਕੀਨੀ ਬਣਾਈ ਜਾਵੇਗੀ। ਇਸ ਤੋਂ ਇਲਾਵਾ ਇਨਕਮ ਟੈਕਸ ਵਿਭਾਗ ਦੇ ਨਾਲ ਕਿਸੇ ਇੰਟਰਫੇਸ ਦੇ ਬਿਨਾਂ ਸਿੱਧੇ ਤੌਰ 'ਤੇ ਟੈਕਸਪੇਅਰਜ਼ ਦੇ ਬੈਂਕ ਖਾਤੇ ਵਿਚ ਰਿਫੰਡ ਜਮ੍ਹਾਂ ਕੀਤਾ ਜਾਵੇਗਾ।


Related News