ਸਮੇਂ ਤੋਂ ਪਹਿਲਾਂ ਸਰਕਾਰ ਨੇ ਪੂਰਾ ਕੀਤਾ ਉਜਵਲਾ ਦਾ ਟੀਚਾ, 5 ਕਰੋੜ ਪਰਿਵਾਰਾਂ ਨੂੰ ਮਿਲਿਆ ਗੈਸ ਕੁਨੈਕਸ਼ਨ
Saturday, Aug 04, 2018 - 02:34 PM (IST)

ਨਵੀਂ ਦਿੱਲੀ — ਪ੍ਰਧਾਨ ਮੰਤਰੀ ਉਜਵਲਾ ਸਕੀਮ ਅਧੀਨ 5 ਕਰੋੜ ਪਰਿਵਾਰਾਂ ਨੂੰ ਮੁਫਤ ਗੈਸ ਕੁਨੈਕਸ਼ਨ ਮੁਹੱਈਆ ਕਰਵਾਇਆ ਗਿਆ ਹੈ। ਲੋਕ ਸਭਾ ਦੀ ਸਪੀਕਰ ਸੁਮਿਤਰਾ ਮਹਾਜਨ ਨੇ ਸ਼ੁੱਕਰਵਾਰ ਨੂੰ ਦਿੱਲੀ ਦੇ ਲਾਭਪਾਤਰੀ ਨੂੰ 5 ਕਰੋੜਵਾਂ ਕੁਨੈਕਸ਼ਨ ਦਿੱਤਾ।
ਕੇਂਦਰ ਸਰਕਾਰ ਨੇ ਉਜਵਲਾ ਯੋਜਨਾ ਨੂੰ ਇਕ ਮਈ 2016 ਨੂੰ ਉੱਤਰ ਪ੍ਰਦੇਸ਼ ਦੇ ਬਲੀਆ ਤੋਂ ਲਾਂਚ ਕੀਤਾ ਸੀ, ਜਿਸ ਦੇ ਤਹਿਤ ਮਾਰਚ 2019 ਤੱਕ 5 ਕਰੋੜ ਪਰਿਵਾਰਾਂ ਲਈ ਮੁਫ਼ਤ ਗੈਸ ਕੁਨੈਕਸ਼ਨ, ਚੁੱਲ੍ਹਾ ਅਤੇ ਰੈਗੂਲੇਟਰ ਦੇਣ ਦਾ ਟੀਚਾ ਨਿਰਧਾਰਤ ਕੀਤਾ ਸੀ। ਸਰਕਾਰ ਨੇ ਇਸ ਟੀਚੇ ਨੂੰ 8 ਮਹੀਨੇ ਪਹਿਲਾਂ ਮੁਕੰਮਲ ਕਰ ਲਿਆ ਹੈ। ਸਰਕਾਰ ਨੇ ਇਸ ਯੋਜਨਾ ਦੇ ਤਹਿਤ 8000 ਕਰੋੜ ਰੁਪਏ ਦੀ ਵਿਵਸਥਾ ਕੀਤੀ ਸੀ। ਇਸ ਸਕੀਮ ਵਿਚ ਹਰੇਕ ਗਾਹਕ ਲਈ 1600 ਰੁਪਏ ਦਾ ਪ੍ਰਬੰਧ ਹੈ। ਐੱਲ.ਪੀ.ਜੀ. ਕੁਨੈਕਸ਼ਨ 2011 ਦੇ ਸਮਾਜਿਕ-ਆਰਥਿਕ ਜਾਤ ਅਧਾਰਤ ਜਨਗਣਨਾ ਦੇ ਆਧਾਰ ਤੇ ਦਿੱਤੇ ਗਏ ਹਨ।
ਸੰਸਦ ਭਵਨ 'ਚ ਸੁਮਿੱਤਰਾ ਮਹਾਜਨ ਨੇ ਦਿੱਲੀ ਦੇ ਸੰਗਮ ਵਿਹਾਰ ਇਲਾਕੇ 'ਤ ਰਹਿਣ ਵਾਲੀ ਤਕਦੀਨਮ ਨੂੰ ਪੰਜ ਕਰੋੜਵਾਂ ਕਨੈਕਸ਼ਨ ਦਿੱਤਾ। ਇਸ ਦੇ ਨਾਲ ਹੀ ਰਾਣੀ,ਪੂਜਾ,ਸ਼ੈਲਾ ਬੇਗਮ,ਅਮੋਲ ਦੇਵੀ, ਰਾਣੀ ਕੁਮਾਰੀ, ਮਾਇਆ ਦੇਵੀ ਅਤੇ ਕਿਰਣ ਨੂੰ ਵੀ ਊਜਵਲਾ ਯੋਜਨਾ ਦੇ ਤਹਿਤ ਕੁਨੈਕਸ਼ਨ ਦਿੱਤੇ, ਸਭ ਤੋਂ ਜ਼ਿਆਦਾ ਕਨੈਕਸ਼ਨ ਉੱਤਰ ਪ੍ਰਦੇਸ਼ 'ਚ ਦਿੱਤੇ ਗਏ ਹਨ।
ਸੂਬਿਆਂ ਦੇ ਹਿੱਸੇ ਆਏ ਐੱਲ.ਪੀ.ਜੀ. ਕੁਨੈਕਸ਼ਨ
ਉੱਤਰ ਪ੍ਰਦੇਸ਼ - 87 ਲੱਖ
ਪੱਛਮੀ ਬੰਗਾਲ - 67 ਲੱਖ
ਬਿਹਾਰ - 61 ਲੱਖ
ਮੱਧ ਪ੍ਰਦੇਸ਼ — 45 ਲੱਖ
ਰਾਜਸਥਾਨ - 37 ਲੱਖ
ਉੜੀਸਾ — 30 ਲੱਖ
ਕੁਲ ਕੁਨੈਕਸ਼ਨਾਂ 'ਚ ਇਨ੍ਹਾਂ ਸੂਬਿਆਂ ਦੀ ਹਿੱਸੇਦਾਰੀ ਕਰੀਬ 65 ਫੀਸਦੀ ਦੀ ਹੈ। ਇਸ ਯੋਜਨਾ ਦੇ ਤਹਿਤ ਗਰੀਬੀ ਰੇਖਾ ਤੋਂ ਹੇਠਾਂ ਗੁਜ਼ਾਰਾ ਕਰਨ ਵਾਲੇ ਪਰਿਵਾਰਾਂ ਨੂੰ ਮੁਫ਼ਤ ਗੈਸ ਕੁਨੈਕਸ਼ਨ ਦਿੱਤੇ ਜਾਂਦੇ ਹਨ।