ਪੰਜਾਬ: Student ਵੱਲੋਂ Teacher ਨਾਲ 15 ਕਰੋੜ ਰੁਪਏ ਦੀ ਠੱਗੀ! ਹੋਸ਼ ਉਡਾ ਦੇਵੇਗਾ ਪੂਰਾ ਮਾਮਲਾ
Wednesday, Apr 29, 2026 - 01:19 PM (IST)
ਲੁਧਿਆਣਾ (ਰਾਜ): ਗੁਰੂ-ਚੇਲੇ ਦੇ ਪਵਿੱਤਰ ਰਿਸ਼ਤੇ ਨੂੰ ਦਾਗ ਲਗਾਉਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇਕ ਸ਼ਾਤਰ ਆਨਲਾਈਨ ਕਾਰੋਬਾਰੀ ਨੇ ਆਪਣੇ ਹੀ ਪੁਰਾਣੇ ਅਧਿਆਪਕ ਨੂੰ ਯੋਜਨਾਬੱਧ ਤਰੀਕੇ ਨਾਲ ਭਰੋਸੇ ਦੇ ਜਾਲ ਵਿਚ ਫਸਾ ਕੇ ਕਰੋੜਾਂ ਰੁਪਏ ਦੀ ਠੱਗੀ ਨੂੰ ਅੰਜਾਮ ਦਿੱਤਾ। ਸਦਰ ਥਾਣਾ ਪੁਲਸ ਨੇ ਕਾਰਵਾਈ ਕਰਦੇ ਹੋਏ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਿਸ ਨੂੰ ਅਦਾਲਤ ਨੇ ਤਿੰਨ ਦਿਨਾਂ ਦੇ ਪੁਲਸ ਰਿਮਾਂਡ 'ਤੇ ਭੇਜ ਦਿੱਤਾ ਹੈ। ਮੁਲਜ਼ਮ ਦੀ ਪਛਾਣ ਜੰਮੂ-ਕਸ਼ਮੀਰ ਦੇ ਨਿਵਾਸੀ ਮੋਰਿਸ ਐਡਮ ਸ਼ਾਹਮੀਰੀ ਵਜੋਂ ਹੋਈ ਹੈ, ਜੋ ਖ਼ੁਦ ਨੂੰ ਇਕ ਵੱਡੇ ਆਨਲਾਈਨ ਵੈਂਚਰ ਦਾ ਮਾਲਕ ਦੱਸਦਾ ਸੀ।
ਦਰਅਸਲ, ਮੁਲਜ਼ਮ ਮੋਰਿਸ ਨੇ ਅਗਸਤ 2024 ਵਿਚ ਆਪਣੀ ਸਾਬਕਾ ਅਧਿਆਪਕਾ ਸੀਤਾ ਰਾਣੀ ਅਤੇ ਉਨ੍ਹਾਂ ਦੇ ਪਤੀ ਨਾਲ ਸੰਪਰਕ ਕੀਤਾ ਸੀ। ਖ਼ੁਦ ਨੂੰ ਇਕ ਬਹੁਤ ਹੀ ਸਫਲ ਬਿਜ਼ਨਸਮੈਨ ਵਜੋਂ ਪੇਸ਼ ਕਰਦਿਆਂ ਉਸ ਨੇ ਆਪਣੀ ਕੰਪਨੀ ਵਿਚ ਨਿਵੇਸ਼ ਕਰਨ 'ਤੇ ਭਾਰੀ ਮੁਨਾਫ਼ੇ ਦਾ ਲਾਲਚ ਦਿਖਾਇਆ। ਅਧਿਆਪਕਾ ਨੇ ਆਪਣੇ ਪੁਰਾਣੇ ਵਿਦਿਆਰਥੀ 'ਤੇ ਭਰੋਸਾ ਕੀਤਾ, ਪਰ ਉਸ ਨੂੰ ਕੀ ਪਤਾ ਸੀ ਕਿ ਜਿਸ ਚੇਲੇ ਨੂੰ ਉਸ ਨੇ ਕਦੇ ਸਿੱਖਿਆ ਦਿੱਤੀ ਸੀ, ਉਹੀ ਉਸ ਦਾ ਘਰ ਉਜਾੜਨ ਦੀ ਤਿਆਰੀ ਕਰ ਰਿਹਾ ਹੈ। ਮੁਲਜ਼ਮ ਨੇ ਭਰੋਸਾ ਜਿੱਤਣ ਲਈ ਪੋਸਟ ਡੇਟਿਡ ਚੈੱਕ ਅਤੇ ਸ਼ੇਅਰ ਅਲਾਟਮੈਂਟ ਲੈਟਰ ਵਰਗੇ ਦਸਤਾਵੇਜ਼ ਦੇ ਦਿੱਤੇ। ਇੰਨਾ ਹੀ ਨਹੀਂ, ਸ਼ਾਤਰ ਮੁਲਜ਼ਮ ਨੇ ਜੂਨ 2025 ਵਿਚ ਇਕ ਹਲਫ਼ਨਾਮਾ (Affidavit) ਵੀ ਤਿਆਰ ਕੀਤਾ, ਜਿਸ ਵਿਚ ਉਸ ਨੇ 13.10 ਕਰੋੜ ਰੁਪਏ ਦੀ ਦੇਣਦਾਰੀ ਸਵੀਕਾਰ ਕਰਦਿਆਂ ਵਾਅਦਾ ਕੀਤਾ ਕਿ ਜੇਕਰ ਉਹ ਪੈਸੇ ਨਹੀਂ ਮੋੜ ਸਕਿਆ ਤਾਂ ਦੁੱਗਣਾ ਭੁਗਤਾਨ ਕਰੇਗਾ।
ਇਸ ਮਾਮਲੇ ਦਾ ਸਭ ਤੋਂ ਦੁਖਦਾਈ ਪਹਿਲੂ ਇਹ ਹੈ ਕਿ ਜਦੋਂ ਪੀੜਤ ਪਰਿਵਾਰ ਇਸ ਠੱਗੀ ਦਾ ਸ਼ਿਕਾਰ ਹੋ ਰਿਹਾ ਸੀ, ਉਸ ਸਮੇਂ ਸੀਤਾ ਰਾਣੀ ਦੇ ਪਤੀ ਕੈਂਸਰ ਵਰਗੀ ਜਾਨਲੇਵਾ ਬਿਮਾਰੀ ਨਾਲ ਜੂਝ ਰਹੇ ਸਨ। ਬਿਮਾਰੀ ਦੇ ਇਲਾਜ ਲਈ ਪਰਿਵਾਰ ਵਾਰ-ਵਾਰ ਆਪਣੇ ਪੈਸੇ ਵਾਪਸ ਮੰਗਦਾ ਰਿਹਾ, ਪਰ ਮੁਲਜ਼ਮ ਲਗਾਤਾਰ ਟਾਲ-ਮਟੋਲ ਕਰਦਾ ਰਿਹਾ ਅਤੇ ਅੰਤ ਵਿਚ ਜੁਲਾਈ 2025 ਵਿਚ ਕੈਂਸਰ ਕਾਰਨ ਮਹਿਲਾ ਦੇ ਪਤੀ ਦੀ ਮੌਤ ਹੋ ਗਈ। ਪਤੀ ਦੀ ਮੌਤ ਤੋਂ ਬਾਅਦ ਜਦੋਂ ਮਹਿਲਾ ਨੇ ਕਾਨੂੰਨੀ ਰਸਤਾ ਅਪਣਾਉਣ ਦੀ ਕੋਸ਼ਿਸ਼ ਕੀਤੀ, ਤਾਂ ਮੁਲਜ਼ਮ ਨੇ ਆਪਣੇ ਉੱਚੇ ਰਸੂਖ, ਸਿਆਸੀ ਪਹੁੰਚ ਅਤੇ ਪੁਲਸ ਕਨੈਕਸ਼ਨ ਦਾ ਹਵਾਲਾ ਦੇ ਕੇ ਉਸ ਨੂੰ ਡਰਾਉਣ-ਧਮਕਾਉਣ ਦੀ ਵੀ ਕੋਸ਼ਿਸ਼ ਕੀਤੀ। ਪਰ ਪੀੜਤ ਮਹਿਲਾ ਨੇ ਇਸ ਸਬੰਧੀ ਪੁਲਸ ਨੂੰ ਸ਼ਿਕਾਇਤ ਦਿੱਤੀ।
ਜਾਂਚ ਦੌਰਾਨ ਪੁਲਸ ਨੂੰ ਪਤਾ ਲੱਗਿਆ ਕਿ ਮੁਲਜ਼ਮ ਵੱਲੋਂ ਦਿੱਤੇ ਗਏ ਸਾਰੇ ਚੈੱਕ ਬਾਊਂਸ ਹੋ ਚੁੱਕੇ ਸਨ ਅਤੇ ਉਸ ਵੱਲੋਂ ਪੇਸ਼ ਕੀਤੇ ਗਏ ਨਿਵੇਸ਼ ਦੇ ਦਸਤਾਵੇਜ਼ ਪੂਰੀ ਤਰ੍ਹਾਂ ਫਰਜ਼ੀ ਸਨ। ਬੈਂਕ ਟ੍ਰਾਂਜੈਕਸ਼ਨ ਰਿਕਾਰਡ, ਚੈਟ ਹਿਸਟਰੀ ਅਤੇ ਕੋਰੀਅਰ ਰਸੀਦਾਂ ਤੋਂ ਸਾਫ਼ ਹੋ ਗਿਆ ਹੈ ਕਿ ਇਹ ਕਰੀਬ 15 ਕਰੋੜ ਰੁਪਏ ਤੋਂ ਵੱਧ ਦੀ ਸੋਚੀ-ਸਮਝੀ ਧੋਖਾਧੜੀ ਹੈ। ਸਦਰ ਥਾਣਾ ਦੇ ਐੱਸ.ਐਚ.ਓ. (SHO) ਇੰਸਪੈਕਟਰ ਜਗਦੇਵ ਸਿੰਘ ਨੇ ਦੱਸਿਆ ਕਿ ਮੁਲਜ਼ਮ ਲਗਾਤਾਰ ਪੁਲਿਸ ਜਾਂਚ ਤੋਂ ਭੱਜ ਰਿਹਾ ਸੀ ਅਤੇ ਸੰਮਨ ਭੇਜਣ ਦੇ ਬਾਵਜੂਦ ਪੇਸ਼ ਨਹੀਂ ਹੋ ਰਿਹਾ ਸੀ। ਇਸ ਤੋਂ ਬਾਅਦ ਮੁਲਜ਼ਮ ਨੂੰ ਦਬੋਚ ਲਿਆ ਗਿਆ ਅਤੇ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ 'ਤੇ ਲਿਆ ਗਿਆ ਹੈ। ਹੁਣ ਰਿਮਾਂਡ ਦੌਰਾਨ ਪੁਲਸ ਇਹ ਪਤਾ ਲਗਾਉਣ ਵਿਚ ਜੁਟੀ ਹੈ ਕਿ ਇਸ ਵੱਡੇ ਘਪਲੇ ਵਿਚ ਹੋਰ ਕਿਹੜੇ-ਕਿਹੜੇ ਚਿਹਰੇ ਸ਼ਾਮਲ ਹਨ ਅਤੇ ਕੀ ਮੁਲਜ਼ਮ ਨੇ ਇਸ ਤਰ੍ਹਾਂ ਹੋਰ ਲੋਕਾਂ ਨੂੰ ਵੀ ਆਪਣੀ ਠੱਗੀ ਦਾ ਸ਼ਿਕਾਰ ਬਣਾਇਆ ਹੈ। ਪੁਲਸ ਨੂੰ ਉਮੀਦ ਹੈ ਕਿ ਪੁੱਛਗਿੱਛ ਵਿਚ ਕਈ ਵੱਡੇ ਅਤੇ ਹੈਰਾਨ ਕਰਨ ਵਾਲੇ ਖ਼ੁਲਾਸੇ ਹੋ ਸਕਦੇ ਹਨ।
