ਰੂੰ ਬਾਜ਼ਾਰ ਨੇ ਸਾਢੇ 3 ਮਹੀਨਿਆਂ ਬਾਅਦ ਮਾਰੀ ਛਾਲ, 4023 ਰੁਪਏ ਮਣ ਹੋਇਆ ਭਾਅ

12/11/2017 12:32:57 AM

ਜੈਤੋ (ਰਘੁਨੰਦਨ ਪਰਾਸ਼ਰ)- ਉੱਤਰ ਖੇਤਰੀ ਪ੍ਰਮੁੱਖ ਕਪਾਹ ਉਤਪਾਦ ਰਾਜਾਂ ਜਿਨ੍ਹਾਂ ਵਿਚ ਪੰਜਾਬ, ਹਰਿਆਣਾ ਅਤੇ ਰਾਜਸਥਾਨ ਦੀਆਂ ਮੰਡੀਆਂ ਸ਼ਾਮਲ ਹਨ, 'ਚ ਹੁਣ ਤੱਕ ਲਗਭਗ 25,80,500 ਗੰਢਾਂ ਵ੍ਹਾਈਟ ਗੋਲਡ ਦੀਆਂ ਪਹੁੰਚੀਆਂ ਹਨ। ਇਨ੍ਹਾਂ ਖੇਤਰਾਂ 'ਚੋਂ ਹੁਣ ਤੱਕ ਸਭ ਤੋਂ ਵੱਧ ਵ੍ਹਾਈਟ ਗੋਲਡ ਹਰਿਆਣਾ 'ਚ 10,43,000 ਗੰਢਾਂ ਆਈਆਂ ਹਨ ਜਦਕਿ ਦੂਸਰਾ ਸਥਾਨ ਲੋਅਰ ਰਾਜਸਥਾਨ ਖੇਤਰ ਦਾ ਹੈ ਜਿੱਥੇ 6,75,500 ਗੰਢਾਂ ਪਹੁੰਚੀਆਂ ਹਨ। ਪੰਜਾਬ 'ਚ 3,95,000 ਗੰਢ ਤੇ ਸ਼੍ਰੀਗੰਗਾਨਗਰ ਤੇ ਹਨੂਮਾਨਗੜ੍ਹ ਸਰਕਲ 'ਚ 4,67,000 ਗੰਢਾਂ ਆਉਣ ਦੀ ਸੂਚਨਾ ਹੈ।
 ਸੂਤਰਾਂ ਅਨੁਸਾਰ ਪੰਜਾਬ, ਹਰਿਆਣਾ ਅਤੇ ਰਾਜਸਥਾਨ ਦੀਆਂ ਮੰਡੀਆਂ 'ਚ ਕਪਾਹ ਦੀ ਆਮਦ 'ਚ ਵਾਧਾ ਹੋ ਕੇ ਹੁਣ ਰੋਜ਼ਾਨਾ 30,000 ਗੰਢਾਂ ਤੋਂ ਵੱਧ ਦੀ ਹੋਣ ਲੱਗੀ ਹੈ। ਅੱਜਕਲ ਮੰਡੀਆਂ 'ਚ ਵਧੀਆ ਵ੍ਹਾਈਟ ਗੋਲਡ (ਕਪਾਹ) ਉਪਰ 'ਚ 4675-4800 ਰੁਪਏ ਪ੍ਰਤੀ ਕੁਇੰਟਲ ਵਿਕ ਰਿਹਾ ਹੈ। ਇਹ ਵ੍ਹਾਈਟ ਗੋਲਡ ਪ੍ਰਾਈਵੇਟ ਵਪਾਰੀ ਹੀ ਖਰੀਦ ਰਹੇ ਹਨ। ਰੂੰ ਬਾਜ਼ਾਰ ਨੇ ਸਾਢੇ 3 ਮਹੀਨਿਆਂ ਤੋਂ ਬਾਅਦ ਛਾਲ ਮਾਰੀ, ਜਿਸ ਨਾਲ ਇਸ ਦੇ ਭਾਅ 4023 ਰੁਪਏ ਮਣ ਬਣੇ ਹੋਏ ਹਨ।
ਰੂੰ ਭਾਅ 'ਚ ਤੇਜ਼ੀ : ਚਾਲੂ ਕਪਾਹ ਸੈਸ਼ਨ ਦੇ ਲਗਭਗ ਸਾਢੇ 3 ਮਹੀਨੇ ਬਾਅਦ ਰੂੰ ਭਾਅ ਨੇ 4000 ਤੋਂ 4023 ਰੁਪਏ ਮਣ ਦਾ ਅੰਕੜਾ ਦਰਜ ਕੀਤਾ ਹੈ। ਦਸੰਬਰ ਮਹੀਨਾ ਸ਼ੁਰੂ ਹੁੰਦੇ ਹੀ ਰੂੰ ਨੇ ਰੂੰ ਮੰਦੜੀਆਂ ਨੂੰ ਤੇਵਰ ਦਿਖਾਉਣੇ ਸ਼ੁਰੂ ਕਰ ਦਿੱਤੇ ਅਤੇ ਰੂੰ ਨੇ ਲਗਭਗ ਸਾਢੇ 3 ਮਹੀਨੇ ਵਾਲੇ ਭਾਅ ਬਣਾ ਦਿੱਤੇ। ਇਸ ਤੇਜ਼ੀ ਨਾਲ ਰੂੰ ਖਰੀਦ (ਸਪਿਨਿੰਗ ਮਿੱਲਰਾਂ) ਨੂੰ ਤਾਂ ਝਟਕਾ ਲੱਗਾ ਹੈ। ਦੂਜੇ ਪਾਸੇ ਕਪਾਹ ਜਿਨਰ ਮੰਦੀ 'ਚ ਹੋਣ ਨਾਲ ਉਨ੍ਹਾਂ ਨੇ ਵ੍ਹਾਈਟ ਗੋਲਡ (ਕਪਾਹ) ਦਾ ਸਟਾਕ ਨਹੀਂ ਕੀਤਾ ਸੀ। ਰੂੰ ਬਾਜ਼ਾਰ ਨੇ ਤੇਜ਼ੀ ਦਾ ਰੁਖ਼ ਬਣਾਇਆ ਹੈ ਤਾਂ ਜਿਨਰਾਂ ਨੂੰ ਬਾਜ਼ਾਰ ਤੋਂ ਵ੍ਹਾਈਟ ਗੋਲਡ ਵੀ ਉੱਚੀਆਂ ਕੀਮਤਾਂ 'ਤੇ ਖਰੀਦਣਾ ਪੈ ਰਿਹਾ ਹੈ।
ਸੂਤਰਾਂ ਦਾ ਕਹਿਣਾ ਹੈ ਕਿ ਅੱਜਕਲ ਕਪਾਹ ਜਿਨਰਾਂ (ਫੈਕਟਰੀਆਂ) ਦੇ ਹੱਥ ਕੁਝ ਨਹੀਂ ਪੈ ਰਿਹਾ ਹੈ ਕਿਉਂਕਿ ਉਨ੍ਹਾਂ ਨੂੰ ਡਿਸਪੈਰਿਟੀ 'ਚ ਹੀ 50-100 ਰੁਪਏ ਦਰਮਿਆਨ ਕਾਰੋਬਾਰ ਕਰਨਾ ਪੈ ਰਿਹਾ ਹੈ। ਦੂਜੇ ਪਾਸੇ ਕਪਾਹ ਜਿਨਰਾਂ ਨੂੰ ਕਾਟਨ ਸੀਡ (ਬਿਨੌਲਾ) ਦੇ ਭਾਅ ਵੀ ਕਾਫੀ ਪ੍ਰੇਸ਼ਾਨ ਕਰ ਰਹੇ ਹਨ। ਅੱਜਕਲ ਕਾਟਨ ਸੀਡ ਭਾਅ 2080-2100 ਰੁਪਏ ਕੁਇੰਟਲ ਚੱਲ ਰਹੇ ਹਨ ਜਦਕਿ ਬੀਤੇ ਸਾਲ ਇਸ ਮਿਆਦ ਦੌਰਾਨ 2500-2535 ਰੁਪਏ ਕੁਇੰਟਲ ਭਾਅ ਸੀ।
ਤੇਜੜੀਆਂ ਨੂੰ ਬੱਝੀ ਆਸ : ਰੂੰ ਦੇ ਅਚਾਨਕ ਤੇਵਰ ਬਦਲਣ ਨਾਲ ਜ਼ਿਆਦਾਤਰ ਸਪਿਨਿੰਗ ਮਿੱਲਰ ਹੈਰਤ 'ਚ ਨਜ਼ਰ ਆ ਰਹੇ ਹਨ ਕਿਉਂਕਿ ਉਨ੍ਹਾਂ ਨੂੰ ਬਿਲਕੁਲ ਉਮੀਦ ਨਹੀਂ ਸੀ ਕਿ ਰੂੰ ਅਚਾਨਕ ਆਪਣੇ ਤੇਵਰ ਬਦਲ ਕੇ 3850 ਤੋਂ 4015 ਰੁਪਏ ਮਣ ਦਾ ਅੰਕੜਾ ਪਾਰ ਕਰ ਦੇਵੇਗਾ। ਸੂਤਰਾਂ ਅਨੁਸਾਰ ਜ਼ਿਆਦਾਤਰ ਸਪਿਨਿੰਗ ਮਿੱਲਰ 4000 ਰੁਪਏ ਮਣ ਦੀ ਰੂੰ ਖਰੀਦਣ ਤੋਂ ਪਿੱਛੇ ਹਟੇ ਨਜ਼ਰ ਆ ਰਹੇ ਹਨ ਅਤੇ ਉਨ੍ਹਾਂ ਨੇ ਬਾਜ਼ਾਰ ਤੋਂ ਮੂੰਹ ਫੇਰਿਆ ਹੋਇਆ ਹੈ ਕਿਉਂਕਿ ਉਨ੍ਹਾਂ ਨੂੰ ਉਮੀਦ ਹੈ ਕਿ ਰੂੰ ਛੇਤੀ ਹੀ ਤੇਵਰ ਹੇਠਾਂ ਕਰਨ ਵਾਲਾ ਹੈ। ਦੂਜੇ ਪਾਸੇ ਤੇਜੜੀਆਂ ਨੂੰ ਰੂੰ ਬਾਜ਼ਾਰ ਉਠਣ ਨਾਲ ਇਕ ਵੱਡੀ ਆਸ ਬੱਝੀ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਰੂੰ ਬਾਜ਼ਾਰ 'ਚ ਮੰਦੀ ਦਾ ਦੌਰ ਖਤਮ ਹੋ ਚੁੱਕਾ ਹੈ ਅਤੇ ਬਾਜ਼ਾਰ ਤੇਜ਼ੀ ਵੱਲ ਰਹੇਗਾ।
ਬੋਝਲ ਬਣਿਆ ਬਾਜ਼ਾਰ : ਬਾਜ਼ਾਰ 'ਚ ਬੀਤੇ ਕਈ ਦਿਨਾਂ ਤੋਂ ਮਲਟੀਨੈਸ਼ਨਲ ਰੂੰ ਕੰਪਨੀਆਂ ਦੀ ਹੀ ਮੁੱਖ ਤੌਰ 'ਤੇ ਖਰੀਦਦਾਰੀ ਚੱਲ ਰਹੀ ਹੈ। ਇਸ ਨਾਲ ਬਾਜ਼ਾਰ 'ਚ ਤੇਜ਼ੀ ਬਣੀ ਹੈ ਪਰ ਮਲਟੀਨੈਸ਼ਨਲ ਰੂੰ ਕੰਪਨੀਆਂ ਹਰ ਕਪਾਹ ਜਿਨਰ ਤੋਂ ਰੂੰ ਨਹੀਂ ਖਰੀਦ ਰਹੀਆਂ। ਤੇਜ਼ੀ ਚੱਲਣ ਕਾਰਨ ਸਾਰੇ ਕਪਾਹ ਜਿਨਰਾਂ ਨੇ ਆਪਣੀ-ਆਪਣੀ ਹੈਸੀਅਤ ਅਨੁਸਾਰ ਵ੍ਹਾਈਟ ਗੋਲਡ ਦਾ ਸਟਾਕ ਕਰ ਲਿਆ ਹੈ। ਸੂਤਰਾਂ ਦੀ ਮੰਨੀਏ ਤਾਂ ਰੂੰ ਬਾਜ਼ਾਰ ਬੋਝਲ ਨਜ਼ਰ ਆਉਣ ਲੱਗਾ ਹੈ।
ਆਈ. ਸੀ. ਏ. ਐੱਲ. ਮਿਲੇਗਾ ਸੀ. ਐੱਮ. ਨੂੰ : ਦੇਸ਼ ਦੀ ਮਸ਼ਹੂਰ ਰੂੰ ਸੰਸਥਾ ਇੰਡੀਅਨ ਕਾਟਨ ਐਸੋਸੀਏਸ਼ਨ ਲਿ. (ਆਈ. ਸੀ. ਏ. ਐੱਲ.) ਦੇ ਪ੍ਰਧਾਨ ਰਾਕੇਸ਼ ਰਾਠੀ ਦੀ ਅਗਵਾਈ 'ਚ ਇਕ ਵਫਦ 18 ਦਸੰਬਰ ਨੂੰ ਹਰਿਆਣਾ ਸੀ. ਐੱਮ. ਮਨੋਹਰ ਲਾਲ ਨੂੰ ਮਿਲੇਗਾ। ਵਫਦ ਜੀ. ਐੱਸ. ਟੀ., ਮਾਰਕੀਟ ਫੀਸ ਆਦਿ ਮਾਮਲਿਆਂ 'ਤੇ ਵਿਚਾਰ-ਵਟਾਂਦਰਾ ਕਰੇਗਾ।


Related News