ਸਬਜ਼ੀਆਂ ਦੀ ਕੀਮਤ ਹੋਈ ਦੁੱਗਣੀ , ਰਸੋਈ ਦਾ ਬਜਟ ਸੰਭਾਲਣਾ ਹੋ ਗਿਆ ਮੁਸ਼ਕਲ
Sunday, Jul 14, 2024 - 02:14 PM (IST)
ਨਵੀਂ ਦਿੱਲੀ (ਭਾਸ਼ਾ) - ਹਿਮਾਚਲ ਪ੍ਰਦੇਸ਼ ਵਰਗੇ ਸੂਬਿਆਂ ’ਚ ਦੇਰ ਨਾਲ ਪਏ ਮੀਂਹ ਕਾਰਨ ਫਸਲਾਂ ਨੂੰ ਹੋਏ ਨੁਕਸਾਨ ਦੌਰਾਨ ਰਾਸ਼ਟਰੀ ਰਾਜਧਾਨੀ ’ਚ ਸਬਜ਼ੀਆਂ ਦੇ ਮੁੱਲ ਆਸਮਾਨ ਛੂਹ ਰਹੇ ਹਨ। ਅਜਿਹੇ ’ਚ ਆਮ ਖਪਤਕਾਰਾਂ ਨੂੰ ਟਮਾਟਰ ਵਰਗੀਆਂ ਰੋਜ਼ਾਨਾ ਦੀਆਂ ਚੀਜ਼ਾਂ ਦੁੱਗਣੀ ਕੀਮਤ ’ਤੇ ਖਰੀਦਣ ਨੂੰ ਮਜਬੂਰ ਹੋਣਾ ਪੈ ਰਿਹਾ ਹੈ । ਇਸ ਨਾਲ ਰਸੋਈ ਦਾ ਬਜਟ ਵਿਗੜ ਗਿਆ ਹੈ।
ਥੋਕ ਬਾਜ਼ਾਰਾਂ ’ਚ ਦੁਕਾਨਦਾਰਾਂ ਨੇ ਦੱਸਿਆ ਕਿ ਖਾਸ ਤੌਰ ’ਤੇ ਆਲੂ, ਪਿਆਜ਼ ਅਤੇ ਟਮਾਟਰ ਵਰਗੀਆਂ ਰਸੋਈ ਦੀਆਂ ਮੁੱਖ ਵਸਤਾਂ ਨਾਲ ਹੀ ਫੁੱਲਗੋਭੀ, ਪੱਤਾਗੋਭੀ ਅਤੇ ਕੱਦੂ ਵਰਗੀਆਂ ਹਰੀਆਂ ਸਬਜ਼ੀਆਂ ਦੇ ਭਾਅ ’ਚ ਉਛਾਲ ਆਇਆ ਹੈ। ਉਥੇ ਹੀ, ਇਕ ਸਰਕਾਰੀ ਅਧਿਕਾਰੀ ਨੇ ਕਿਹਾ ਕਿ ਦੱਖਣੀ ਸੂਬਿਆਂ ਵੱਲੋਂ ਸਪਲਾਈ ਵਧਣ ਨਾਲ ਆਉਣ ਵਾਲੇ ਹਫਤਿਆਂ ’ਚ ਇਸ ’ਚ ਨਰਮੀ ਆਉਣ ਦੀ ਉਮੀਦ ਹੈ। ਅਧਿਕਾਰੀ ਨੇ ਕਿਹਾ ਕਿ ਸਪਲਾਈ ’ਚ ਰੁਕਾਵਟ ਕਾਰਨ ਵਧੀਆਂ ਟਮਾਟਰ ਅਤੇ ਪਿਆਜ਼ ਦੀਆਂ ਕੀਮਤਾਂ ਦੇ ਜਲਦ ਸਥਿਰ ਹੋਣ ਦੀ ਉਮੀਦ ਹੈ।
ਸਬਜ਼ੀਆਂ ਦੀ ਕੀਮਤ ਦੁੱਗਣੀ ਹੋਈ
ਆਜ਼ਾਦਪੁਰ ਸਬਜ਼ੀ ਮੰਡੀ ਦੇ ਇਕ ਵਪਾਰੀ ਸੰਜੈ ਭਗਤ ਨੇ ਦੱਸਿਆ,‘‘ਫਿਲਹਾਲ ਟਮਾਟਰ ਦਾ ਥੋਕ ਭਾਅ 50 ਤੋਂ 60 ਰੁਪਏ ਪ੍ਰਤੀ ਕਿਲੋ ਹੈ। ਸਥਾਨਕ ਕਿਸਮ ਦਾ ਟਮਾਟਰ 1,200 ਰੁਪਏ ਪ੍ਰਤੀ 28 ਕਿਲੋ (ਇਕ ਕਰੇਟ) ਅਤੇ ਹਾਈਬ੍ਰਿਡ ਕਿਸਮ ਦਾ ਟਮਾਟਰ 1,400 ਤੋਂ 1,700 ਰੁਪਏ ’ਚ ਵਿਕ ਰਿਹਾ ਹੈ । ਪਹਿਲਾਂ ਟਮਾਟਰ ਦਾ ਭਾਅ 25-30 ਰੁਪਏ ਪ੍ਰਤੀ ਕਿਲੋ ਸੀ।
ਉਨ੍ਹਾਂ ਕਿਹਾ,‘‘ਥੋਕ ਬਾਜ਼ਾਰ ’ਚ ਹੋਰ ਸਬਜ਼ੀਆਂ ਦੀ ਕੀਮਤ ਕਰੀਬ 25 ਤੋਂ 28 ਰੁਪਏ ਪ੍ਰਤੀ ਕਿਲੋ ਹੈ। ਜੋ ਸਬਜ਼ੀਆਂ 10 ਤੋਂ 15 ਰੁਪਏ ’ਚ ਵਿਕਦੀਆਂ ਸਨ, ਉਹ ਹੁਣ 25 ਤੋਂ 30 ਰੁਪਏ ’ਚ ਮਿਲ ਰਹੀਆਂ ਹਨ। ਬੀਨਸ ਦੀਆਂ ਕੀਮਤਾਂ ’ਚ ਵੀ ਵਾਧਾ ਹੋਇਆ ਹੈ, ਜੋ 40 ਤੋਂ 50 ਰੁਪਏ ਪ੍ਰਤੀ ਕਿਲੋ ਵਿਕ ਰਹੀ ਹੈ।
ਇਸ ਕਾਰਨ ਕੀਮਤਾਂ ’ਚ ਆਇਆ ਉਛਾਲ
ਇਸ ਸਾਲ ਤੇਜ਼ ਗਰਮੀ ਅਤੇ ਮੀਂਹ ’ਚ ਦੇਰੀ ਕਾਰਨ ਕੀਮਤਾਂ ’ਚ ਉਛਾਲ ਆਇਆ ਹੈ। ਭਗਤ ਨੇ ਕਿਹਾ ਕਿ ਜ਼ਿਆਦਾਤਰ ਸਪਲਾਈਕਰਤਾ ਹਿਮਾਚਲ ਪ੍ਰਦੇਸ਼ ਤੋਂ ਟਮਾਟਰ ਮੰਗਵਾਉਂਦੇ ਹਨ, ਜਿੱਥੇ ਫਸਲ ਸੁੱਕ ਗਈ ਹੈ। ਉਨ੍ਹਾਂ ਕਿਹਾ ਕਿ ਪਹਾੜਾਂ ’ਚ ਫਸਲਾਂ ਮੀਂਹ ’ਤੇ ਨਿਰਭਰ ਕਰਦੀਆਂ ਹਨ ਅਤੇ ਇਸ ਵਾਰ ਗਰਮੀ ਬਹੁਤ ਸੀ ਅਤੇ ਮੀਂਹ ਬਹੁਤ ਘੱਟ ਹੋਇਆ। ਇਸ ਨਾਲ ਬੂਟੇ ਸੁੱਕ ਗਏ।
ਉਨ੍ਹਾਂ ਕਿਹਾ ਕਿ ਸੋਕੇ ਤੋਂ ਬਾਅਦ ਭਾਰੀ ਮੀਂਹ ਹੋਇਆ, ਜਿਸ ਦੇ ਨਾਲ ਫਸਲਾਂ ਨੂੰ ਹੋਰ ਨੁਕਸਾਨ ਪੁੱਜਾ। ਓਖਲਾ ਸਬਜ਼ੀ ਮੰਡੀ ਦੇ ਇਕ ਵਪਾਰੀ ਨੇ ਕਿਹਾ ਕਿ ਅਜੇ ਸਿਰਫ 2 ਥਾਵਾਂ ਤੋਂ ਟਮਾਟਰ ਦੀ ਸਪਲਾਈ ਹੋ ਰਹੀ ਹੈ-ਕਰਨਾਟਕ ਅਤੇ ਹਿਮਾਚਲ ਪ੍ਰਦੇਸ਼। ਮਹਾਰਾਸ਼ਟਰ ਤੋਂ 10-15 ਅਗਸਤ ਦੇ ਆਸ-ਪਾਸ ਨਵੀਂ ਫਸਲ ਆਉਣ ਤੱਕ ਕੀਮਤਾਂ ਉੱਚੀਆਂ ਰਹਿਣਗੀਆਂ।
ਰਸੋਈ ਦਾ ਬਜਟ ਸੰਭਾਲਣਾ ਹੋਇਆ ਮੁਸ਼ਕਲ
ਦਿੱਲੀ ’ਚ ਕਈ ਲੋਕਾਂ ਨੇ ਕਿਹਾ ਕਿ ਸਬਜ਼ੀਆਂ ਦੀਆਂ ਉੱਚੀਆਂ ਕੀਮਤਾਂ ਨੇ ਉਨ੍ਹਾਂ ਦੇ ਬਜਟ ਨੂੰ ਵਿਗਾੜ ਦਿੱਤਾ ਹੈ । ਲਕਸ਼ਮੀ ਨਗਰ ਸਬਜ਼ੀ ਮੰਡੀ ’ਚ ਕਰਿਆਨੇ ਦਾ ਸਾਮਾਨ ਖਰੀਦ ਰਹੀ ਸਰਿਤਾ ਨੇ ਕਿਹਾ,‘‘ਮੈਂ ਸੀਮਿਤ ਮਾਤਰਾ ’ਚ ਹੀ ਖਰੀਦ ਰਹੀ ਹਾਂ ਅਤੇ ਸਿਰਫ ਉਹੀ ਚੀਜ਼ਾਂ ਖਰੀਦ ਰਹੀ ਹਾਂ, ਜੋ ਰਸੋਈ ’ਚ ਬਿਲਕੁੱਲ ਜ਼ਰੂਰੀ ਹਨ। ਆਮ ਆਦਮੀ ਅਜੇ ਸਬਜ਼ੀਆਂ ਨਹੀਂ ਖਰੀਦ ਸਕਦਾ।
ਮਹਰੌਲੀ ਸਬਜ਼ੀ ਮੰਡੀ ’ਚ ਦੀਪਕ ਨੇ ਕਿਹਾ,‘‘ਪਹਿਲਾਂ 200 ਤੋਂ 300 ਰੁਪਏ ’ਚ ਅਸੀਂ ਪੂਰੇ ਹਫਤੇ ਦੀਆਂ ਸਬਜ਼ੀਆਂ ਖਰੀਦ ਲੈਂਦੇ ਸੀ ਪਰ ਹੁਣ ਇਹ 2 ਤੋਂ 3 ਦਿਨ ’ਚ ਹੀ ਖਤਮ ਹੋ ਜਾਂਦੀਆਂ ਹਨ। ਰਸੋਈ ਦਾ ਬਜਟ ਸੰਭਾਲਣਾ ਮੁਸ਼ਕਲ ਹੋ ਗਿਆ ਹੈ।
ਰੈਸਟੋਰੈਂਟ ਚਲਾਉਣ ਵਾਲੇ ਵੀ ਮੁਸ਼ਕਲ ’ਚ
ਦੂਜੀ ਪਾਸੇ, ਕੀਮਤਾਂ ’ਚ ਵਾਧੇ ਦੇ ਬਾਵਜੂਦ ਕਈ ਰੈਸਟੋਰੈਂਟ ਕੀਮਤਾਂ ’ਚ ਬਦਲਾਅ ਕਰਨ ਤੋਂ ਬੱਚ ਰਹੇ ਹਨ। ਕਨਾਟ ਪਲੇਸ ’ਚ ਜੈਨ ਰੈਸਟੋਰੈਂਟ ਦੇ ਮਾਲਿਕ ਅਤੇ ਨੈਸ਼ਨਲ ਰੈਸਟੋਰੈਂਟ ਐਸੋਸੀਏਸ਼ਨ ਆਫ ਇੰਡੀਆ ਦੇ ਆਨਰੇਰੀ ਖਜ਼ਾਨਚੀ ਮਨਪ੍ਰੀਤ ਸਿੰਘ ਨੇ ਕਿਹਾ ਕਿ ਜ਼ਿਆਦਾਤਰ ਰੈਸਟੋਰੈਂਟ ’ਚ ਨਿਸ਼ਚਿਤ ਮਿੰਨੂ ਹੁੰਦੇ ਹਨ ਅਤੇ ਉਨ੍ਹਾਂ ਕੋਲ ਨਿਯਮਿਤ ਗਾਹਕ ਹੁੰਦੇ ਹਨ, ਇਸ ਲਈ ਉਹ ਸਪਲਾਈਕਰਤਾਵਾਂ ਦੀ ਤਰ੍ਹਾਂ ਕੀਮਤਾਂ ’ਚ ਉਤਰਾਅ-ਚੜ੍ਹਾਅ ਨਹੀਂ ਕਰ ਸਕਦੇ। ਉਨ੍ਹਾਂ ਕਿਹਾ,‘‘ਇਸ ਨਾਲ ਸਾਡੇ ਮਾਰਜਿਨ ’ਤੇ ਦਬਾਅ ਪੈਂਦਾ ਹੈ। ਅਸੀਂ ਆਪਣੀਆਂ ਕੀਮਤਾਂ ’ਚ ਬਹੁਤ ਜ਼ਿਆਦਾ ਵਾਧਾ ਨਾ ਕਰਨ ਦੀ ਕੋਸ਼ਿਸ਼ ਕਰਦੇ ਹਾਂ ਪਰ ਕਦੇ-ਕਦੇ ਸਾਨੂੰ ਅਪ੍ਰਤੱਖ ਲਾਗਤ ਵਾਧੇ ਕਾਰਨ ਅਜਿਹਾ ਕਰਨ ਲਈ ਮਜਬੂਰ ਹੋਣਾ ਪੈਂਦਾ ਹੈ।