ਪੈਟਰੋਲ ਅਤੇ ਡੀਜ਼ਲ ਦੀ ਮਹਿੰਗਾਈ ’ਤੇ ਲੱਗੇਗੀ ਲਗਾਮ, ਕੀਮਤਾਂ ’ਚ ਆਵੇਗੀ ਸਥਿਰਤਾ

08/04/2022 1:18:22 PM

ਵਿਏਨਾ (ਭਾਸ਼ਾ) – ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ’ਚ ਆਉਣ ਵਾਲੇ ਮਹੀਨਿਆਂ ’ਚ ਲਗਾਮ ਲੱਗ ਸਕਦੀ ਹੈ। ਤੇਲ ਬਰਾਮਦ ਕਰਨ ਵਾਲੇ ਦੇਸ਼ਾਂ ਦੇ ਸਮੂਹ ਓਪੇਕ ਨੇ ਬੁੱਧਵਾਰ ਨੂੰ ਹੋਈ ਬੈਠਕ ਦੌਰਾਨ ਤੇਲ ਦਾ ਉਤਪਾਦਨ 1 ਲੱਖ ਬੈਰਲ ਰੋਜ਼ਾਨਾ ਵਧਾਉਣ ਦਾ ਫੈਸਲਾ ਕੀਤਾ ਹੈ। ਓਪੇਕ ਦੇ ਇਸ ਫੈਸਲੇ ਤੋਂ ਬਾਅਦ ਦੁਨੀਆ ’ਚ ਤੇਲ ਦੀ ਸਪਲਾਈ ਵਧੇਗੀ, ਜਿਸ ਨਾਲ ਪੈਟਰੋਲੀਅਮ ਉਤਪਾਦਾਂ ਦੀ ਮਹਿੰਗਾਈ ’ਤੇ ਲਗਾਮ ਲੱਗ ਸਕਦੀ ਹੈ। ਓਪੇਕ ਦੇ ਇਸ ਫੈਸਲੇ ਤੋਂ ਬਾਅਦ ਬੁੱਧਵਾਰ ਰਾਤ ਨਿਊਯਾਰਕ ਕਮਿਊਨਿਟੀ ਐਕਸਚੇਂਜ ’ਚ ਕੱਚੇ ਤੇਲ ਦੀਆਂ ਕੀਮਤਾਂ ’ਚ ਗਿਰਾਵਟ ਦੇਖੀ ਗਈ ਅਤੇ ਕੱਚਾ ਤੇਲ 94 ਡਾਲਰ ਪ੍ਰਤੀ ਬੈਰਲ ’ਤੇ ਟ੍ਰੇਡ ਕਰ ਰਿਹਾ ਸੀ।

ਭਾਰਤ ਆਪਣੀ ਲੋੜ ਦਾ ਜ਼ਿਆਦਾਤਰ ਕੱਚਾ ਤੇਲ ਇੰਪੋਰਟ ਕਰਦਾ ਹੈ ਅਤੇ ਗਲੋਬਲ ਬਾਜ਼ਾਰ ’ਚ ਕੱਚੇ ਤੇਲ ਦੀਆਂ ਕੀਮਤਾਂ ਵਧਣ ਨਾਲ ਦੇਸ਼ ’ਚ ਪੈਟਰੋਲੀਅਮ ਉਤਪਾਦਾਂ ਦੀ ਮਹਿੰਗਾਈ ਦੇ ਨਾਲ-ਨਾਲ ਹੋਰ ਵਸਤਾਂ ਵੀ ਮਹਿੰਗੀਆਂ ਹੁੰਦੀਆਂ ਹਨ ਪਰ ਕੱਚੇ ਤੇਲ ਦੀ ਸਪਲਾਈ ਵਧਣ ਨਾਲ ਹੁਣ ਮਹਿੰਗਾਈ ਦਾ ਖਦਸ਼ਾ ਘੱਟ ਹੋ ਜਾਵੇਗਾ।

ਇਹ ਵੀ ਪੜ੍ਹੋ : ਆਟੋ ਕੰਪਨੀਆਂ ਦੀ ਵਿਕਰੀ ’ਚ ਉਛਾਲ, ਮਾਰੂਤੀ ਸੁਜ਼ੂਕੀ ਅਤੇ ਟਾਟਾ ਮੋਟਰਜ਼ ਦੀ ਸੇਲ ’ਚ ਵਾਧਾ

ਮਹਿੰਗਾਈ ਅਤੇ ਕੋਰੋਨਾ ਨੂੰ ਦੇਖਦੇ ਹੋਏ ਉਤਪਾਦਨ ਵਧਾਉਣ ਦਾ ਫੈਸਲਾ

ਓਪੇਕ ਨੇ ਇਹ ਫੈਸਲਾ ਅਜਿਹੇ ਸਮੇਂ ’ਚ ਲਿਆ ਜਦੋਂ ਯੂਕ੍ਰੇਨ ਅਤੇ ਰੂਸ ਦੀ ਜੰਗ ਕਾਰਨ ਕੱਚੇ ਤੇਲ ਦੀਆਂ ਕੀਮਤਾਂ 100 ਡਾਲਰ ਪ੍ਰਤੀ ਬੈਰਲ ਦੇ ਲਗਭਗ ਬਣੀਅਾਂ ਹੋਈਆਂ ਹਨ ਅਤੇ ਰੇਟਾਂ ’ਚ ਲਗਾਤਾਰ ਅਸਥਿਰਤਾ ਬਣੀ ਹੋਈ ਹੈ ਅਤੇ ਕੱਚੇ ਤੇਲ ਦੀ ਸਪਲਾਈ ਅਸਥਿਰ ਚੱਲ ਰਹੀ ਹੈ। ਜੁਲਾਈ ਅਤੇ ਅਗਸਤ ’ਚ ਓਪੇਕ+ਦੇਸ਼ 6 ਲੱਖ 48 ਹਜ਼ਾਰ ਬੈਰਲ ਰੋਜ਼ਾਨਾ ਕੱਚੇ ਤੇਲ ਦਾ ਉਤਪਾਦਨ ਕਰ ਰਹੇ ਹਨ, ਇਨ੍ਹਾਂ ਦੇਸ਼ਾਂ ਨੇ ਦੁਨੀਆ ਭਰ ’ਚ ਵਧ ਰਹੀ ਮਹਿੰਗਾਈ ਅਤੇ ਕੋਵਿਡ-19 ਦੇ ਵਧਦੇ ਮਾਮਲਿਆਂ ਕਾਰਨ ਸਪਲਾਈ ਵਧਾਉਣ ਦਾ ਫੈਸਲਾ ਲਿਆ ਹੈ। ਇਸ ਤੋਂ ਪਹਿਲਾਂ ਸਾਊਦੀ ਅਰਬ ਦੀ ਅਗਵਾਈ ਵਾਲੇ ਓਪੇਕ ਅਤੇ ਰੂਸ ਦੀ ਅਗਵਾਈ ਵਾਲੇ ਉਸ ਦੇ ਸਹਿਯੋਗੀ ਦੇਸ਼ਾਂ ਨੇ ਕੋਰੋਨਾ ਮਹਿੰਗਾਈ ਦੌਰਾਨ ਕੱਚੇ ਤੇਲ ਦੀ ਮੰਗ ਘੱਟ ਹੋਣ ਕਾਰਨ ਉਤਪਾਦਨ ਚ ਕਟੌਤੀ ਕੀਤੀ ਸੀ। ਕਟੌਤੀ ਦੀ ਮਿਆਦ ਸਤੰਬਰ ਮਹੀਨੇ ’ਚ ਸਮਾਪਤ ਹੋ ਰਹੀ ਹੈ ਅਤੇ ਇਸ ਦੇ ਸਮਾਪਤ ਹੋਣ ਤੋਂ ਬਾਅਦ ਕੱਚੇ ਤੇਲ ਦਾ ਉਤਪਾਦਨ ਵਧ ਜਾਏਗਾ। ਭਾਰਤ ’ਚ ਇਸ ਦੌਰਾਨ ਤਿਓਹਾਰਾਂ ਦਾ ਸੀਜ਼ਨ ਹੁੰਦਾ ਹੈ ਅਤੇ ਤਿਓਹਾਰਾਂ ਦੇ ਸੀਜ਼ਨ ਦੌਰਾਨ ਭਾਰਤ ’ਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ’ਚ ਵਾਧਾ ਹੋਣ ਦਾ ਖਦਸ਼ਾ ਹੁਣ ਘੱਟ ਹੋ ਗਿਆ ਹੈ।

ਇਹ ਵੀ ਪੜ੍ਹੋ : ਅਗਸਤ ਮਹੀਨੇ ਦੀ ਸ਼ੁਰੂਆਤ ਰਾਹਤ ਨਾਲ, ਜਾਣੋ ਇਸ ਮਹੀਨੇ ਹੋਣ ਵਾਲੇ ਮਹੱਤਵਪੂਰਨ ਬਦਲਾਅ ਬਾਰੇ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News