ਪੈਕੇਜ ਨਾਲ ਸੰਪਤੀ ਜੋਖਮ ਹੋਵੇਗਾ ਘੱਟ, ਪਰ ਹਾਵੀ ਰਹੇਗਾ ਕੋਵਿਡ-19 ਦਾ ਨਕਾਰਾਤਮਕ ਅਸਰ : ਮੂਡੀਜ਼

05/19/2020 2:32:38 PM

ਨਵੀਂ ਦਿੱਲੀ — ਮੂਡੀਜ਼ ਇਨਵੈਸਟਰਜ਼ ਸਰਵਿਸ ਨੇ ਮੰਗਲਵਾਰ ਨੂੰ ਕਿਹਾ ਕਿ ਸਰਕਾਰ ਵਲੋਂ ਹੁਣੇ ਜਿਹੇ ਐਲਾਨੇ 20 ਲੱਖ ਕਰੋੜ ਰੁਪਏ ਦੇ ਆਰਥਿਕ ਪੈਕੇਜ ਨਾਲ ਵਿੱਤੀ ਸੰਸਥਾਵਾਂ ਲਈ ਜਾਇਦਾਦ ਦੇ ਜੋਖਮ 'ਚ ਕਮੀ ਆਵੇਗੀ ਪਰ ਇਸ ਨਾਲ ਕੋਵਿਡ-19 ਦੇ ਨਕਾਰਾਤਮਕ ਪ੍ਰਭਾਵ ਨੂੰ ਪੂਰੀ ਤਰ੍ਹਾਂ ਖਤਮ ਨਹੀਂ ਕੀਤਾ ਜਾ ਸਕੇਗਾ।

ਸਰਕਾਰ ਨੇ ਪਿਛਲੇ ਹਫਤੇ ਮਾਈਕਰੋ, ਲਘੂ ਅਤੇ ਦਰਮਿਆਨੇ ਉਦਯੋਗਾਂ (ਐਮ.ਐਸ.ਐਮ.ਈ.) ਲਈ 3.70 ਲੱਖ ਕਰੋੜ ਰੁਪਏ ਦੇ ਸਹਾਇਤਾ ਪੈਕੇਜ ਦਾ ਐਲਾਨ ਕੀਤਾ ਸੀ। ਇਸ ਤੋਂ ਇਲਾਵਾ ਗੈਰ-ਬੈਂਕਿੰਗ ਵਿੱਤੀ ਕੰਪਨੀਆਂ(ਐਨਬੀਐਫਸੀ) ਲਈ 75,000 ਕਰੋੜ ਰੁਪਏ ਅਤੇ ਬਿਜਲੀ ਵੰਡ ਕੰਪਨੀਆਂ ਲਈ 90,000 ਕਰੋੜ ਰੁਪਏ ਦੇ ਸਹਾਇਤਾ ਪੈਕੇਜ ਦਾ ਐਲਾਨ ਕੀਤਾ ਗਿਆ ਸੀ।

ਮੂਡੀਜ਼ ਨੇ 'ਵਿੱਤੀ ਸੰਸਥਾਵਾਂ - ਭਾਰਤ: ਵਿੱਤੀ ਪ੍ਰਣਾਲੀ ਨੂੰ ਰਾਹਤ ਮੁਹੱਈਆ ਕਰਵਾਉਣ ਲਈ ਸਹਾਇਤਾ ਉਪਾਅ, ਪਰ ਹੱਲ ਨਹੀਂ ਹੋਣਗੀਆਂ ਸਾਰੀਆਂ ਸਮੱਸਿਆਵਾਂ' ਸਿਰਲੇਖ ਵਾਲੀ ਆਪਣੀ ਟਿੱਪਣੀ ਵਿਚ ਕਿਹਾ, 'ਇਨ੍ਹਾਂ ਉਪਾਅ ਨਾਲ ਵਿੱਤੀ ਖੇਤਰ ਲਈ ਜਾਇਦਾਦ ਦੇ ਜੋਖਮ ਨੂੰ ਘਟਾਉਣ ਵਿਚ ਸਹਾਇਤਾ ਮਿਲੇਗੀ, ਪਰ ਉਹ ਕੋਰੋਨਾ ਵਾਇਰਸ ਦੇ ਨਕਾਰਾਤਮਕ ਪ੍ਰਭਾਵਾਂ ਨੂੰ ਪੂਰੀ ਤਰ੍ਹਾਂ ਦੂਰ ਕਰਨ ਦੇ ਯੋਗ ਨਹੀਂ ਹੋਣਗੇ।'

ਐਮ.ਐਸ.ਐਮ.ਈ. ਪੈਕੇਜ ਬਾਰੇ, ਰੇਟਿੰਗ ਏਜੰਸੀ ਨੇ ਕਿਹਾ ਕਿ ਕੋਰੋਨਾ ਵਿਸ਼ਾਣੂ ਫੈਲਣ ਤੋਂ ਪਹਿਲਾਂ ਹੀ ਇਹ ਖੇਤਰ  ਤਣਾਅ ਵਿਚ ਸੀ ਅਤੇ ਆਰਥਿਕ ਵਾਧੇ 'ਚ ਮੰਦੀ ਵਧਣ ਨਾਲ ਹੀ ਨਕਦੀ ਦੀਆਂ ਪ੍ਰੇਸ਼ਾਨੀਆਂ ਵਧਣਗੀਆਂ। ਐਨ.ਬੀ.ਐਫ.ਸੀ. ਦੇ ਉਪਾਵਾਂ ਦੇ ਸੰਬੰਧ ਵਿਚ ਟਿੱਪਣੀ ਵਿਚ ਕਿਹਾ ਗਿਆ ਹੈ ਕਿ ਇਹ ਮਦਦ ਇਨ੍ਹਾਂ ਕੰਪਨੀਆਂ ਦੀ ਤੁਰੰਤ ਤਰਲਤਾ ਦੀਆਂ ਜ਼ਰੂਰਤਾਂ ਦੀ ਤੁਲਨਾ 'ਚ ਬਹੁਤ ਘੱਟ ਹੈ।


Harinder Kaur

Content Editor

Related News