'ਭਾਰਤੀ ਅਰਥਚਾਰੇ ਲਈ ਅਗਲੇ 2 ਮਹੀਨੇ ਬਹੁਤ ਅਹਿਮ'

09/04/2019 5:28:53 PM

ਮੁੰਬਈ — ਸਟੇਟ ਬੈਂਕ ਆਫ ਇੰਡੀਆ ਦੇ ਚੇਅਰਮੈਨ ਰਜਨੀਸ਼ ਕੁਮਾਰ ਨੇ ਕਿਹਾ ਹੈ ਕਿ 6 ਸਾਲ 'ਚ ਸਭ ਤੋਂ ਮਾੜੀ ਸੁਸਤੀ ਦਾ ਸਾਹਮਣਾ ਕਰ ਰਹੀ ਭਾਰਤੀ ਅਰਥਵਿਵਸਥਾ ਲਈ ਅਗਲੇ ਦੋ ਮਹੀਨੇ ਬਹੁਤ ਹੀ ਅਹਿਮ ਹਨ। ਅਰਥਚਾਰੇ ਲਈ ਅਹਿਮ ਆਟੋਮੋਬਾਈਲ ਇੰਡਸਟਰੀ ਦੇ ਮੁਸ਼ਕਲ 'ਚ ਘਿਰੇ ਹੋਣ ਵਿਚਕਾਰ ਇਹ ਬਹਿਸ ਗਰਮ ਹੈ ਕਿ ਆਰਥਿਕ ਸੁਸਤੀ ਚੱਕਰੀ ਹੈ ਜਾਂ ਢਾਂਚਾਗਤ। ਕੁਮਾਰ ਨੇ ਕਿਹਾ ਕਿ ਉਹ ਸਰਕਾਰੀ ਬੈਂਕਾਂ ਦੇ ਰਲੇਵੇਂ ਦੇ ਸਰਕਾਰ ਦੇ ਫੈਸਲੇ ਨਾਲ ਸਹਿਮਤ ਹਨ। 

ਕੁਮਾਰ ਨੇ ਸਟੇਟ ਬੈਂਕ ਦੇ ਸਾਲਾਨਾ ਬੈਂਕਿੰਗ ਅਤੇ ਇਕਨਾਮਿਕਸ ਕਾਨਕਲੇਵ ਤੋਂ ਪਹਿਲਾਂ ਦਿੱਤੇ ਇੰਟਰਵਿਊ 'ਚ ਕਿਹਾ, ' ਜੇਕਰ ਅੱਜ ਆਟੋਮੋਬਾਈਲ ਸੈਕਟਰ ਨੂੰ ਦੇਖੀਏ ਤਾਂ ਅੰਕੜਾ ਆ ਰਿਹਾ ਹੈ ਕਿ ਕੀਆ ਮੋਟਰਜ਼ ਨੇ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਹੈ। ਇਹ ਸੈਕਟਰ ਵੱਡੇ ਬਦਲਾਵਾਂ ਤੋਂ ਗੁਜ਼ਰ ਰਿਹਾ ਹੈ।

ਅਰਥਚਾਰੇ ਲਈ ਅਕਤੂਬਰ- ਨਵੰਬਰ ਅਹਿਮ ਮਹੀਨੇ

ਉਨ੍ਹਾਂ ਨੇ ਕਿਹਾ, 'ਲੋਕਾਂ ਦੀ ਸੋਚ 'ਚ ਬਦਲਾਅ ਅਤੇ ਵਾਤਾਵਰਣ ਨਾਲ ਜੁੜੇ ਮੁੱਦੇ ਹਨ। ਸਾਨੂੰ ਨਹੀਂਂ ਪਤਾ ਕਿ ਸੁਸਤੀ ਦਾ ਕਿੰਨਾ ਹਿੱਸਾ ਚੱਕਰਵਰਤੀ ਅਤੇ ਕਿੰਨਾ ਢਾਂਚਾਗਤ ਹੈ। ਹਾਲਾਂਕਿ ਅਕਤੂਬਰ ਅਤੇ ਨਵੰਬਰ ਭਾਰਤੀ ਅਰਥਵਿਵਸਥਾ ਲਈ ਦੋ ਬਹੁਤ ਹੀ ਅਹਿਮ ਮਹੀਨੇ ਹਨ।' ਤਿਉਹਾਰੀ ਸੀਜ਼ਨ ਦੇਸ਼ 'ਚ ਉਪਭੋਗ ਵਾਧੇ 'ਚ ਵੱਡਾ ਯੋਗਦਾਨ ਦਿੰਦਾ ਹੈ। ਇਸ ਵਾਰ ਦਾ ਸੀਜ਼ਨ ਤੈਅ ਕਰੇਗਾ ਕਿ ਭਾਰਤੀ ਲੋਕ ਸੁਸਤੀ ਦੀ ਚਿੰਤਾ ਨੂੰ ਪਾਸੇ ਰੱਖ ਕੇ ਖਰੀਦਦਾਰੀ ਕਰਦੇ ਹਨ ਜਾਂ ਨਹੀਂ।

ਭਾਰਤ ਦੀ GDP ਗ੍ਰੋਥ ਜੂਨ ਤਿਮਾਹੀ 'ਚ 5 ਫੀਸਦੀ ਦੇ ਨਾਲ 6 ਸਾਲ ਦੇ ਹੇਠਲੇ ਪੱਧਰ 'ਤੇ ਚਲੀ ਗਈ ਸੀ। ਮਹੀਨਾਵਾਰ ਆਟੋ ਸੈਕਟਰ ਦੀ ਵਿਕਰੀ 'ਚ ਭਾਰੀ ਗਿਰਾਵਟ ਆਈ ਹੈ। ਕੁਝ ਮਾਮਲਿਆਂ 'ਚ ਤਾਂ 50 ਫੀਸਦੀ ਤੱਕ ਦੀ ਗਿਰਾਵਟ ਆਈ ਹੈ। ਇਸ ਨਾਲ ਡੀਲਰਸ਼ਿਪ ਘਾਟੇ 'ਚ ਚਲੀ ਗਈ ਹੈ ਅਤੇ ਨੌਕਰੀਆਂ ਜਾਣ ਤੱਕ ਜਾਣ ਤੱਕ ਦੀ ਨੌਬਤ ਆ ਗਈ ਹੈ।

25 ਸਾਲ ਪਹਿਲਾਂ ਦਿੱਤਾ ਗਿਆ ਸੀ ਬੈਂਕਾਂ ਦੇ ਕੰਸਾਲੀਡੇਸ਼ਨ ਦਾ ਸੁਝਾਅ

ਸਰਕਾਰ ਨੇ ਰਾਹਤ ਉਪਾਵਾਂ ਦਾ ਐਲਾਨ ਕੀਤਾ ਸੀ। ਇਸ ਦੇ ਨਾਲ ਹੀ 10 ਸਰਕਾਰੀ ਬੈਂਕਾਂ ਨੂੰ ਮਿਲਾ ਕੇ ਚਾਰ ਬੈਂਕ ਬਣਾਉਣ ਦਾ ਐਲਾਨ ਕੀਤਾ ਗਿਆ ਸੀ। ਸਰਕਰਾ ਦੇ ਮੁਤਾਬਕ ਇਸ ਦਾ ਮਕਸਦ ਕਰਜ਼ਾ ਵੰਡ ਵਧਾ ਕੇ ਗ੍ਰੋਥ ਰਿਵਾਈਵ ਕਰਨਾ ਹੈ। ਕੁਮਾਰ ਨੇ ਕਿਹਾ, 'ਸਰਕਾਰੀ ਬੈਂਕਾਂ ਦੇ ਰਲੇਵੇਂ ਦਾ ਸੁਝਾਅ 25 ਸਾਲ ਪਹਿਲਾਂ ਦਿੱਤਾ ਗਿਆ ਸੀ। ਇਹ ਤਾਂ ਹੋਣਾ ਹੀ ਸੀ।' ਉਨ੍ਹਾਂ ਨੇ ਕਿਹਾ, 'ਜੇਕਰ ਐਗਜ਼ੀਕਿਊਟਿਵ ਟੀਮ ਦਮਦਾਰ ਹੋਵੇ ਤਾਂ ਕਿਸੇ ਵੀ ਕ੍ਰੈਡਿਟ ਸਲੋਅਡਾਊਨ ਨਾਲ ਨਜਿੱਠਿਆ ਜਾ ਸਕਦਾ ਹੈ। ਸਭ ਤੋਂ ਵੱਡਾ ਮਸਲਾ ਆਈ.ਟੀ., ਮਨੁੱਖੀ ਸਰੋਤ ਅਤੇ ਗਾਹਕ ਏਕੀਕਰਣ ਦਾ ਹੈ।'

ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਪਿਛਲੇ ਹਫਤੇ ਕਿਹਾ ਸੀ ਕਿ ਸਰਕਾਰ 10 ਸਰਕਾਰੀ ਬੈਂਕਾਂ ਨੂੰ ਮਿਲਾ ਕੇ ਚਾਰ ਵੱਡੇ ਬੈਂਕ ਬਣਾਵੇਗੀ, ਜਿਸ ਨਾਲ ਕਰਜ਼ਾ ਵੰਡਣ 'ਚ ਸਹਾਇਤਾ ਮਿਲੇਗੀ।


Related News