ਭਾਰਤੀ ਅਰਥਵਿਵਸਥਾ ਦਾ ਬੁਰਾ ਦੌਰ ਬੀਤਿਆ, ਖੇਤੀਬਾੜੀ ਖੇਤਰ ਨੇ ਪਾਰ ਲਗਾਈ ਬੇੜੀ

8/5/2020 1:22:24 PM

ਨਵੀਂ ਦਿੱਲੀ– ਭਾਰਤੀ ਅਰਥਵਿਵਸਥਾ ਲਈ ਬੁਰਾ ਦੌਰ ਹੁਣ ਸੰਭਵ ਹੀ ਬੀਤ ਚੁੱਕਾ ਹੈ। ਵਿੱਤ ਮੰਤਰਾਲਾ ਦੀ ਅੱਜ ਜਾਰੀ ਇਕ ਰਿਪੋਰਟ ’ਚ ਇਹ ਨਤੀਜਾ ਕੱਢਿਆ ਗਿਆ ਹੈ। ਰਿਪੋਰਟ ’ਚ ਕਿਹਾ ਗਿਆ ਹੈ ਕਿ ਬਿਹਤਰ ਮਾਨਸੂਨ ਦੀ ਸੰਭਾਵਨਾ ਨੂੰ ਦੇਖਦੇ ਹੋਏ ਖੇਤੀਬਾੜੀ ਖੇਤਰ ਕੋਰੋਨਾ ਵਾਇਰਸ ਤੋਂ ਪ੍ਰਭਾਵਿਤ ਅਰਥਵਿਵਸਥਾ ਨੂੰ ਉਭਾਰਨ ’ਚ ਅਹਿਮ ਭੂਮਿਕਾ ਨਿਭਾ ਸਕਦਾ ਹੈ। ਯਾਨੀ ਖੇਤੀਬਾੜੀ ਖੇਤਰ ਹੀ ਬੇੜੀ ਨੂੰ ਪਾਰ ਲਗਾ ਸਕਦਾ ਹੈ। ਆਰਥਿਕ ਮਾਮਲਿਆਂ ਦੇ ਵਿਭਾਗ ਵਲੋਂ ਜਾਰੀ ਜੁਲਾਈ ਦੀ ਆਰਥਿਕ ਰਿਪੋਰਟ ’ਚ ਕਿਹਾ ਗਿਆ ਹੈ ਕਿ ਅਪ੍ਰੈਲ ਦੇ ਸੰਕਟ ਤੋਂ ਬਾਅਦ ਭਾਰਤ ਹੁਣ ਰਿਵਾਈਵਲ ਦੀ ਰਾਹ ’ਤੇ ਹੈ। ਇਸ ’ਚ ਆਕਾਰ ਅਤੇ ਕੇਂਦਰੀ ਬੈਂਕ ਦੀਆਂ ਨੀਤੀਆਂ ਤੋਂ ਸਮਰਥਨ ਮਿਲਿਆ ਹੈ।

ਲਾਕਡਾਊਨ ਨਾਲ ਜੋਖ਼ਮ ਕਾਇਮ
ਰਿਪੋਰਟ ’ਚ ਕਿਹਾ ਗਿਆ ਹੈ ਕਿ ਭਾਰਤ ਅਨਲਾਕ ਦੇ ਪੜਾਅ ’ਚ ਹੈ। ਇਸ ਤੋਂ ਪਤਾ ਲਗਦਾ ਹੈ ਕਿ ਅਰਥਵਿਵਸਥਾ ਦਾ ਬੁਰਾ ਸਮਾਂ ਬੀਤ ਗਿਆ ਹੈ। ਹਾਲਾਂਕਿ ਕੋਵਿਡ-19 ਦੇ ਵੱਧਦੇ ਮਾਮਲਿਆਂ ਅਤੇ ਵੱਖ-ਵੱਖ ਸੂਬਿਆਂ ’ਚ ਵਾਰੀ-ਵਾਰੀ ਨਾਲ ਲੱਗ ਰਹੇ ਲਾਕਡਾਊਨ ਨਾਲ ਜੋਖਮ ਕਾਇਮ ਹੈ। ਰਿਪੋਰਟ ਕਹਿੰਦੀ ਹੈ ਕਿ ਕੋਵਿਡ-19 ਦੇ ਮਾਮਲਿਆਂ ’ਚ ਵਾਧਾ ਅਤੇ ਇਸ ਕਾਰਣ ਸੂਬਿਆਂ ਵਲੋਂ ਕੁਝ-ਕੁਝ ਦਿਨਾਂ ਲਈ ਲਗਾਏ ਜਾ ਰਹੇ ਲਾਕਡਾਊਨ ਨਾਲ ਸੁਧਾਰ ਦੀਆਂ ਸੰਭਾਵਨਾਵਾਂ ਕਮਜ਼ੋਰ ਪੈ ਰਹੀਆਂ ਹਨ। ਅਜਿਹੇ ’ਚ ਇਸ ਦੀ ਲਗਾਤਾਰ ਨਿਗਰਾਨੀ ਕਰਨ ਦੀ ਲੋੜ ਹੈ।

ਕੋਵਿਡ-19 ਦੇ ਝਟਕਿਆਂ ਤੋਂ ਉਭਰਨ ਲਈ ਖੇਤੀਬਾੜੀ ਖੇਤਰ ਦੀ ਭੂਮਿਕਾ ਅਹਿਮ
ਹਾਲਾਂਕਿ ਰਿਪੋਰਟ ’ਚ ਖੇਤੀਬਾੜੀ ਖੇਤਰ ਨੂੰ ਲੈ ਕੇ ਭਰੋਸਾ ਜਤਾਇਆ ਗਿਆ ਹੈ। ਰਿਪੋਰਟ ’ਚ ਕਿਹਾ ਗਿਆ ਹੈ ਕਿ 2020-21 ’ਚ ਭਾਰਤੀ ਅਰਥਵਿਵਸਥਾ ਨੂੰ ਕੋਵਿਡ-19 ਦੇ ਝਟਕਿਆਂ ਤੋਂ ਉਭਰਨ ’ਚ ਖੇਤੀਬਾੜੀ ਖੇਤਰ ਦੀ ਅਹਿਮ ਭੂਮਿਕਾ ਰਹੇਗੀ। ਰਿਪੋਰਟ ’ਚ ਕਿਹਾ ਗਿਆ ਹੈ ਕਿ ਖੇਤੀਬਾੜੀ ਖੇਤਰ ਨੂੰ ਕੋਵਿਡ-19 ਕਾਰਣ ਲਾਗੂ ਲਾਕਡਾਊਨ ਤੋਂ ਛੇਤੀ ਅਤੇ ਸਹੀ ਸਮੇਂ ’ਤੇ ਛੋਟ ਦਿੱਤੀ ਗਈ, ਜਿਸ ਨਾਲ ਹਾੜ੍ਹੀ ਦੀਆਂ ਫਸਲਾਂ ਦੀ ਕਟਾਈ ਸਮੇਂ ਸਿਰ ਹੋ ਸਕੀ। ਨਾਲ ਹੀ ਸਾਉਣੀ ਦੀਆਂ ਫਸਲਾਂ ਦੀ ਬਿਜਾਈ ਵੀ ਕੀਤੀ ਜਾ ਸਕੀ। ਰਿਪੋਰਟ ਕਹਿੰਦੀ ਹੈ ਕਿ ਕਣਕ ਦੀ ਰਿਕਾਰਡ ਖਰੀਦ ਨਾਲ ਕਿਸਾਨਾਂ ਦੇ ਹੱਥਾਂ ’ਚ 75,000 ਕਰੋੜ ਰੁਪਏ ਗਏ ਹਨ, ਜਿਸ ਨਾਲ ਗ੍ਰਾਮੀਣ ਇਲਾਕਿਆਂ ’ਚ ਨਿੱਜੀ ਖਪਤ ਵਧਾਉਣ ’ਚ ਮਦਦ ਮਿਲੇਗੀ।

ਕਿਸਾਨ ਹੋਏ ਮਜ਼ਬੂਤ
ਰਿਪੋਰਟ ’ਚ ਕਿਹਾ ਗਿਆ ਹੈ ਕਿ ਸਤੰਬਰ 2019 ਤੋਂ ਵਪਾਰ ਦਾ ਰੁਖ ਖੇਤੀਬਾੜੀ ਖੇਤਰ ਵੱਲ ਹੋਇਆ ਹੈ, ਜਿਸ ਨਾਲ ਗ੍ਰਾਮੀਣ ਮੰਗ ਵਧਾਉਣ ’ਚ ਮਦਦ ਮਿਲੀ ਹੈ। ਇਸ ਨਾਲ ਮਾਰਚ ਤੋਂ ਜੂਨ 2020 ਤੋਂ ਗ੍ਰਾਮੀਣ ਖੇਤਰਾਂ ਦੀ ਮੁੱਖ ਮੁਦਰਾ ਦਾ ਪਸਾਰ ਵਧਿਆ ਹੈ। ਰਿਪੋਰਟ ’ਚ ਹਾਲ ਹੀ ਦੇ ਖੇਤੀਬਾੜੀ ਖੇਤਰ ਦੇ ਸੁਧਾਰਾਂ ਦਾ ਜ਼ਿਕਰ ਕਰਦੇ ਹੋਏ ਕਿਾ ਗਿਆ ਹੈ ਕਿ ਇਸ ਨਾਲ ਖੇਤੀਬਾੜੀ ਖੇਤਰ ਕੰਟਰੋਲ ਮੁਕਤ ਹੋਇਆ ਹੈ। ਨਾਲ ਹੀ ਇਸ ਨਾਲ ਕਿਸਾਨ ਮਜ਼ਬੂਤ ਹੋਏ ਹਨ ਅਤੇ ਉਹ ਭਾਰਤ ਦੇ ਵਿਕਾਸ ਦੀ ਕਹਾਣੀ ਦਾ ਇਕ ਵੱਡਾ ਅਤੇ ਵੱਧ ਸਥਿਰ ਹਿੱਸੇਦਾਰ ਬਣ ਸਕਦੇ ਹਨ।

8 ਬੁਨਿਆਦੀ ਉਦਯੋਗਾਂ ਦੇ ਉਤਪਾਦਨ ’ਚ ਗਿਰਾਵਟ ਹੋਈ ਘੱਟ
ਅਰਥਵਿਵਸਥਾ ’ਚ ਸੁਧਾਰ ਦੇ ਕੁਝ ਸੰਕੇਤਾਂ ਦਾ ਜ਼ਿਕਰ ਕਰਦੇ ਹੋਏ ਰਿਪੋਰਟ ’ਚ ਕਿਹਾ ਗਿਆ ਹੈ ਕਿ ਉਦਯੋਗਿਕ ਉਤਪਾਦਨ (ਆਈ. ਆਈ. ਪੀ.) ਦੀਆਂ ਗਤੀਵਿਧੀਆਂ ਅਤੇ 8 ਬੁਨਿਆਦੀ ਉਦਯੋਗਾਂ ਦੇ ਉਤਪਾਦਨ ’ਚ ਗਿਰਾਵਟ ਅਪ੍ਰੈਲ ਦੀ ਤੁਲਨਾ ’ਚ ਮਈ ’ਚ ਘੱਟ ਹੋਈ ਹੈ। ਇਸ ਤਰ੍ਹਾਂ ਜੂਨ ’ਚ ਭਾਰਤ ਦਾ ਨਿਰਮਾਣ ਪੀ. ਐੱਮ. ਆਈ. 47.2 ’ਤੇ ਪਹੁੰਚ ਗਿਆ। ਮਈ ’ਚ ਇਹ 30.8 ’ਤੇ ਸੀ। ਸੇਵਾ ਪੀ. ਐੱਮ. ਆਈ. ਮਈ ਦੇ 12.6 ਤੋਂ ਜੂਨ ’ਚ 33.7 ’ਤੇ ਪਹੁੰਚ ਗਿਆ।


Rakesh

Content Editor Rakesh