IT ਕੰਪਨੀਆਂ ਦੀ ਆਮਦਨ ਤੀਜੀ ਤਿਮਾਹੀ ’ਚ 14-20 ਫੀਸਦੀ ਵਧੀ

Monday, Jan 16, 2023 - 05:26 PM (IST)

IT ਕੰਪਨੀਆਂ ਦੀ ਆਮਦਨ ਤੀਜੀ ਤਿਮਾਹੀ ’ਚ 14-20 ਫੀਸਦੀ ਵਧੀ

ਨਵੀਂ ਦਿੱਲੀ (ਭਾਸ਼ਾ) - ਭਾਰਤ ਦੀਆਂ ਪ੍ਰਮੁੱਖ ਸੂਚਨਾ ਤਕਨਾਲੋਜੀ (ਆਈ. ਟੀ.) ਸੇਵਾਵਾਂ ਦੇਣ ਵਾਲੀਆਂ ਕੰਪਨੀਆਂ ਨੇ ਦਸੰਬਰ ਤਿਮਾਹੀ ਦੌਰਾਨ ਸਾਲਾਨਾ ਆਧਾਰ ’ਤੇ 14-20 ਫੀਸਦੀ ਮਾਲੀਆ ਵਾਧਾ ਦਰਜ ਕੀਤਾ ਹੈ। ਇਸ ਦੌਰਾਨ ਉਨ੍ਹਾਂ ਨੇ ਵਿਸ਼ਵ ਪੱਧਰੀ ਅਨਿਸ਼ਚਿਤਤਾਵਾਂ ਅਤੇ ਉਤਰਾਅ-ਚੜ੍ਹਾਅ ਦਾ ਸਾਹਮਣਾ ਕੀਤਾ। ਇਹ ਵੀ ਉਮੀਦ ਬਣੀ ਹੋਈ ਹੈ ਕਿ ਲਾਗਤ ਅਤੇ ਵਪਾਰਕ ਪਹਿਲੂ ਤਕਨੀਕੀ ਮੰਗ ਨੂੰ ਉਤਸ਼ਾਹ ਦੇਣਗੇ। ਆਈ. ਟੀ. ਕੰਪਨੀਆਂ ਦੀ ਕਮਾਈ ਦੇ ਅੰਕੜੇ ਟਾਟਾ ਕੰਸਲਟੈਂਸੀ ਸਰਵਿਸਿਜ਼ (ਟੀ. ਸੀ. ਐੱਸ.), ਇਨਫੋਸਿਸ, ਵਿਪਰੋ ਅਤੇ ਐੱਚ. ਸੀ. ਐੱਲ. ਟੈਕਨਾਲੋਜੀਜ਼ ਦੇ ਨਾਲ ਆਉਣੇ ਸ਼ੁਰੂ ਹੋਏ।

ਉੱਨਤ ਅਰਥਵਿਵਸਥਾਵਾਂ ’ਚ ਮੰਦੀ ਅਤੇ ਭੂ-ਰਾਜਨੀਤਿਕ ਤਣਾਅ ’ਚ ਦੇ ਆਸ-ਪਾਸ ਵਿਸ਼ਲੇਸ਼ਕਾਂ ਦੇ ਨਿਰਾਸ਼ਾਜਨਕ ਅਗਾਊਂ ਅੰਦਾਜ਼ਿਆਂ ਦੇ ਵਿਚਾਲੇ ਇਹ ਨਤੀਜੇ ਆਏ। ਉਦਯੋਗ ਦਿੱਗਜਾਂ ਨੇ ਕਿਹਾ ਕਿ ਉਹ ਗਲੋਬਲ ਆਰਥਿਕਤਾ ਅਤੇ ਸੰਕੇਤਾਂ ’ਤੇ ਨੇੜਿਓਂ ਨਜ਼ਰ ਰੱਖ ਰਹੇ ਹਨ। ਕੁੱਲ ਮਿਲਾ ਕੇ ਟਾਪ ਆਈ. ਟੀ. ਕੰਪਨੀਆਂ ਦਾ ਮਾਲੀਆ ਵਿੱਤੀ ਸਾਲ 2022-23 ਦੀ ਤੀਜੀ ਤਿਮਾਹੀ ’ਚ ਸਾਲਾਨਾ ਆਧਾਰ ’ਤੇ 14-20 ਫੀਸਦੀ ਵਧਿਆ। ਇਸੇ ਤਰ੍ਹਾਂ ਪਿਛਲੀ ਤਿਮਾਹੀ ਦੇ ਮੁਕਾਬਲੇ ਇਹ ਵਾਧਾ 3 ਤੋਂ 8 ਫੀਸਦੀ ਦੇ ਵਿਚਾਲੇ ਰਿਹਾ। ਇਸੇ ਤਰ੍ਹਾਂ ਟਾਪ ਆਈ. ਟੀ. ਕੰਪਨੀਆਂ ਦਾ ਸ਼ੁੱਧ ਲਾਭ ਦਸੰਬਰ ਤਿਮਾਹੀ ’ਚ ਸਾਲਾਨਾ ਆਧਾਰ ’ਤੇ 3 ਫੀਸਦੀ (ਵਿਪਰੋ) ਤੋਂ 19 ਫੀਸਦੀ (ਐੱਚ. ਸੀ. ਐੱਲ. ਟੈੱਕ) ਦੇ ਦਰਮਿਆਨ ਵਧਿਆ। ਪਿਛਲੀ ਤਿਮਾਹੀ ਨਾਲ ਤੁਲਨਾ ਕਰੀਏ ਤਾਂ ਇਹ ਵਾਧਾ 4 ਪ੍ਰਤੀਸ਼ਤ (ਟੀ. ਸੀ. ਐੱਸ.) ਤੋਂ 17 ਪ੍ਰਤੀਸ਼ਤ (ਐੱਚ. ਸੀ. ਐੱਲ. ਟੈੱਕ) ਦੇ ਵਿਚਾਲੇ ਰਿਹਾ। ਸਮੀਖਿਆ ਅਧੀਨ ਤਿਮਾਹੀ ’ਚ ਟੀ. ਸੀ. ਐੱਸ. ਦੀ ਕੁੱਲ ਆਮਦਨ 19.1 ਫੀਸਦੀ ਵਧ ਕੇ 58,229 ਕਰੋੜ ਰੁਪਏ ਹੋ ਗਈ।


author

Harinder Kaur

Content Editor

Related News