ਅਰਥਵਿਵਸਥਾ ਨੂੰ ਉਤਸ਼ਾਹ ਦੇਣ ਲਈ ਹੋਰ ਉਪਰਾਲੇ ਕਰ ਸਕਦੀ ਹੈ ਸਰਕਾਰ
Monday, Jun 21, 2021 - 10:16 AM (IST)

ਨਵੀਂ ਦਿੱਲੀ (ਭਾਸ਼ਾ) - ਮੁੱਖ ਆਰਥਿਕ ਸਲਾਹਕਾਰ (ਸੀ. ਈ. ਏ.) ਕੇ. ਵੀ. ਸੁਬਰਮਨੀਅਮ ਨੇ ਕਿਹਾ ਹੈ ਕਿ ਸਰਕਾਰ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਨਾਲ ਪ੍ਰਭਾਵਿਤ ਅਰਥਵਿਵਸਥਾ ਨੂੰ ਉਤਸ਼ਾਹ ਦੇਣ ਲਈ ਹੋਰ ਉਪਰਾਲੇ ਕਰ ਸਕਦੀ ਹੈ। ਹਾਲਾਂਕਿ, ਇਸ ਦੇ ਨਾਲ ਹੀ ਸੁਬਰਮਨੀਅਮ ਨੇ ਕਿਹਾ ਕਿ ਨਵੇਂ ਇੰਸੈਂਟਿਵ ਪੈਕੇਜ ਦੀ ਮੰਗ ’ਤੇ ਵਿਚਾਰ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਵੱਲੋਂ ਬਜਟ 2021-22 ’ਚ ਕੀਤੇ ਗਏ ਵੱਖ-ਵੱਖ ਉਪਰਾਲਿਆਂ ਦੇ ਦ੍ਰਿਸ਼ਟੀਕੋਨ ’ਚ ਕੀਤਾ ਜਾਵੇਗਾ।
ਕੁਝ ਉਦਯੋਗ ਸੰਗਠਨਾਂ ਨੇ ਸੁਝਾਅ ਦਿੱਤਾ ਹੈ ਕਿ ਅਪ੍ਰੈਲ-ਮਈ ’ਚ ਮਹਾਮਾਰੀ ਦੀ ਦੂਜੀ ਲਹਿਰ ਨਾਲ ਪ੍ਰਭਾਵਿਤ ਅਰਥਵਿਵਸਥਾ ਨੂੰ ਉਭਾਰਨ ਲਈ ਸਰਕਾਰ ਨੂੰ 3 ਲੱਖ ਕਰੋੜ ਰੁਪਏ ਦਾ ਇਨਸੈਂਟਿਵ ਪੈਕੇਜ ਦੇਣਾ ਚਾਹੀਦਾ ਹੈ। ਸੁਬਰਮਨੀਅਮ ਦੀ ਇਹ ਪ੍ਰਤੀਕਿਰਿਆ ਇਨ੍ਹਾਂ ਸੁਝਾਵਾਂ ’ਤੇ ਆਈ ਹੈ। ਰਿਜ਼ਰਵ ਬੈਂਕ ਦੇ ਇਕ ਮੁਲਾਂਕਣ ਅਨੁਸਾਰ ਮਹਾਮਾਰੀ ਦੀ ਦੂਜੀ ਲਹਿਰ ਨਾਲ ਦੇਸ਼ ਨੂੰ ਲੱਗਭਗ 2 ਲੱਖ ਕਰੋਡ਼ ਰੁਪਏ ਦੇ ਉਤਪਾਦਨ ਦਾ ਨੁਕਸਾਨ ਹੋਇਆ ਹੈ।