ਟਰੇਨ ''ਚ ਹੋਇਆ ਸਾਮਾਨ ਚੋਰੀ, ਹੁਣ ਰੇਲਵੇ ਦੇਵੇਗਾ 1.65 ਲੱਖ

Tuesday, Mar 20, 2018 - 10:47 PM (IST)

ਟਰੇਨ ''ਚ ਹੋਇਆ ਸਾਮਾਨ ਚੋਰੀ, ਹੁਣ ਰੇਲਵੇ ਦੇਵੇਗਾ 1.65 ਲੱਖ

ਠਾਣ (ਭਾਸ਼ਾ)-ਟਰੇਨ ਯਾਤਰਾ ਦੌਰਾਨ ਯਾਤਰੀ ਦਾ ਸਾਮਾਨ ਚੋਰੀ ਹੋਣ 'ਤੇ ਖਪਤਕਾਰ ਫੋਰਮ ਨੇ ਕੋਂਕਣ ਰੇਲਵੇ ਕਾਰਪੋਰੇਸ਼ਨ ਨੂੰ ਸ਼ਿਕਾਇਤਕਰਤਾ ਨੂੰ 1.65 ਲੱਖ ਰੁਪਏ ਮੁਆਵਜ਼ਾ ਦੇਣ ਦਾ ਹੁਕਮ ਸੁਣਾਇਆ ਹੈ।


ਕੀ ਹੈ ਮਾਮਲਾ
ਉੱਲਾਸਨਗਰ ਨਿਵਾਸੀ ਵਿਨੋਦ ਨਾਇਕ ਨੇ ਦੱਸਿਆ ਕਿ 14 ਮਈ, 2015 ਨੂੰ ਉਹ ਕੋਚੁਵੇਲੀ-ਮੁੰਬਈ ਲੋਕਮਾਨਿਯ ਤਿਲਕ ਟਰਮੀਨਲ ਐਕਸਪ੍ਰੈੱਸ 'ਚ ਆਪਣੀ ਪਤਨੀ ਅਤੇ 4 ਸਾਲਾ ਬੇਟੀ ਦੇ ਨਾਲ ਯਾਤਰਾ ਕਰ ਰਿਹਾ ਸੀ। ਦੇਰ ਰਾਤ ਕਰੀਬ 2.20 ਵਜੇ ਕਿਸੇ ਨੇ ਟਰੇਨ ਦੀ ਚੇਨ ਖਿੱਚੀ, ਜਿਸ ਕਾਰਨ ਟਰੇਨ ਕੋਲਾਦ ਅਤੇ ਮੰਗਾਵ ਸਟੇਸ਼ਨਾਂ ਵਿਚਾਲੇ 20 ਤੋਂ 25 ਮਿੰਟ ਦੇ ਕਰੀਬ ਰੁਕੀ ਰਹੀ। ਉਨ੍ਹਾਂ ਦੋਸ਼ ਲਾਇਆ ਕਿ ਇਸ ਦੌਰਾਨ ਕੁਝ ਅਣਪਛਾਤੇ ਲੋਕਾਂ ਨੇ ਉਸ ਦੀ ਪਤਨੀ ਦੇ ਸੋਨੇ ਦੇ ਗਹਿਣਿਆਂ ਤੋਂ ਇਲਾਵਾ ਉਸ ਦਾ ਮੋਬਾਇਲ ਅਤੇ ਨਕਦੀ ਲੁੱਟ ਲਈ, ਜਿਸ ਦੀ ਕੁਲ ਕੀਮਤ 2.9 ਲੱਖ ਰੁਪਏ ਸੀ। ਉਸ ਨੇ ਇਸਦੀ ਸ਼ਿਕਾਇਤ ਰੇਲਵੇ 'ਚ ਦਿੱਤੀ ਪਰ ਕੋਈ ਹੱਲ ਨਾ ਹੋਇਆ। ਪ੍ਰੇਸ਼ਾਨ ਹੋ ਕੇ ਵਿਨੋਦ ਨੇ ਖਪਤਕਾਰ ਫੋਰਮ ਦਾ ਦਰਵਾਜ਼ਾ ਖੜਕਾਇਆ।


ਇਹ ਕਿਹਾ ਫੋਰਮ ਨੇ
ਠਾਣੇ ਤੋਂ ਇਲਾਵਾ ਜ਼ਿਲਾ ਖਪਤਕਾਰ ਝਗੜਾ ਨਿਪਟਾਰਾ ਫੋਰਮ ਦੇ ਪ੍ਰਧਾਨ ਏ. ਜ਼ੈੱਡ. ਤੇਲਗੋਟੇ ਅਤੇ ਮੈਂਬਰ ਤਰਿਯੰਬਕ ਏ. ਥੂਲ ਨੇ ਕਿਹਾ ਕਿ ਯਾਤਰਾ ਦੌਰਾਨ ਯਾਤਰੀ ਨੂੰ ਲੋੜੀਂਦੀ ਸੁਰੱਖਿਆ ਮੁਹੱਈਆ ਕਰਵਾਉਣਾ ਰੇਲਵੇ ਦੀ ਜ਼ਿੰਮੇਵਾਰੀ ਹੈ। ਮਾਮਲੇ 'ਤੇ ਫੈਸਲਾ ਸੁਣਾਉਂਦਿਆਂ ਫੋਰਮ ਨੇ ਕੋਂਕਣ ਰੇਲਵੇ ਕਾਰਪੋਰੇਸ਼ਨ ਨੂੰ ਸ਼ਿਕਾਇਤਕਰਤਾ ਨੂੰ ਹੋਏ ਨੁਕਸਾਨ ਲਈ 1 ਲੱਖ ਰੁਪਏ ਦਾ ਭੁਗਤਾਨ ਕਰਨ ਦਾ ਹੁਕਮ ਦਿੱਤਾ। ਇਸ ਤੋਂ ਇਲਾਵਾ ਸ਼ਿਕਾਇਤਕਰਤਾ ਨੂੰ ਮਾਨਸਿਕ ਪ੍ਰੇਸ਼ਾਨੀ ਲਈ 50,000 ਅਤੇ ਅਦਾਲਤੀ ਖਰਚੇ ਲਈ 15,000 ਰੁਪਏ ਭੁਗਤਾਨ ਕਰਨ ਦਾ ਵੀ ਹੁਕਮ ਦਿੱਤਾ ਗਿਆ। ਫੋਰਮ ਨੇ ਕਿਹਾ ਕਿ ਇਹ ਭੁਗਤਾਨ 45 ਦਿਨਾਂ ਦੇ ਅੰਦਰ ਕੀਤਾ ਜਾਵੇ ਨਹੀਂ ਤਾਂ ਇਸ 'ਤੇ 12 ਫ਼ੀਸਦੀ ਸਾਲਾਨਾ ਦੀ ਦਰ ਨਾਲ ਵਿਆਜ ਵੀ ਦੇਣਾ ਪਵੇਗਾ।


Related News