ਨਿਸਾਨ ਦੇ ਸਾਬਕਾ ਚੇਅਰਮੈਨ ''ਤੇ ਲੱਗਾ ਵਿਸ਼ਵਾਸਘਾਤ ਦਾ ਦੋਸ਼
Friday, Jan 11, 2019 - 03:51 PM (IST)

ਟੋਕਿਓ — ਨਿਸਾਨ ਦੇ ਸਾਬਕਾ ਚੇਅਰਮੈਨ ਕਾਰਲੋਸ ਘੋਸਨ 'ਤੇ ਟੋਕਿਓ ਦੀ ਜ਼ਿਲਾ ਅਦਾਲਤ 'ਚ ਸ਼ੁੱਕਰਵਾਰ ਨੂੰ ਵਿਸ਼ਵਾਸਘਾਤ ਦਾ ਦੋਸ਼ ਲੱਗਾ ਹੈ। ਆਪਣੇ ਸਮੇਂ ਦੇ ਦਿੱਗਜ ਕਾਰੋਬਾਰੀ ਲਈ ਇਹ ਵੱਡਾ ਝਟਕਾ ਹੈ। ਘੋਸਨ ਨੂੰ 19 ਨਵੰਬਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਇਸ ਤੋਂ ਪਹਿਲਾਂ ਉਨ੍ਹਾਂ 'ਤੇ ਆਪਣੀ ਵਿੱਤੀ ਰਿਪੋਰਟ ਵਿਚ ਆਪਣੀ ਆਮਦਨ ਨੂੰ ਘੱਟ ਕਰਕੇ ਦੱਸਣ ਦਾ ਦੋਸ਼ ਲੱਗਾ ਸੀ। ਘੋਸਨ, ਨਿਸਾਨ ਦੇ ਇਕ ਹੋਰ ਕਾਰਜਕਾਰੀ ਗ੍ਰੇਗ ਕੇਲੀ ਅਤੇ ਨਿਸਾਨ 'ਤੇ ਸ਼ੁੱਕਰਵਾਰ ਨੂੰ ਵਿੱਤੀ ਸਾਲ 2015 ਤੋਂ 2017 ਵਿਚਕਾਰ ਆਮਦਨ ਨੂੰ ਘੱਟ ਕਰਕੇ ਦੱਸਣ ਦਾ ਇਕ ਹੋਰ ਦੋਸ਼ ਲੱਗਾ। ਘੋਸਨ ਦੇ ਵਕੀਲ ਨੇ ਕਿਹਾ ਕਿ ਉਹ ਆਪਣੇ ਮੁਵਕਿਲ ਦੀ ਜ਼ਮਾਨਤ ਲਈ ਬੇਨਤੀ ਕਰਨਗੇ। ਵਿਸ਼ਵਾਸਘਾਤ ਦੇ ਦੋਸ਼ 'ਚ ਘੋਸਨ ਦੀ ਹਿਰਾਸਤ ਮਿਆਦ ਸ਼ੁੱਕਰਵਾਰ ਨੂੰ ਖਤਮ ਹੋ ਰਹੀ ਸੀ। ਹਾਲਾਂਕਿ ਕੇਲੀ ਅਤੇ ਨਿਸਾਨ 'ਤੇ ਵਿਸ਼ਵਾਸਘਾਤ ਦੇ ਦੋਸ਼ ਨਹੀਂ ਲੱਗੇ ਹਨ।