ਅਮਰੀਕੀ ਫੈਡਰਲ ਰਿਜ਼ਰਵ ਬੈਂਕ ਨੇ ਵਿਆਜ ਦਰਾਂ ਵਿਚ ਕੀਤਾ ਵਾਧਾ
Thursday, Jun 14, 2018 - 10:52 AM (IST)

ਬਿਜ਼ਨਸ ਡੈਸਕ — ਅਮਰੀਕੀ ਫੈਡਰਲ ਰਿਜ਼ਰਵ ਬੈਂਕ ਨੇ ਬੁੱਧਵਾਰ ਦੀ ਰਾਤ ਨੂੰ ਵਿਆਜ ਦਰਾਂ ਵਿਚ ਵਾਧੇ ਦੀ ਘੋਸ਼ਣਾ ਕੀਤੀ ਹੈ। ਫੈਡਰਲ ਰਿਜ਼ਰਵ ਨੇ ਵਿਆਜ ਦਰਾਂ ਵਿਚ 25 ਬੇਸਿਸ ਪਵਾਇੰਟ ਦੇ ਵਾਧੇ ਦਾ ਐਲਾਨ ਕੀਤਾ ਹੈ। ਵਾਧੇ ਦੇ ਐਲਾਨ ਤੋਂ ਬਾਅਦ ਅਮਰੀਕਾ ਵਿਚ ਹੁਣ ਵਿਆਜ ਦੀ ਦਰ 1.75 ਦੀ ਦਰ ਨਾਲ ਫੀਸਦੀ ਵਧ ਕੇ 2 ਫੀਸਦੀ ਤੱਕ ਹੋ ਗਈ ਹੈ।
2018 ਵਿਚ ਦੂਜੀ ਵਾਰ ਵਧਾਈਆ ਵਿਆਜ ਦਰਾਂ
ਸਾਲ 2018 ਵਿਚ ਬੈਂਕ ਨੇ ਦੂਜੀ ਵਾਰ ਵਿਆਜ ਦਰਾਂ ਵਧਾਈਆਂ ਹਨ, ਇਸ ਤੋਂ ਪਹਿਲਾਂ ਮਾਰਚ ਵਿਚ ਵਿਆਜ ਦੀਆਂ ਦਰਾਂ ਵਿਚ ਵਾਧੇ ਦਾ ਫੈਸਲਾ ਲਿਆ ਗਿਆ ਸੀ। ਬੈਂਕ ਨੇ ਵਿਆਜ ਦਰਾਂ ਵਧਾਉਣ ਤੋਂ ਬਾਅਦ ਇਸ ਤਰ੍ਹਾਂ ਦੇ ਸੰਕੇਤ ਦਿੱਤੇ ਸਨ ਕਿ ਇਸ ਸਾਲ ਦੋ ਵਾਰ ਹੋਰ ਵਿਆਜ ਦਰਾਂ ਵਧਾਈਆਂ ਜਾ ਸਕਦੀਆਂ ਹਨ। ਇਸ ਵਾਧੇ ਤੋਂ ਬਾਅਦ ਬੁੱਧਵਾਰ ਨੂੰ ਹੀ ਅਮਰੀਕੀ ਸ਼ੇਅਰ ਬਾਜ਼ਾਰ ਵਿਚ ਗਿਰਾਵਟ ਆ ਗਈ, ਅਮਰੀਕੀ ਸ਼ੇਅਰ ਬਾਜ਼ਾਰ ਡਾਓ ਜੋਂਸ 119.53 ਅੰਕ ਦੀ ਗਿਰਾਵਟ ਨਾਲ 25201.20 'ਤੇ ਬੰਦ ਹੋਇਆ ਹੈ।
ਮਜ਼ਬੂਤੀ ਵੱਲ ਅਮਰੀਕੀ ਅਰਥਵਿਵਸਥਾ
ਫੇਡ ਚੇਅਰਮੈਨ ਜੇਰੋਮ ਐੱਚ. ਪਾਵੇਲ ਨੇ ਕਿਹਾ ਕਿ ਅਮਰੀਕੀ ਆਰਥਿਕਤਾ ਮਜ਼ਬੂਤੀ ਨਾਲ ਅੱਗੇ ਵਧ ਰਹੀ ਹੈ। ਅਮਰੀਕਾ ਵਿਚ ਬੇਰੋਜ਼ਗਾਰੀ ਘਟੀ ਹੈ ਅਤੇ ਲੋਕਾਂ ਦੇ ਖਰਚ ਕਰਨ ਦੀ ਸਮਰੱਥਆ ਵਧੀ ਹੈ। ਅਮਰੀਕਾ 'ਚ 2018 ਲਈ 2 ਫੀਸਦੀ ਮਹਿੰਗਾਈ ਦਰ ਦਾ ਅੰਦਾਜ਼ਾ ਹੈ ਜਦੋਂਕਿ 2018 'ਚ ਅਮਰੀਕਾ ਵਿਚ 2.8 ਫੀਸਦੀ ਵਾਧੇ ਦੀ ਉਮੀਦ ਹੈ। ਫੈਡਰਲ ਰਿਜ਼ਰਵ ਨੂੰ ਇਸ ਸਾਲ 2 ਵਾਰੀ ਅਤੇ 2019 ਵਿਚ 3 ਵਾਰ ਦਰਾਂ ਵਧਣ ਦੀ ਉਮੀਦ ਹੈ।