ਭਾਰਤੀ ਨਿਰਯਾਤ ਨੂੰ ਲੱਗਾ ਇਕ ਹੋਰ ਧੱਕਾ, ਕਾਜੂ ਦੀ ਘਟੀ ਮੰਗ

Monday, Oct 22, 2018 - 10:58 AM (IST)

ਭਾਰਤੀ ਨਿਰਯਾਤ ਨੂੰ ਲੱਗਾ ਇਕ ਹੋਰ ਧੱਕਾ, ਕਾਜੂ ਦੀ ਘਟੀ ਮੰਗ

ਮੁੰਬਈ — ਪਿਛਲੇ ਕੁਝ ਸਾਲਾਂ ਦੌਰਾਨ ਦੇਸ਼ ਦੇ ਕਾਜੂ ਨਿਰਯਾਤ ਵਿਚ ਗਿਰਾਵਟ ਆਈ ਹੈ। ਸਾਲ 2013-14 ਦੌਰਾਨ ਭਾਰਤ ਨੇ ਅਮਰੀਕਾ ਨੂੰ 33,898 ਟਨ(15.05 ਅਰਬ ਰੁਪਏ ਦਾ) ਨਿਰਯਾਤ ਕੀਤਾ ਸੀ ਜਿਹੜਾ ਕਿ 2017-18 'ਚ ਡਿੱਗ ਕੇ 13,179 ਟਨ(9.06 ਅਰਬ ਰੁਪਏ) ਰਹਿ ਗਿਆ। ਸਾਲ 2013-14 ਦੌਰਾਨ ਅਮਰੀਕਾ ਭਾਰਤ ਦੇ ਕਾਜੂ ਨਿਰਯਾਤ ਦਾ ਸਭ ਤੋਂ ਵੱਡਾ ਠਿਕਾਣਾ ਸੀ। 

ਇਸ ਕਾਰਨ ਆ ਰਹੀ ਨਿਰਯਾਤ 'ਚ ਗਿਰਾਵਟ 

ਵੀਅਤਨਾਮ ਵਰਗੇ ਮੁਕਾਬਲੇ ਵਾਲੇ ਮੁਲਕਾਂ ਵਲੋਂ ਸਮਾਨ ਗੁਣਵੱਤਾ ਵਾਲੇ ਉਤਪਾਦ ਬਜ਼ਾਰ ਵਿਚ ਉਤਾਰਨ ਕਾਰਨ ਯੂਰਪੀ ਅਤੇ ਹੋਰ ਪਰੰਪਰਾਗਤ ਦੇਸ਼ਾਂ 'ਚ ਵੀ ਸਪੱਸ਼ਟ ਰੂਪ ਨਾਲ ਗਿਰਾਵਟ ਆਈ ਹੈ। ਭਾਰਤੀ ਕਾਜੂ ਨਿਰਯਾਤ ਪ੍ਰਮੋਸ਼ਨਲ ਕੌਂਸਲ(ਸੀ.ਈ.ਪੀ.ਸੀ.ਆਈ.) ਨੇ ਕਿਹਾ ਕਿ ਉਹ ਇਨ੍ਹਾਂ ਰਵਾਇਤੀ ਬਜ਼ਾਰਾਂ ਵਿਚੋਂ ਗਵਾਈ ਆਪਣੀ ਹਿੱਸੇਦਾਰੀ ਨੂੰ ਫਿਰ ਤੋਂ ਹਾਸਲ ਕਰਨ ਲਈ ਮਾਰਕੀਟਿੰਗ ਰਣਨੀਤੀ ਬਣਾਉਣ ਬਾਰੇ ਵਿਚਾਰ ਕਰ ਰਹੇ ਹਨ।

ਭਾਰਤ ਦੇ ਤੀਜੇ ਵੱਡੇ ਨਿਰਯਾਤ ਦੇਸ਼ ਨੀਦਰਲੈਂਡ ਨੂੰ ਹੋਣ ਵਾਲੇ ਨਿਰਯਾਤ ਦੀ ਮਾਤਰਾ 'ਚ ਗਿਰਾਵਟ ਆਈ ਹੈ ਅਤੇ ਇਹ 2013-14 ਦੇ 9,918 ਟਨ ਤੋਂ ਘੱਟ ਕੇ 2017-18 'ਚ 8,650 ਟਨ ਰਹਿ ਗਿਆ ਹੈ। ਹਾਲਾਂਕਿ ਮੁੱਲ ਦੇ ਲਿਹਾਜ਼ ਨਾਲ ਇਸ ਮਿਆਦ 'ਚ ਇਹ 4.23 ਅਰਬ ਰੁਪਏ ਤੋਂ ਵਧ ਕੇ 5.84 ਅਰਬ ਰੁਪਏ ਹੋ ਗਿਆ ਹੈ।

PunjabKesari

ਹਾਲਾਂਕਿ ਸੰਯੁਕਤ ਅਰਬ ਅਮੀਰਾਤ, ਜਾਪਾਨ ਅਤੇ ਸਾਊਦੀ ਅਰਬ ਨੂੰ ਹੋਣ ਵਾਲੇ ਨਿਰਯਾਤ ਦੀ ਮਾਤਰਾ ਅਤੇ ਮੁੱਲ ਦੋਵਾਂ ਹਿਸਾਬ ਨਾਲ ਵਾਧਾ ਦੇਖਿਆ ਗਿਆ ਹੈ। ਸਾਲ 2017-18 ਦੌਰਾਨ ਸੰਯੁਕਤ ਅਰਬ ਅਮੀਰਾਤ, ਅਮਰੀਕਾ, ਨੀਦਰਲੈਂਡ, ਜਾਪਾਨ ਅਤੇ ਸਾਊਦੀ ਅਰਬ ਭਾਰਤੀ ਕਾਜੂ ਦੇ ਸਭ ਤੋਂ ਵੱਡੇ 5 ਬਜ਼ਾਰ ਸਨ। ਸੀ.ਈ.ਪੀ.ਸੀ.ਆਈ. ਦੇ ਹਿਸਾਬ ਨਾਲ 2016-17 ਦੀ ਤੁਲਨਾ 'ਚ ਕਾਜੂ ਗਿਰੀ ਨਿਰਯਾਤ 'ਚ ਮਾਤਰਾ ਦੇ ਹਿਸਾਬ ਨਾਲ 2.5 ਫੀਸਦੀ ਅਤੇ ਆਮਦਨੀ ਦੇ ਹਿਸਾਬ ਨਾਲ 14 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ। 

ਨਿਰਯਾਤ ਦਾ ਘੱਟ ਹੋਣਾ ਗੰਭੀਰ ਚਿੰਤਾ ਦਾ ਵਿਸ਼ਾ

ਸੀ.ਈ.ਪੀ.ਸੀ.ਆਈ. ਦੇ ਚੇਅਰਮੈਨ ਆਰ.ਕੇ. ਭੂਦੇਸ ਨੇ ਬੈਠਕ ਵਿਚ ਕਿਹਾ ਕਿ ਇਹ ਗੰਭੀਰ ਚਿੰਤਾ ਦਾ ਵਿਸ਼ਾ ਹੈ ਕਿ ਅਸੀਂ ਅਮਰੀਕਾ, ਯੂਰੋਪ ਅਤੇ ਜਾਪਾਨ ਵਰਗੇ ਪਰੰਪਰਾਗਤ ਬਜ਼ਾਰਾਂ ਵਿਚੋਂ ਆਪਣੀ ਹਿੱਸੇਦਾਰੀ ਗਵਾ ਰਹੇ ਹਾਂ। ਪਰੰਪਰਾਗਤ ਬਜ਼ਾਰਾਂ ਵਿਚੋਂ ਆਪਣੀ ਹਿੱਸੇਦਾਰੀ ਵਾਪਸ ਲੈਣ ਲਈ ਵਿਆਪਕ ਰਣਨੀਤੀ ਬਣਾਉਣੀ ਚਾਹੀਦੀ ਹੈ। ਮਾਤਰਾ ਦੇ ਲਿਹਾਜ਼ ਨਾਲ 2017-18 'ਚ ਕੁੱਲ ਨਿਰਯਾਤ ਘੱਟ ਕੇ 84,352 ਟਨ ਹੋ ਗਿਆ ਹੈ ਜਦੋਂਕਿ 2013-14 'ਚ ਇਹ 1,14,791 ਟਨ ਸੀ। ਮੁੱਲ ਦੇ ਹਿਸਾਬ ਨਾਲ ਇਸ ਦੌਰਾਨ ਇਹ 50.58 ਅਰਬ ਰੁਪਏ ਤੋਂ ਵਧ ਕੇ 58.71 ਅਰਬ ਰੁਪਏ ਹੋ ਗਿਆ ਹੈ। ਪਿਛਲੇ ਸਾਲ 2016-17 ਦੇ ਮੁਕਾਬਲੇ ਮਾਤਰਾ ਦੇ ਲਿਹਾਜ਼ ਨਾਲ ਇਸ ਵਿਚ 2.5 ਫੀਸਦੀ, ਰੁਪਏ ਦੇ ਰੂਪ ਵਿਚ 14 ਫੀਸਦੀ ਅਤੇ ਡਾਲਰ ਦੇ ਹਿਸਾਬ ਨਾਲ 18 ਫੀਸਦੀ ਦਾ ਵਾਧਾ ਹੋਇਆ ਹੈ। ਇਸ ਮਿਆਦ 'ਚ 51.68 ਅਰਬ ਰੁਪਏ ਮੁੱਲ (77.1 ਕਰੋੜ ਡਾਲਰ) ਦੀ 82,302 ਟਨ ਕਾਜੂ ਗਿਰੀ ਨਿਰਯਾਤ ਕੀਤੀ ਗਈ।


Related News