14 ਮਹੀਨਿਆਂ 'ਚ ਸਭ ਤੋਂ ਸਸਤਾ ਹੋਇਆ ਪੈਟਰੋਲ, ਜਾਣੋ ਅੱਜ ਦਾ ਭਾਅ
Monday, Mar 16, 2020 - 12:41 PM (IST)
ਨਵੀਂ ਦਿੱਲੀ — ਪਿਛਲੇ ਕੁਝ ਦਿਨਾਂ ਤੋਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿਚ ਭਾਰੀ ਗਿਰਾਵਟ ਦਰਜ ਕੀਤੀ ਜਾ ਰਹੀ ਹੈ। ਸੋਮਵਾਰ ਯਾਨੀ ਕਿ ਅੱਜ ਵੀ ਇਸਦੀਆਂ ਕੀਮਤਾਂ ਵਿਚ ਵੱਡੀ ਰਾਹਤ ਦੇਖਣ ਨੂੰ ਮਿਲੀ। ਪੈਟਰੋਲ ਦੀਆਂ ਕੀਮਤਾਂ ਵਿਚ ਸੋਮਵਾਰ ਨੂੰ 16 ਪੈਸੇ ਪ੍ਰਤੀ ਲੀਟਰ ਦੀ ਕਟੌਤੀ ਕੀਤੀ ਗਈ। ਇਸ ਦੇ ਨਾਲ ਹੀ ਡੀਜ਼ਲ ਦੀ ਕੀਮਤ ਔਸਤਨ 15 ਪੈਸੇ ਪ੍ਰਤੀ ਲੀਟਰ ਘਟਾਈ ਗਈ ਹੈ। ਰਾਜਧਾਨੀ ਦਿੱਲੀ ਦੀ ਗੱਲ ਕਰੀਏ ਤਾਂ ਇਥੇ ਪੈਟਰੋਲ 69.59 ਰੁਪਏ ਪ੍ਰਤੀ ਲਿਟਰ 'ਤੇ ਪਹੁੰਚ ਗਿਆ ਹੈ। 14 ਮਹੀਨੇ 'ਚ ਪਹਿਲੀ ਵਾਰ ਕੀਮਤਾਂ ਵਿਚ ਇੰਨੀ ਵੱਡੀ ਗਿਰਾਵਟ ਦੇਖੀ ਗਈ ਹੈ। ਇਸ ਤੋਂ ਪਹਿਲਾਂ 13 ਜਨਵਰੀ 2019 ਨੂੰ ਦਿੱਲੀ ਵਿਚ ਪੈਟਰੋਲ ਦਾ ਭਾਅ 69.75 ਰੁਪਏ ਪ੍ਰਤੀ ਲਿਟਰ ਸੀ।
ਕੋਰੋਨਾ ਵਾਇਰਸ ਕਾਰਨ ਇੰਟਰਨੈਸ਼ਨਲ ਮਾਰਕਿਟ 'ਚ ਕੱਚੇ ਤੇਲ ਦੀ ਕੀਮਤ ਲਗਾਤਾਰ ਘੱਟ ਰਹੀ ਹੈ ਜਿਸ ਕਾਰਨ ਪਿਛਲੇ ਕੁਝ ਦਿਨਾਂ ਤੋਂ ਪੈਟਰੋਲ-ਡੀਜ਼ਲ ਵੀ ਲਗਾਤਾਰ ਸਸਤਾ ਹੋ ਰਿਹਾ ਹੈ। ਇੰਟਰਨੈਸ਼ਨਲ ਮਾਰਕਿਟ 'ਚ ਕੱਚੇ ਤੇਲ ਦਾ ਭਾਅ 33 ਡਾਲਰ ਪ੍ਰਤੀ ਬੈਰਲ ਤੱਕ ਪਹੁੰਚ ਗਿਆ ਹੈ।
ਦੇਸ਼ ਦੇ ਪ੍ਰਮੁੱਖ ਸ਼ਹਿਰਾਂ ਵਿਚ ਪੈਟਰੋਲ-ਡੀਜ਼ਲ ਦੀਆਂ ਪ੍ਰਤੀ ਲੀਟਰ ਕੀਮਤਾਂ
ਸ਼ਹਿਰ ਪੈਟਰੋਲ ਡੀਜ਼ਲ
ਦਿੱਲੀ 69.59 62.29
ਕੋਲਕਾਤਾ 72.29 64.62
ਮੁੰਬਈ 75.30 65.21
ਚੇਨਈ 72.28 65.71
ਗੁਜਰਾਤ 67.06 65.10
ਹਰਿਆਣਾ 70.30 62.18
ਹਿਮਾਚਲ 71.36 63.00
J&K 71.59 63.41
ਐਕਸਾਈਜ਼ ਡਿਊਟੀ 'ਚ ਕੀਤਾ ਵਾਧਾ
ਹਾਲ ਹੀ ਵਿਚ ਕੇਂਦਰ ਸਰਕਾਰ ਨੇ ਪੈਟਰੋਲ ਅਤੇ ਡੀਜ਼ਲ 'ਤੇ ਐਕਸਾਈਜ਼ ਡਿਊਟੀ ਵਿਚ ਤਿੰਨ ਰੁਪਏ ਪ੍ਰਤੀ ਲੀਟਰ ਵਾਧਾ ਕਰਨ ਦਾ ਫੈਸਲਾ ਕੀਤਾ ਹੈ। ਪੈਟਰੋਲ 'ਤੇ ਵਿਸ਼ੇਸ਼ ਐਕਸਾਈਜ਼ ਡਿਊਟੀ 2 ਰੁਪਏ ਪ੍ਰਤੀ ਲੀਟਰ ਵਧਾ ਕੇ 8 ਰੁਪਏ ਕਰ ਦਿੱਤੀ ਗਈ ਹੈ, ਜਦੋਂਕਿ ਡੀਜ਼ਲ 'ਤੇ ਇਹ ਡਿਊਟੀ 2 ਰੁਪਏ ਤੋਂ ਵਧਾ ਕੇ 4 ਰੁਪਏ ਪ੍ਰਤੀ ਲੀਟਰ ਕਰ ਦਿੱਤੀ ਗਈ ਹੈ। ਇਸ ਤੋਂ ਇਲਾਵਾ ਪੈਟਰੋਲ ਅਤੇ ਡੀਜ਼ਲ 'ਤੇ ਰੋਡ ਸੈੱਸ ਵੀ 1 ਰੁਪਏ ਪ੍ਰਤੀ ਲੀਟਰ ਤੋਂ ਵਧਾ ਕੇ 10 ਰੁਪਏ ਕਰ ਦਿੱਤਾ ਗਿਆ ਹੈ।
ਉਦਯੋਗਿਕ ਸੂਤਰਾਂ ਅਨੁਸਾਰ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਕਟੌਤੀ ਲਾਭ ਆਮ ਲੋਕਾਂ ਨੂੰ ਜ਼ਿਆਦਾ ਹੋ ਸਕਦਾ ਸੀ ਪਰ ਸਰਕਾਰ ਨੇ ਸ਼ਨੀਵਾਰ ਨੂੰ ਪੈਟਰੋਲ-ਡੀਜ਼ਲ 'ਤੇ ਐਕਸਾਈਜ਼ ਡਿਊਟੀ 'ਚ ਤਿੰਨ ਰੁਪਏ ਪ੍ਰਤੀ ਲੀਟਰ ਦਾ ਵਾਧਾ ਕਰ ਦਿੱਤਾ ਹੈ। ਪੈਟਰੋਲੀਅਮ ਕੰਪਨੀਆਂ ਦਾ ਕਹਿਣਾ ਹੈ ਕਿ ਉਹ ਪ੍ਰਚੂਨ ਕੀਮਤਾਂ ਵਿਚ ਕਟੌਤੀ ਘੱਟ ਰੱਖ ਰਹੀਆਂ ਹਨ ਕਿਉਂਕਿ ਇਨ੍ਹਾਂ 'ਤੇ ਐਕਸਾਈਜ਼ ਡਿਊਟੀ ਨੂੰ ਵਧਾਇਆ ਗਿਆ ਹੈ। ਉਨ੍ਹਾਂ ਨੂੰ ਜਿਹੜਾ ਲਾਭ ਹੋਇਆ ਹੈ ਉਸਨੂੰ ਮੁੱਲ ਵਾਧੇ ਨਾਲ ਮਿਲਾਇਆ ਗਿਆ ਹੈ। ਐਕਸਾਈਜ਼ ਡਿਊਟੀ 'ਚ ਵਾਧੇ ਕਾਰਨ ਅਜਿਹਾ ਕਰਨਾ ਜ਼ਰੂਰੀ ਹੋ ਗਿਆ ਸੀ।
ਜ਼ਿਕਰਯੋਗ ਹੈ ਕਿ ਸਰਕਾਰ ਵਲੋਂ ਸ਼ਨੀਵਾਰ ਨੂੰ ਪੈਟਰੋਲ ਅਤੇ ਡੀਜ਼ਲ 'ਤੇ ਐਕਸਾਈਜ਼ ਡਿਊਟੀ ਵਧਾਉਣ ਦੇ ਫੈਸਲੇ ਨਾਲ ਉਸਨੂੰ 39,000 ਕਰੋੜ ਰੁਪਏ ਦਾ ਵਾਧੂ ਮਾਲੀਆ ਮਿਲੇਗਾ।