ਮੁਰੰਮਤ ਲਈ ਆਈ ਕਾਰ ਦਾ ਹੋਇਆ ਐਕਸੀਡੈਂਟ, ਹੁਣ ਏਜੰਸੀ ਦੇਵੇਗੀ ਮੁਆਵਜ਼ਾ

07/21/2017 1:31:36 AM

ਗੁਰਦਾਸਪੁਰ- ਜ਼ਿਲਾ ਖਪਤਕਾਰ ਸ਼ਿਕਾਇਤ ਨਿਵਾਰਨ ਫੋਰਮ ਨੇ ਮੁਰੰਮਤ ਲਈ ਆਈ ਕਾਰ ਨੂੰ ਵਰਕਸ਼ਾਪ ਕਰਮਚਾਰੀਆਂ ਵੱਲੋਂ ਗ਼ੈਰ-ਕਾਨੂੰਨੀ ਢੰਗ ਨਾਲ ਚਲਾ ਕੇ ਲਿਜਾਣ ਅਤੇ ਕਾਰ ਦਾ ਐਕਸੀਡੈਂਟ ਹੋਣ 'ਤੇ ਏਜੰਸੀ ਨੂੰ ਕਾਰ ਮਾਲਕ ਨੂੰ ਵਾਹਨ ਦਾ ਪੂਰਾ ਮੁੱਲ ਅਤੇ 50,000 ਰੁਪਏ ਮੁਆਵਜ਼ਾ ਅਦਾ ਕਰਨ ਦਾ ਹੁਕਮ ਸੁਣਾਇਆ। 
ਪ੍ਰੇਮ ਕੁਮਾਰ ਪੁੱਤਰ ਪੂਰਨ ਚੰਦ ਨਿਵਾਸੀ ਡਲਹੌਜ਼ੀ ਨੇ ਆਪਣੀ ਕਾਰ ਫਾਕਸਵੈਗਨ ਵੈਂਟੋ ਮਾਡਲ 2013 ਦਾ ਏ. ਸੀ. ਖ਼ਰਾਬ ਹੋਣ ਕਾਰਨ ਉਸ ਨੂੰ ਮੁਰੰਮਤ ਲਈ 21 ਜੂਨ 2016 ਨੂੰ ਮੈਸ. ਸੀ. ਪੀ. ਐੱਲ. ਕਾਰਸ ਪ੍ਰਾਈਵੇਟ ਲਿਮਟਿਡ ਪਠਾਨਕੋਟ ਨੂੰ ਦਿੱਤੀ। ਏਜੰਸੀ ਨੇ ਜ਼ਿਆਦਾ ਨੁਕਸ ਹੋਣ ਕਾਰਨ ਕਾਰ ਕੁੱਝ ਦਿਨ ਬਾਅਦ ਮੁਰੰਮਤ ਕਰ ਦੇਣ ਦੀ ਗੱਲ ਕੀਤੀ ਪਰ 1 ਜੁਲਾਈ 2016 ਨੂੰ ਉਸ ਨੂੰ ਕਿਸੇ ਨੇ ਸੂਚਿਤ ਕੀਤਾ ਕਿ ਉਸਦੀ ਕਾਰ ਦਾ ਐਕਸੀਡੈਂਟ ਹੋ ਗਿਆ ਹੈ ਅਤੇ ਕਾਰ ਦੇ ਹੇਠਾਂ ਆਉਣ ਨਾਲ 2 ਵਿਅਕਤੀ ਮਾਰੇ ਗਏ ਹਨ। ਕਾਰ ਪਠਾਨਕੋਟ-ਜਲੰਧਰ ਸੜਕ 'ਤੇ ਬਾਈਪਾਸ 'ਤੇ ਖੜ੍ਹੀ ਹੈ। ਇਸ ਸੰਬੰਧੀ ਜਦੋਂ ਏਜੰਸੀ ਮਾਲਕਾਂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਕਾਰ ਨੂੰ ਵਰਕਸ਼ਾਪ ਦੇ ਕਰਮਚਾਰੀ ਲੈ ਗਏ ਸਨ ਅਤੇ ਐਕਸੀਡੈਂਟ ਹੋ ਗਿਆ। ਇਸ ਦੌਰਾਨ ਪਟੀਸ਼ਨਕਰਤਾ ਨੇ ਏਜੰਸੀ ਨੂੰ ਉਸ ਦੀ ਕਾਰ ਦੀ ਕੀਮਤ ਅਦਾ ਕਰਨ ਲਈ ਕਿਹਾ ਪਰ ਕੋਈ ਸਮਝੌਤਾ ਨਹੀਂ ਹੋ ਸਕਿਆ। ਫੋਰਮ 'ਚ ਕਾਰ ਮਾਲਕ ਪ੍ਰੇਮ ਕੁਮਾਰ ਦੇ ਬੇਟੇ ਸੌਰਵ ਮਹਿਰਾ ਨੇ ਆਪਣੇ ਪਿਤਾ ਦੇ ਅਧਿਕਾਰ ਪੱਤਰ ਦੇ ਆਧਾਰ 'ਤੇ ਪਟੀਸ਼ਨ ਦਰਜ ਕੀਤੀ।
ਦੋਵਾਂ ਪੱਖਾਂ ਦੇ ਵਕੀਲਾਂ ਦੀ ਸੁਣਵਾਈ ਤੋਂ ਬਾਅਦ ਫੋਰਮ ਨੇ ਏਜੰਸੀ ਮੈਸ. ਸੀ. ਪੀ. ਐੱਲ. ਕਾਰਸ ਪ੍ਰਾਈਵੇਟ ਲਿਮਟਿਡ ਪਠਾਨਕੋਟ ਨੂੰ ਕਾਰ ਦੀ ਪੂਰੀ ਕੀਮਤ 9 ਲੱਖ 26 ਹਜ਼ਾਰ 207 ਰੁਪਏ ਅਤੇ 50 ਹਜ਼ਾਰ ਰੁਪਏ ਮੁਆਵਜ਼ਾ 30 ਦਿਨਾਂ ਦੇ ਅੰਦਰ ਦੇਣ ਦਾ ਹੁਕਮ ਸੁਣਾਇਆ। ਜੇਕਰ ਨਿਰਧਾਰਤ ਸਮੇਂ 'ਚ ਇਹ ਰਾਸ਼ੀ ਅਦਾ ਨਹੀਂ ਕੀਤੀ ਜਾਂਦੀ ਤਾਂ ਇਹ ਰਾਸ਼ੀ ਪਟੀਸ਼ਨ ਦਰਜ ਕਰਨ ਵਾਲੇ ਦਿਨ ਤੋਂ ਹੀ 9 ਫ਼ੀਸਦੀ ਵਿਆਜ ਦਰ 'ਤੇ ਅਦਾ ਕਰਨੀ ਹੋਵੇਗੀ।


Related News